ਨਵੀਂ ਦਿੱਲੀ : ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਵਲੋਂ ਬੀਤੇ ਦਿਨੀਂ ਸਰਨਾ-ਭਰਾਵਾਂ ਦੇ ਘੁਟਾਲੇ ਉਜਾਗਰ ਕਰਨ ਦੇ ਕੀਤੇ ਗਏ ਦਾਅਵੇ ਪੁਰ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰੈਸ ਸਕਤੱਰ ਸ. ਹਰਭਜਨ ਸਿੱੰਘ ਸੇਠੀ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਦਿੱਲੀ ਦੇ ਇਹ ਮੁੱਖੀ ਬੀਤੇ ਤਕਰੀਬਨ ਬਾਰਾਂ ਵਰ੍ਹਿਆਂ ਤੋਂ ਸਰਨਾ-ਭਰਾਵਾਂ ਦੇ ਘੁਟਾਲੇ ਉਜਾਗਰ ਕਰਨ ਦੇ ਦਾਅਵੇ ਕਰ, ਆਪਣੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਦੇ ਚਲੇ ਆ ਰਹੇ ਹਨ, ਪ੍ਰੰਤੂ ਅਜ ਤਕ ਉਹ ਇੱਕ ਵੀ ਘੁਟਾਲਾ ਸਾਬਤ ਨਹੀਂ ਕਰ ਸਕੇ। ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਸ. ਸੇਠੀ ਨੇ ਦਸਿਆ ਕਿ ਕਾਫੀ ਸਮਾਂ ਪਹਿਲਾਂ ਇਨ੍ਹਾਂ, ਬਾਦਲਕਿਆਂ ਨੇ ਇਸ ਦਾਅਵੇ ਦੇ ਪੋਸਟਰਾਂ ਨਾਲ ਦਿੱਲੀ ਦੀਆਂ ਦੀਵਾਰਾਂ ਭਰ ਦਿੱਤੀਆਂ ਸਨ ਕਿ ਉਹ ਅਗਲੇ 48 ਘੰਟਿਆਂ ਵਿੱਚ ਸਰਨਾ-ਭਰਾਵਾਂ ਦੇ ਘੁਟਾਲਿਆਂ ਦੇ ਸਬੂਤ ਪੇਸ਼ ਕਰਨਗੇ, ਪਰ ਉਹ ਅਜੇ ਤਕ 48 ਘੰਟੇ ਤਾਂ ਕੀ, 48 ਹਫਤੇ ਬੀਤ ਜਾਣ ਤੇ ਵੀ ਕੋਈ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕੇ।
ਸ. ਹਰਭਜਨ ਸਿੰਘ ਸੇਠੀ ਨੇ ਕਿਹਾ ਕਿ ਆਪਣੀਆਂ ਫੋਟੋਆਂ ਅਤੇ ਨਾਂ ਛਪਵਾਉਣ ਲਈ ਝੂਠ ਤੇ ਕੁਫਰ ਦਾ ਸਹਾਰਾ ਲੈਂਦਿਆਂ ਰਹਿਣਾ, ਦਿੱਲੀ ਦੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਫਿਤਰਤ ਬਣ ਚੁਕੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਦਲ ਦਲ ਦੇ ਇਨ੍ਹਾਂ ਮੁੱਖੀਆਂ ਨੂੰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿੱਚਲੇ ਆਪਣੀ ਪਾਰਟੀ ਦੇ ਉਨ੍ਹਾਂ ਵਜ਼ੀਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਨ੍ਹਾਂ ਮੁੱਖੀਆਂ ਦੇ ਨਿਤ ਨਵੇਂ ਤੋਂ ਨਵੇਂ ਉਜਾਗਰ ਹੋ ਰਹੇ ਘੁਟਾਲੇ ਨਜ਼ਰ ਨਹੀਂ ਆ ਰਹੇ, ਜਿਨ੍ਹਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੇ ਪ੍ਰਭਾਵ ਦੀ ਵਰਤੋਂ ਕਰ ਬਚਾਂਦੇ ਚਲੇ ਆ ਰਹੇ ਹਨ। ਸ. ਸੇਠੀ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਉਹ ਘੁਟਾਲਿਆਂ ਵਿੱਚ ਫਸ ਗਏ ਤਾਂ ਉਹ ਉਨ੍ਹਾਂ ਵਲੋਂ ਕੀਤੇ ਗਏ ਹੋਏ ਅੰਤ-ਹੀਨ ਘੁਟਾਲਿਆਂ ਨੂੰ ਉਜਾਗਰ ਕਰ ਦੇਣਗੇ। ਸ. ਸੇਠੀ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੇ ਇਨ੍ਹਾਂ ਮੁੱਖੀਆਂ ਨੂੰ ਇਸ ਗਲ ਦੀ ਵੀ ਪਰਵਾਹ ਜਾਂ ਚਿੰਤਾ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛੱਤਰ-ਛਾਇਆ ਹੇਠ ਪੰਜਾਬ ਦਾ ਨੱਬੇ ਪ੍ਰਤੀਸ਼ਤ ਤੋਂ ਵੱਧ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਨਸ਼ਿਆਂ ਦਾ ਸ਼ਿਕਾਰ ਹੋ ਆਪਣੀ ਜਵਾਨੀ ਬਰਬਾਦ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਇਥੋਂ ਤਕ ਕਿ ਸ਼੍ਰੋਮਣੀ ਕਮੇਟੀ ਦੀ ਨੱਕ ਹੇਠ, ਸ੍ਰੀ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸਿੱਖੀ-ਸਰੂਪ ਦੇ ਅਨੇਕਾਂ ਧਾਰਣੀ ਆਪਣੇ ਗਲ ਵਿੱਚ ‘ਕ੍ਰਾਸ’ ਦਾ ਚਿੰਨ੍ਹ ਲਟਕਾਈ ਸ਼ਰੇ-ਆਮ ਇਹ ਅਹਿਸਾਸ ਕਰਵਾ ਰਹੇ ਹਨ ਕਿ ਉਹ ਸਿੱਖੀ ਦਾ ਤਿਆਗ ਕਰ ਇਸਾਈਅਤ ਦੇ ਪੈਰੋਕਾਰ ਬਣ ਚੁਕੇ ਹੋਏ ਹਨ। ਸ. ਸੇਠੀ ਨੇ ਕਿਹਾ ਕਿ ਜੇ ਇਨ੍ਹਾਂ ਵਿੱਚ ਜ਼ਰਾ ਜਿੰਨਾ ਵੀ ਸਿੱਖੀ ਦਾ ਦਰਦ ਹੁੰਦਾ ਤਾਂ ਇਹ ਪੰਜਾਬ ਵਿੱਚ ਹੋ ਰਹੇ ਸਿੱਖੀ ਦੇ ਘਾਣ ਪੁਰ ਘਟੋ-ਘਟ ਦੋ ਅਥਰੂ ਤਾਂ ਵਹਾ ਹੀ ਸਕਦੇ ਸਨ। ਪਰ ਇਹ ਲੋਕੀ ਤਾਂ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣ ਲਈ ਆਪਣੀ ਜ਼ਮੀਰ ਤਕ ਨੂੰ ਗਹਿਣੇ ਰਖ ਬੈਠੇ ਹੋਏ ਹਨ।