ਅੰਮ੍ਰਿਤਸਰ: ਜੰਮੂ ਕਸ਼ਮੀਰ ਦੇ ਲੇਹ-ਲਦਾਖ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਪੱਥਰ ਸਾਹਿਬ ਤੇ ਦਾਤਣ ਸਾਹਿਬ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਿਤ ਚਾਰ ਮੈਂਬਰੀ ਟੀਮ ਰਵਾਨਾ ਹੋ ਚੁੱਕੀ ਹੈ ਇਹ ਟੀਮ ਲਗਭਗ ਇਕ ਹਫਤਾ ਉਥੇ ਠਹਿਰੇਗੀ ਤੇ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਮੁਕੰਮਲ ਰੀਪੋਰਟ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ। ਜਾਂਚ ਟੀਮ ਚ ਸ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਸਤਿਬੀਰ ਸਿੰਘ ਐਡੀ: ਸਕੱਤਰ, ਸ. ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਤੇ ਸ. ਪਰਮਿੰਦਰ ਸਿੰਘ ਇੰਚਾਰਜ ਯਾਤਰਾ ਸ਼ਾਮਲ ਹਨ।
ਗੁਰਦੁਆਰਾ ਪੱਥਰ ਸਾਹਿਬ ਜੋ ਲੇਹ ਸ਼ਹਿਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਹੈ ਦਾ ਪ੍ਰਬੰਧ ਭਾਰਤੀ ਫੌਜ ਪਾਸ ਹੈ ਇਹ ਗੁਰਦੁਆਰਾ ਸਿੱਖ ਕੌਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਅਤੇ ਗੁਰਦੁਆਰਾ ਦਾਤਣ ਸਾਹਿਬ ਵੀ ਇਤਿਹਾਸਕ ਗੁਰਦੁਆਰਾ ਹੈ। ਇਨ੍ਹਾਂ ਬਾਰੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸ਼ਿਕਾਇਤਾਂ ਪੁੱਜੀਆਂ ਸਨ ਕਿ ਇਥੇ ਪ੍ਰਬੰਧ ਅਤੇ ਮਰਯਾਦਾ ਦਾ ਪਾਲਣ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ ਹੈ। ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਮਰਯਾਦਾ ਅਤੇ ਇਮਾਰਤ ਦੀ ਸਥਿਤੀ ਜਾਇਜ਼ਾ ਲੈ ਕੇ ਦਾ ਜਾਂਚ ਟੀਮ ਵਾਪਸੀ ਉਪਰੰਤ ਮੁਕੰਮਲ ਰੀਪੋਰਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇਗੀ