ਕਰਾਚੀ- ਪਾਕਿਸਤਾਨ ਵਿੱਚ ਦੋ ਸਥਾਨਾਂ ਤੇ ਅੱਗ ਲਗਣ ਨਾਲ 314 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਕਰਾਚੀ ਦੀ ਇੱਕ ਕਪੜਾ ਫੇਕਟਰੀ ਅਤੇ ਲਾਹੌਰ ਦੀ ਜੁੱਤੀਆਂ ਬਣਾਉਣ ਦੀ ਇੱਕ ਯੂਨਿਟ ਵਿੱਚ ਅੱਗ ਲਗ ਗਈ।ਪਾਕਿਸਤਾਨ ਦੀ ਹਿਸਟਰੀ ਵਿੱਚ ਅੱਗ ਲਗਣ ਦੀਆਂ ਸੱਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇਸ ਨੂੰ ਇੱਕ ਮੰਨਿਆ ਜਾ ਰਿਹਾ ਹੈ।
ਕਰਾਚੀ ਦੇ ਬਾਲਦਿਆ ਟਾਊਨ ਵਿੱਚ ਇੱਕ ਬਹੁਮੰਜਿਲੀ ਕਪੜਾ ਫੈਕਟਰੀ ਵਿੱਚ ਲਗੀ ਅੱਗ ਨਾਲ 200 ਤੋਂ ਉਪਰ ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਮਚਾਰੀ ਫੈਕਟਰੀ ਦੀ ਛੱਤ ਅਤੇ ਬੇਸਮੈਂਟ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਰਾਤਭਰ ਤੋਂ ਅੱਗ ਲਗੀ ਹੋਈ ਹੈ। ਰਾਤ ਤੋਂ ਹੀ 40 ਅੱਗ ਬੁਝਾਉਣ ਵਾਲੇ ਦਸਤੇ ਅੱਗ ਤੇ ਕਾਬੂ ਕਰਨ ਦਾ ਪੂਰਾ ਯਤਨ ਕਰ ਰਹੇ ਹਨ। ਲੋਕ ਛੱਤ ਤੋਂ ਛਾਲਾਂ ਮਾਰ ਰਹੇ ਸਨ ਅਤੇ ਕੁਝ ਲੋਕ ਖਿੜਕੀਆਂ ਵਿੱਚ ਲਟਕੇ ਹੋਏ ਸਨ। ਫੈਕਟਰੀ ਦੀਆਂ ਖਿੜਕੀਆਂ ਤੇ ਲੋਹੇ ਦੀ ਜਾਲੀ ਲਗੀ ਹੋਣ ਕਰਕੇ ਬਾਹਰ ਨਿਕਲਣ ਦਾ ਵਸੀਲਾ ਨਹੀਂ ਸੀ।
ਕਰਾਚੀ ਦੀ ਫੈਕਟਰੀ ਵਿੱਚ ਜਿਸ ਸਮੇਂ ਅੱਗ ਲਗੀ, ਉਸ ਸਮੇਂ 1600 ਕਰਮਚਾਰੀ ਫੈਕਟਰੀ ਵਿੱਚ ਮੌਜੂਦ ਸਨ। ਕੁਝ ਲੋਕ ਇਸ ਬਹੁਮੰਜਿਲੀ ਇਮਾਰਤ ਵਿੱਚ ਫਸ ਗਏ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ।ਅੱਗ ਲਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ। ਇਹ ਸ਼ਕ ਹੀ ਕੀਤਾ ਜਾ ਰਿਹਾ ਹੈ ਕਿ ਅੱਗ ਲਗਣ ਦੀ ਵਜ੍ਹਾ ਸ਼ਾਰਟ ਸਰਕਟ ਵੀ ਹੋ ਸਕਦੀ ਹੈ।
ਲਾਹੌਰ ਦੀ ਇੱਕ ਜੁੱਤੀਆਂ ਬਣਾਉਣ ਦੀ ਫੈਕਟਰੀ ਵਿੱਚ ਵੀ ਇਸ ਤੋਂ ਪਹਿਲਾਂ ਅੱਗ ਲਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਹੈ। ਲਾਹੌਰ ਦੀ ਫੈਕਟਰੀ ਵਿੱਚ ਅੱਗ ਉਸ ਸਮੇਂ ਲਗੀ ਜਦੋਂ ਬਿਜਲੀ ਬੰਦ ਹੋ ਜਾਣ ਤੇ ਜੈਨਰੇਟਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਫੈਕਟਰੀ ਵਿੱਚ ਪਏ ਕੁਝ ਰਸਾਇਣਾਂ ਨੂੰ ਅੱਗ ਲਗ ਗਈ।ਰਸਾਇਣ ਅਤੇ ਜਨਰੇਟਰ ਗੈਰਾਜ ਵਿੱਚ ਰੱਖੇ ਹੋਏ ਸਨ ਅਤੇ ਬਿਲਡਿੰਗ ਵਿੱਚੋਂ ਬਾਹਰ ਜਾਣ ਦਾ ਰਸਤਾ ਵੀ ਗੈਰਾਜ ਵਿੱਚੋਂ ਹੀ ਸੀ।