ਦੇਸ਼ ਵਿੱਚ ਹਰੇ ਇਨਕਲਾਬ ਦੇ ਆਉਣ ਨਾਲ ਅਨਾਜ ਉਤਪਾਦਨ ਵਿੱਚ ਕਮਾਲ ਦਾ ਵਾਧਾ ਹੋਇਆ । ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ । ਪੰਜਾਬ ਦਾ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਸੀ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਵਿਕਸਤ ਕਿਸਮਾਂ ਅਤੇ ਤਕਨੀਕਾਂ ਅਤੇ ਇਨ੍ਹਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਦੇ ਯਤਨ ਅਤੇ ਰਾਜ ਸਰਕਾਰ ਵੱਲੋਂ ਕਿਸਾਨ ਪੱਖੀ ਨੀਤੀਆਂ ਕਾਰਨ ਖੇਤੀਬਾੜੀ ਵਿਕਾਸ ਤੇਜ਼ੀ ਨਾਲ ਹੋਇਆ । ਭੋਜਨ ਸੁਰਖਿਆ ਨੂੰ ਯਕੀਨੀ ਬਨਾਉਣ ਲਈ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਤਕਨਾਲੋਜੀ ਅਤੇ ਇਸ ਦੇ ਪਸਾਰੇ ਲਈ ਕੀਤੇ ਯਤਨ ਮਹੱਤਵਪੂਰਨ ਰਹੇ। ਦੇਸ਼ ਵਿੱਚ ਕਿਸਾਨ ਮੇਲੇ ਪਹਿਲੀ ਵਾਰ ਇਸੇ ਯੂਨੀਵਰਸਿਟੀ ਵੱਲੋਂ ਸਾਲ 1967 ਵਿੱਚ ਆਰੰਭੇ ਗਏ ।
ਇਹ ਕਿਸਾਨ ਮੇਲੇ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਲਗਾਤਾਰ ਆਯੋਜਿਤ ਕੀਤੇ ਜਾਣ ਲੱਗੇ । ਇਸੇ ਤਰ੍ਹਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਸੰਪਰਕ ਵਧਾਉਣ ਲਈ ਅਤੇ ਫ਼ਸਲਾਂ, ਸਬਜ਼ੀਆਂ ਦੇ ਸੁਧਰੇ ਬੀਜ ਅਤੇ ਫ਼ਲਦਾਰ ਬੂਟਿਆਂ ਦੀ ਪੈਦਾਵਾਰ ਵਧਾਉਣ ਅਤੇ ਪੌਦ ਸੁਰੱਖਿਆ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤਰੀ ਕਿਸਾਨ ਮੇਲਿਆਂ ਦੀ ਸ਼ੁਰੂਆਤ ਵੀ ਕੀਤੀ ਗਈ । ਪਹਿਲਾ ਖੇਤਰੀ ਕਿਸਾਨ ਮੇਲਾ ਗੁਰਦਾਸਪੁਰ ਵਿਚ 1975 ਵਿਚ ਲਗਾਇਆ ਗਿਆ । ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਕਾਰਣ ਯੂਨੀਵਰਸਿਟੀ ਨੇ ਹੋਰਨਾਂ ਖੇਤਰੀ ਖੋਜ ਕੇਂਦਰਾਂ ਤੇ ਕਿਸਾਨ ਮੇਲਿਆਂ ਨੂੰ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ ਵਿਚ ਪਹਿਲਾ ਕਿਸਾਨ ਮੇਲਾ 1983 ਵਿਚ, ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ 1985 ਵਿਚ, ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ 1995 ਵਿਚ, ਫ਼ਰੀਦਕੋਟ ਵਿਖੇ 2011 ਵਿਚ ਅਤੇ ਅੰਮ੍ਰਿਤਸਰ ਵਿਚ 2012 ਵਿਚ ਕਿਸਾਨ ਮੇਲੇ ਆਯੋਜਿਤ ਕੀਤੇ ਗਏ । ਇਹ ਕਿਸਾਨ ਮੇਲੇ ਸਾਲ ਵਿਚ ਦੋ ਵਾਰ, ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਬੀਜਾਈ ਤੋਂ ਪਹਿਲਾਂ ਮਾਰਚ ਅਤੇ ਸਤੰਬਰ ਵਿਚ ਆਯੋਜਿਤ ਕੀਤੇ ਜਾਂਦੇ ਹਨ । ਇਹਨਾਂ ਮੇਲਿਆਂ ਵਿਚ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਭਰਪੂਰ ਉਪਰਾਲੇ ਕੀਤੇ ਜਾਂਦੇ ਹਨ ।
ਕਿਸਾਨ ਮੇਲੇ ਕਿਸਾਨਾਂ ਤੇ ਵਿਗਿਆਨੀਆਂ ਵਿਚਕਾਰ ਵਿਚਾਰ ਆਦਾਨ-ਪ੍ਰਦਾਨ ਦਾ ਚੰਗਾ ਵਸੀਲਾ ਬਣਦੇ ਹਨ। ਅਸੀਂ ਕਿਸਾਨਾਂ ਤੋਂ ਸਿੱਖਦੇ ਹਾਂ ਅਤੇ ਉਹ ਸਾਡੇ ਤੋਂ ਅਸਲ ਵਿੱਚ ਕਿਸਾਨ ਵੀ ਇੱਕ ਸਾਇੰਸਦਾਨ ਹੈ । ਉਸ ਵੱਲੋਂ ਆਪਣੇ ਖੇਤ ਤੇ ਕੀਤੇ ਤਜ਼ਰਬੇ ਬਹੁਤ ਮੁੱਲਵਾਨ ਹੁੰਦੇ ਹਨ । ਇਨ੍ਹਾਂ ਤਜ਼ਰਬਿਆਂ ਦੀਆਂ ਪ੍ਰਾਪਤੀਆਂ ਹੀ ਖੋਜਾਂ ਦਾ ਮੁੱਢ ਬੰਨ੍ਹਦੀਆਂ ਹਨ । ਅਸੀਂ ਹੁਣ ਉਨ੍ਹਾਂ ਕਿਸਾਨਾਂ ਤੀਕ ਪਹੁੰਚਣਾ ਹੈ ਜਿਨ੍ਹਾਂ ਤੀਕ ਗਿਆਨ ਵਿਗਿਆਨ ਦੀ ਰੌਸ਼ਨੀ ਅਜੇ ਤੀਕ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੀ । ਇਸ ਕੰਮ ਲਈ ਯੂਨੀਵਰਸਿਟੀ ਦੇ ਨਾਲ ਖੇਤੀਬਾੜੀ ਵਿਭਾਗ ਪੰਜਾਬ ਵੀ ਯਤਨਸ਼ੀਲ ਹੈ। ਸਾਂਝੀਆਂ ਸਮੱਸਿਆਵਾਂ ਨੂੰ ਸਾਂਝੇ ਯਤਨਾਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ । ਕਿਸਾਨ ਭਰਾਵੋ ! ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਂਦੇ ਬਣਾਉਂਦੇ ਅਸੀਂ ਆਪਣੇ ਕੁਦਰਤੀ ਸੋਮਿਆਂ ਨੂੰ ਜ਼ਿਆਦਾ ਵਰਤ ਲਿਆ ਹੈ, ਤਾਂ ਹੀ ਇਸ ਵਾਰ ਕਿਸਾਨ ਮੇਲੇ ਦਾ ਮਨੋਰਥ ‘‘ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਰੱਖਿਆ ਗਿਆ ਹੈ । ਇਨ੍ਹਾਂ ਮੇਲਿਆਂ ਵਿੱਚ ਵਿਗਿਆਨੀ ਤੁਹਾਨੂੰ ਦੱਸਣਗੇ ਕਿ ਜ਼ਮੀਨ ਦੀ ਸਿਹਤ ਸੁਧਾਰਨ ਲਈ ਕਿਹੜੀਆਂ ਵਿਧੀਆਂ ਅਪਣਾਈਆਂ ਜਾ ਸਕਦੀਆਂ ਹਨ । ਕਿਸਾਨਾਂ ਨੂੰ ਕੁਦਰਤੀ ਸਰੋਤ ਬਚਾਉਣ ਦੇ ਮੰਤਵ ਨਾਲ ਸਿਫ਼ਾਰਸ਼ ਕੀਤੇ ਗਏ ਯੰਤਰ ਅਤੇ ਤਕਨੀਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ । ਸਾਡਾ ਮਨੋਰਥ ਇਹੀ ਹੈ ਕਿ ਧਰਤੀ ਦੀ ਸਿਹਤ ਸੰਵਰੇ, ਪਾਣੀ ਦੇ ਸੋਮਿਆਂ ਦੀ ਸੰਕੋਚਵੀਂ ਅਤੇ ਲੋੜ ਅਧਾਰਤ ਵਰਤੋਂ ਹੋਵੇ । ਖੇਤੀ ਖਰਚੇ ਘਟਾਉਣੇ ਵੀ ਜ਼ਰੂਰੀ ਹਨ ।
ਛੋਟੇ ਕਿਸਾਨ ਆਪਣੀ ਵਾਹੀ ਜੋਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾ ਕੇ ਆਪਣੀ ਕਮਾਈ ਵਧਾ ਸਕਦੇ ਹਨ। ਸ਼ਹਿਦ ਦੀ ਪੈਦਾਵਾਰ ਵਿੱਚ ਅਸੀਂ ਦੇਸ਼ ਵਿੱਚ ਭਾਵੇਂ ਪਹਿਲਾਂ ਹੀ ਬਹੁਤ ਅੱਗੇ ਹਾਂ ਪਰ ਸੰਭਾਵਨਾ ਇਸ ਤੋਂ ਹੋਰ ਅੱਗੇ ਵਧਣ ਦੀ ਹੈ। ਮਧੂ ਮੱਖੀਆਂ ਤੋਂ ਸਿਰਫ਼ ਸ਼ਹਿਦ ਹੀ ਨਹੀਂ ਮਿਲਦਾ ਸਗੋਂ ਪਰ-ਪਰਾਗਣ ਵਧਣ ਨਾਲ ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਮਧੂ ਮੱਖੀ ਪਾਲਣ ਤੋਂ ਕਈ ਹੋਰ ਸਹਿ-ਉਤਪਾਦਨ ਕੀਤੇ ਜਾ ਸਕਦੇ ਹਨ । ਯੂਨੀਵਰਸਿਟੀ ਵੱਲੋਂ ਮਧੂ ਮੱਖੀ ਪਾਲਣ ਬਾਰੇ ਸਿਖਲਾਈ ਲਗਾਤਾਰ ਦਿੱਤੀ ਜਾ ਰਹੀ ਹੈ । ਖੁੰਭਾਂ ਦੀ ਕਾਸ਼ਤ ਵਿੱਚ ਵੀ ਵੰਨ-ਸੁਵੰਨਤਾ ਆ ਰਹੀ ਹੈ । ਸਿਹਤ ਲਈ ਮਹੱਤਤਾ ਵਾਲੀਆਂ ਖੁੰਭਾਂ ਬਾਰੇ ਵੀ ਸਾਡੇ ਵਿਗਿਆਨੀ ਨਵੀਆਂ ਖੋਜਾਂ ਕਰ ਰਹੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰ ਮਹਤਵਪੂਰਨ ਵਿਸ਼ਿਆਂ ਤੇ ਲੋੜ ਮੁਤਾਬਕ ਸਿਖਲਾਈਆਂ ਦੇ ਰਹੇ ਹਨ । ਔਰਤਾਂ ਲਈ ਯੋਗ ਸਹਾਇਕ ਧੰਦੇ ਵੀ ਸਿਖਿਆ ਪ੍ਰੋਗਰਾਮ ਦਾ ਹਿੱਸਾ ਹਨ ।
ਕਿਸਾਨ ਭਰਾਵੋ ! ਕਿਸਾਨ ਮੇਲੇ ਵਿੱਚ ਇਸ ਵਾਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਲੈ ਕੇ ਆਉਣਾ। ਪਰਿਵਾਰ ਸਮੇਤ ਆਓਗੇ ਤਾਂ ਗਿਆਨ ਸਭਨਾਂ ਨੂੰ ਮਿਲੇਗਾ ।ਔਰਤ ਸ਼ਕਤੀਕਰਨ ਵੱਲ ਯੋਗ ਧਿਆਨ ਦੀ ਲੋੜ ਹੈ। ਘਰਾਂ ਵਿੱਚ ਫ਼ਸਲਾਂ ਦੇ ਬੀਜ ਸੰਭਾਲ, ਘਰੇਲੂ ਬਗੀਚੀ ਦੀ ਪਰਵਰਿਸ਼, ਖੁਰਾਕ ਦੀ ਪੌਸ਼ਟਿਕਤਾ ਦੇ ਬਾਰੇ ਗਿਆਨ ਚੇਤਨਾ ਅਤੇ ਉਨ੍ਹਾਂ ਦੀ ਪੈਦਾਵਾਰ ਧੀਆਂ ਭੈਣਾਂ ਆਪਣੇ ਹੱਥ ਵਿੱਚ ਲੈ ਸਕਦੀਆਂ ਹਨ । ਬੱਚਿਆਂ ਦੇ ਪਾਲਣ ਪੋਸ਼ਣ ਅਤੇ ਘਰੇਲੂ ਕੰਮਕਾਜ ਆਸਾਨ ਕਰਨ ਵਿ¤ਚ ਨਵੀਆਂ ਸੋਚਾਂ ਅਤੇ ਤਕਨੀਕਾਂ ਹੋਮ ਸਾਇੰਸ ਕਾਲਜ ਦੇ ਮਾਹਿਰਾਂ ਪਾਸੋਂ ਸਿੱਖੀਆਂ ਜਾ ਸਕਦੀਆਂ ਹਨ ।
