ਲੁਧਿਆਣਾ : ਅੰਤਰਰਾਸ਼ਟਰੀ ਪੱਧਰ ਦੇ ਖੇਤੀਬਾੜੀ ਅਰਥ ਸ਼ਾਸਤਰੀ, ਨੀਤੀਵਾਨ ਅਤੇ ਪਦਮ ਭੂਸ਼ਣ ਵਿਜੇਤਾ ਡਾ: ਸਰਦਾਰਾ ਸਿੰਘ ਜੌਹਲ ਨੂੰ ਪੰਜਾਬ ਦੀ ਬਠਿੰਡਾ ਵਿਖੇ ਸਥਿਤ ਸੈਂਟਰਲ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ ਪੰਜ ਸਾਲਾ ਲਈ ਦੇਸ਼ ਦੇ ਰਾਸ਼ਟਰਪਤੀ ਵੱਲੋਂ ਥਾਪਿਆ ਗਿਆ ਹੈ। ਡਾ: ਜੌਹਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਵਾਂਸਲਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਡਾ: ਜੌਹਲ ਵੱਲੋਂ ਖੇਤੀਬਾੜੀ ਲਾਗਤਾਂ ਅਤੇ ਮੁੱਲ ਨਿਰਧਾਰਤ ਕਰਨ ਵਾਲੇ ਕਮਿਸ਼ਨ ਦੇ ਚੇਅਰਮੈਨ, ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਭਾਰਤ ਦੇ ਚਾਰ ਪ੍ਰਧਾਨ ਮੰਤਰੀਆਂ ਦੇ ਆਰਥਿਕ ਨੀਤੀਆਂ ਦੇ ਸਲਾਹਕਾਰ, ਭਾਰਤੀ ਰਿਜਰਵ ਬੈਂਕ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਤੇ ਪੰਜਾਬ ਸਟੇਟ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਡਾ: ਜੌਹਲ ਦੀ ਇਸ ਵੱਕਾਰੀ ਉਪਲੱਬਧੀ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਵਡਮੁੱਲੇ ਸਨਮਾਨ ਨਾਲ ਸਿਰਫ ਇਸ ਯੂਨੀਵਰਸਿਟੀ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਹੋਇਆ ਹੈ। ਅੰਤਰ ਰਾਸ਼ਟਰੀ ਪੱਧਰ ਤੇ ਕਈ ਨਾਮੀ ਅਦਾਰਿਆਂ ਵੱਲੋਂ ਡਾ: ਜੌਹਲ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਡਾ ਢਿੱਲੋਂ ਨੇ ਦੱਸਿਆ ਕਿ ਡਾ: ਜੌਹਲ ਅੰਤਰ ਰਾਸ਼ਟਰੀ ਭੋਜਨ ਸੰਸਥਾ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਣਗਿਣਤ ਉਪਲਬੱਧੀਆਂ ਤੋਂ ਇਲਾਵਾ ਡਾ: ਜੌਹਲ ਸਾਹਿਤ ਦੇ ਖੇਤਰ ਵਿੱਚ ਵੀ ਜਾਣੀ ਪਛਾਣੀ ਸਖਸ਼ੀਅਤ ਹਨ। ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਵਜੋਂ ਵੀ ਆਪਣੀਆਂ ਸੇਵਾਵਾਂ ਡਾ: ਜੌਹਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਦੇ ਚੁੱਕੇ ਹਨ।
ਡਾ: ਜੌਹਲ ਦਾ ਜਨਮ ਪੱਛਮੀ ਪਾਕਿਸਤਾਨ ਦੇ ਲਾਇਲਪੁਰ ਦੇ ਜ਼ਿਲ੍ਹੇ ਵਿੱਚ ਹੋਇਆ ਅਤੇ ਉਨ੍ਹਾਂ ਆਪਣੀ ਉਚੇਰੀ ਵਿੱਦਿਆ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਸ਼ਾਮਿਲ ਹੋਏ ਅਤੇ 1965 ਵਿੱਚ ਆਰਥਿਕ ਅਤੇ ਸਮਾਜਿਕ ਵਿਗਿਆਨ ਸ਼ਾਸਤਰ ਵਿਭਾਗ ਦੇ ਮੁਖੀ ਬਣੇ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਅਨੇਕਾਂ ਖੋਜ ਪੱਤਰ ਅਤੇ ਕਿਤਾਬਾਂ ਦੀ ਰਚਨਾ ਕੀਤੀ। ਉਨ੍ਹਾਂ ਦੀ ਲਿਖੀ ਕਿਤਾਬ ‘‘ਰੰਗਾਂ ਦੀ ਗਾਗਰ’’ ਕਈ ਅੰਤਰ ਰਾਸ਼ਟਰੀ ਜ਼ੁਬਾਨਾਂ ਵਿੱਚ ਅਨੁਵਾਦ ਵੀ ਕੀਤੀ ਗਈ। ਉਨ੍ਹਾਂ ਵੱਲੋਂ ਪੰਜਾਬ ਵਿੱਚ ਬਿਜਲੀ ਦੀ ਸੁਚੱਜੀ ਖਪਤ, ਖੇਤੀ ਵਿਭਿੰਨਤਾ ਅਤੇ ਪੰਜਾਬ ਵਿੱਚ ਪੈਦਾਵਾਰ ਵਧਾਉਣ ਸੰਬੰਧੀ ਕੀਤੀਆਂ ਸਿਫਾਰਸ਼ਾਂ ਬਹੁਤ ਮੁੱਲਵਾਨ ਅੱਜ ਵੀ ਸਿੱਧ ਹੋ ਰਹੀਆਂ ਹਨ।
ਡਾ: ਜੌਹਲ ਦੇ ਇਸ ਵੱਕਾਰੀ ਸਨਮਾਨ ਹਾਸਿਲ ਕਰਨ ਤੇ ਯੂਨੀਵਰਸਿਟੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਡਾ: ਸਰਦਾਰਾ ਸਿੰਘ ਜੌਹਲ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਨਿਯੁਕਤ
This entry was posted in ਪੰਜਾਬ.