ਰਾਹ ਜਾਂਦਿਆਂ ਇਕ ਦਿਨ ਮੌਤ ਨਾਲ ਮੇਲ ਹੋਇਆ।
ਵੇਖ ਉਸਨੂੰ ਮਨ ਬੜਾ ਖੁਸ਼ ਹੋਇਆ।
ਜਿਵੇਂ ਲੰਬੇ ਅਰਸੇ ਬਾਦ ਕੋਈ ਆਪਣਾ ਮਿਲਦੈ
ਖਿੜਦੇ ਫੁਲਾਂ ਨੂੰ ਵੇਖ ਜਿਵੇਂ ਭੰਵਰੇ ਦਾ ਪਿਆਰ ਡੁਲਦੈ
ਮੌਤ ਨੇ ਜਦ ਤਕਿਆ ਮੈਨੂੰ ਵੇਖਦੀ ਹੀ ਰਹਿ ਗਈ।
ਵੇਖ ਸੇਜਲ ਅਖਾਂ ਮੇਰੀਆਂ ਮੌਤ ਵੀ ਸੋਚੀਂ ਪੈ ਗਈ।
ਹੌਲੀ ਹੌਲੀ ਮੇਰੇ ਨੇੜੇ ਆਈ,ਮੇਰੇ ਹੰਝੂ ਪੂੰਝ ਮੁਸਕਰਾਈ
ਕੀ ਗੱਲ ਮਿੱਤਰਾ ਮੈਨੂੰ ਵੇਖ ਅਖਾਂ ‘ਚ ਨਮੀ ਕਿਉਂ ਆਈ?
ਮੈਂ ਤਾਂ ਇਥੋਂ ਲੰਘਦੀ ਸਾਂ, ਤੈਨੂੰ ਲੈਣ ਤਾਂ ਨਾ ਆਈ
ਨਾਂ ਘਬਰਾ ਤੇਰਾ ਅਜੇ ਸਮਾਂ ਨਾ ਆਇਆ
ਜ਼ਿੰਦਗੀ ਦੀਆਂ ਮੌਜਾਂ ਲੈ ਤੇਰੇ ਸਵਾਸਾਂ ਦੀ ਪੂੰਜੀ ਹੈ ਅਜੇ ਬਕਾਇਆ
ਮੌਤ ਦੀ ਗਲ ਸੁਣ ਮੈਂ ਜਵਾਬ ਦਿੱਤਾ
ਮੈਂ ਤੈਨੂੰ ਵੇਖ ਮਾਯੁਸ ਨਾ ਹੂੰਦਾ, ਨਾਂ ਘਬਰਾਂਵਾ ਤੇਰੇ ਨਾਲ ਜਾਣ ਨੂੰ
ਮੈ ਤਾਂ ਤੇਰਾ ਰਾਹ ਉਡੀਕਾਂ, ਛੱਡ ਜਾਣਾ ਇਸ ਮਿਥਯਾ ਸੰਸਾਰ ਨੂੰ
ਵੇਖ ਸੰਸਾਰ ਦੇ ਝੂਠੇ ਮੇਲੇ, ਮਨ ਨਾ ਕਰਦਾ ਹੁਣ ਜੀਣ ਨੂੰ ਮੇਰਾ
ਬਾਕੀ ਸਵਾਸਾਂ ਦੀ ਲੋੜ ਨਾ ਮੈਨੂੰ, ਜੀ ਨਾ ਲਗਦਾ ਹੁਣ ਇੱਥੇ ਮੇਰਾ
ਵਰ੍ਹਿਆਂ ਬਾਅਦ ਤੂੰ ਨਜ਼ਰ ਹੈਂ ਆਈ ਤੇਰੇ ਨਾਲ ਜਾਣ ਨੂੰ ਚਿੱਤ ਕਰਦਾ ਮੇਰਾ
ਲੈ ਚਲ ਨੀਂ ਹੁਣ ਨਾਲ ਤੂੰ ਮੈਨੂੰ, ਅਗਲੀ ਜੂੰਨ ਵਿਚ ਲਾਣਾ ਫੇਰਾ
ਪਿਛਲੇ ਜਨਮਾਂ ਵੀ ਕੀਤਾ ਕੱਖ ਨਾ, ਏਹ ਜਨਮ ਵੀ ਰੁੱਲ ਜਾਂਦਾ ਮੇਰਾ
ਮੌਤ ਖਿੜਖਿੜਾ ਕੇ ਹੱਸੀ ਆਖਣ ਲਗੀ ਨਾਂ ਛੱਡ ਤੂੰ ਆਸ ਵੇ ਮਿਤਰਾ
ਵੇ ਅੜਿਆ ਦਿਲ ਨਾ ਢਾਹ, ਨਾ ਤੂੰ ਜੀਵਨ ਤੋਂ ਹੋ ਉਦਾਸ ਵੇ ਮਿਤਰਾ
ਕਰਮਾਂ ਲੇਖੇ ਮਨੁੱਖਾ ਦੇਹੀ ਹੈ ਮਿਲਦੀ, ਨਾ ਕਰ ਇਸਨੂੰ ਉਜਾੜ ਵੇ ਮਿਤਰਾ
ਮਨ ਆਪਣੇ ਨੂੰ ਵਸ ਵਿਚ ਕਰ ਲੈ, ਦੁਨੀਆਂ ਦੇ ਛੱਡ ਜੰਜਾਲ ਵੇ ਮਿਤਰਾ
ਜਿਵੇਂ ਚਿੱਕੜ ਵਿਚ ਕਮਲ ਹੈ ਖਿੜਦਾ, ਤਿਵੇਂ ਜੀਵਨ ਵਿਚ ਖੇੜੇ ਲਿਆ ਵੇ ਮਿਤਰਾ
ਬੀਤੇ ਸਵਾਸਾਂ ਦੀ ਗ਼ਲਤੀਆਂ ਬਖ਼ਸ਼ਾ ਲੈ, ਬਚੇ ਸਵਾਸਾਂ ਨੂੰ ਸੰਵਾਂਰ ਵੇ ਮਿਤਰਾ