ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹਣ ਤੋਂ ਇਨਕਾਰ ਕਰਦੀ ਆ ਰਹੀ ਸਰਕਾਰ ਨੇ ਹੁਣ ਸੁਪਰੀਮ ਕੋਰਟ ਅੱਗੇ ਗੋਡੇ ਟੇਕ ਦਿੱਤੇ ਹਨ। ਪਾਕਿਸਤਾਨ ਦੀ ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਇਹ ਸੰਕੇਤ ਦਿੱਤੇ ਹਨ ਕਿ ਜਰਦਾਰੀ ਸਬੰਧੀ ਮਾਮਲੇ ਫਿਰ ਤੋਂ ਖੁਲਵਾਏ ਜਾ ਸਕਦੇ ਹਨ।
ਪਾਕਿਸਤਾਨੀ ਪ੍ਰਧਾਨਮੰਤਰੀ ਪਰਵੇਜ਼ ਅਸ਼ਰੱਫ਼ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਦਸਿਆ ਕਿ ਸਰਕਾਰ ਜਰਦਾਰੀ ਦੇ ਖਿਲਾਫ਼ ਕੇਸ ਬੰਦ ਕਰਨ ਦੇ ਲਈ ਸਵਿਸ ਅਧਿਕਾਰੀਆਂ ਨੂੰ ਲਿਖੀ ਗਈ ਇੱਕ ਚਿੱਠੀ ਨੂੰ ਰੱਦ ਕਰ ਦੇਵੇਗੀ। ਇਹ ਚਿੱਠੀ 2007 ਵਿੱਚ ਸਾਬਕਾ ਅਟਾਰਨੀ ਜਨਰਲ ਮਲਿਕ ਕਿਊਮ ਨੇ ਲਿਖੀ ਸੀ। ਸਰਕਾਰ ਦੇ ਇਸ ਫੈਸਲੇ ਨਾਲ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਕੇਸ ਦੁਬਾਰਾ ਖੋਲ੍ਹਣ ਦਾ ਰਸਤਾ ਸਾਫ਼ ਹੋ ਸਕਦਾ ਹੈ। ਸੁਪਰੀਮ ਕੋਰਟ ਵੱਲੋਂ ਪਿੱਛਲੇ ਕਾਫ਼ੀ ਸਮੇਂ ਤੋਂ ਦਬਾਅ ਪਾਏ ਜਾਣ ਦੇ ਬਾਵਜੂਦ ਵੀ ਸਰਕਾਰ ਜਰਦਾਰੀ ਦੇ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਦੀ ਆ ਰਹੀ ਸੀ। ਇਸੇ ਕਰਕੇ ਹੀ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਆਪਣੀ ਗੱਦੀ ਛੱਡਣੀ ਪਈ ਸੀ।