ਭਵਿੱਖ ਸੰਵਾਰਨ ਲਈ ਖੇਤੀਬਾੜੀ ਸਾਹਿਤ ਨਾਲ ਸਾਂਝ ਪਾਉ । ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਰਸਾਲਿਆਂ ਚੰਗੀ ਖੇਤੀ, ਪ੍ਰੋਗਰੈਸਿਵ ਫਾਰਮਿੰਗ ਅਤੇ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫ਼ਾਰਸ਼ ਦੀਆਂ ਕਿਤਾਬਾਂ ਨਾਲ ਜੋੜੋ । ਹਰ ਮਹੀਨੇ ਚੰਗੀ ਖੇਤੀ ਰਸਾਲਾ ਤੁਹਾਡੇ ਘਰ ਘੱਟੋ ਘੱਟ 15-16 ਵਿਗਿਆਨੀਆਂ ਦਾ ਗਿਆਨ ਲੈ ਕੇ ਪਹੁੰਚੇਗਾ । ਆਪਣੇ ਵਰਗਾ ਇਕ ਵੀ ਹੋਰ ਕਿਸਾਨ ਜੇਕਰ ਖੇਤੀਬਾੜੀ ਗਿਆਨ ਵਿਗਿਆਨ ਦੇ ਨਾਲ ਜੋੜ ਸਕੋ ਤਾਂ ਕਾਫ਼ਲਾ ਹੋਰ ਵੱਡਾ ਬਣ ਸਕਦਾ ਹੈ । ਆਪਣੇ ਪਿੰਡ ਦੀ ਪੰਚਾਇਤ, ਸਕੂਲ, ਦੁੱਧ ਉਤਪਾਦਕ ਸਭਾ, ਸਹਿਕਾਰੀ ਸਭਾ, ਖੇਡ ਕਲੱਬ ਦੇ ਪ੍ਰਬੰਧਕਾਂ ਨੂੰ ਵੀ ਇਹ ਰਸਾਲੇ ਮੰਗਵਾਉਣ ਲਈ ਪ੍ਰੇਰਨਾ ਦਿਓ । ਗਿਆਨ ਵਿਗਿਆਨ ਨਾਲ ਹੀ ਭਵਿੱਖ ਦੇ ਖੇਤੀਬਾੜੀ ਵਿਕਾਸ ਨੂੰ ਮਜ਼ਬੂਤ ਆਧਾਰ ਤੇ ਉਸਾਰਿਆ ਜਾ ਸਕੇਗਾ ।
ਬਾਗਬਾਨੀ ਵਿਕਾਸ ਲਈ ਵੀ ਆਪਾਂ ਨੂੰ ਹੰਭਲਾ ਮਾਰਨਾ ਪੈਣਾ ਹੈ । ਯੂਨੀਵਰਸਿਟੀ ਵੱਲੋਂ ਰੋਗ-ਰਹਿਤ ਕਿੰਨੋ ਅਤੇ ਹੋਰ ਫ਼ਲਦਾਰ ਬੂਟਿਆਂ ਦੀ ਵਿਕਰੀ ਵੀ ਕਿਸਾਨ ਮੇਲਿਆਂ ਮੌਕੇ ਕੀਤੀ ਜਾਂਦੀ ਹੈ । ਤੁਸੀਂ ਆਪਣੇ ਘਰਾਂ ਲਈ ਲਾਜ਼ਮੀ ਇੱਕ ਇੱਕ ਬੂਟਾ ਲੈ ਕੇ ਜਾਣਾ । ਬਾਗਬਾਨੀ ਅਧੀਨ ਰਕਬਾ ਵਧਾਉਣ ਲਈ ਬਾਗਬਾਨੀ ਵਿਭਾਗ ਦੇ ਮਾਹਿਰਾਂ ਨਾਲ ਸਰਬਪੱਖੀ ਮਸ਼ਵਰਾ ਵੀ ਫਾਇਦੇਮੰਦ ਰਹੇਗਾ ।
ਦੋਸਤੋ ! ਜੇਕਰ ਤੁਸੀਂ ਆਪਣੇ ਆਪ ਨੂੰ ਗਿਆਨ ਵਿਗਿਆਨ ਦੇ ਹਾਣੀ ਬਣਾਓਗੇ ਤਾਂ ਭਵਿੱਖ ਤੁਹਾਡਾ ਹੋਵੇਗਾ। ਮੇਲਿਆਂ ਵਿਚੋਂ ਬੀਜ ਲੈ ਕੇ ਹੀ ਨਾ ਪਰਤਿਆ ਕਰੋ, ਖੇਤੀਬਾੜੀ ਵਿਕਾਸ ਲਈ ਬੀਜ ਇੱਕ ਸ਼ੁਰੂਆਤ ਹੈ, ਲਗਾਤਾਰ ਸੰਪਰਕ ਨਾਲ ਹੀ ਲੋੜੀਂਦਾ ਵਿਕਾਸ ਯਕੀਨੀ ਬਣੇਗਾ । ਜੇਕਰ ਸਹੀ ਵਿਕਾਸ ਦਾ ਪਾਂਧੀ ਬਣਨਾ ਹੈ ਤਾਂ ਖੇਤੀ ਵਿਗਿਆਨੀਆਂ ਨਾਲ ਨਿਰੰਤਰ ਸੰਪਰਕ ਰੱਖੋ।