ਕੋਲੰਬੋ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸੁਪਰ 8 ਮੁਕਾਬਲੇ ਵਿਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ 8 ਵਿਕਟਾਂ ਨਾਲ ਹਰਾਕੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਸ ਜਿੱਤ ਵਿਚ ਅਹਿਮ ਭੂਮਿਕਾ ਅਦਾ ਕਰਦੇ ਹੋਏ ਵਿਰਾਟ ਕੋਹਲੀ ਨੇ ਬਿਨਾਂ ਆਊਟ ਹੋਏ 61 ਗੇਂਦਾਂ ‘ਤੇ 78 ਦੌੜਾਂ ਦਾ ਯੋਗਦਾਨ ਪਾਇਆ ਅਤੇ ਮੈਨ ਆਫ਼ ਦ ਮੈਚ ਬਣਿਆਂ।
ਭਾਰਤੀ ਟੀਮ ਦੀ ਸ਼ੁਰੂਆਤ ਇਕ ਵਾਰ ਫਿਰ ਨਿਰਾਸ਼ਾਜਨਰਕ ਰਹੀ ਜਦ ਗੌਤਮ ਗੰਭੀਰ ਰਜ਼ਾ ਹਸਨ ਦੀ ਗੇਂਦ ‘ਤੇ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਇਸਤੋਂ ਬਾਅਦ ਵਿਰਾਟ ਕੋਹਲੀ ਅਤੇ ਸਹਿਵਾਗ ਨੇ ਟੀਮ ਨੂੰ ਮਜ਼ਬੂਤੀ ਦਿੱਤੀ ਅਤੇ ਸਹਿਵਾਗ 25 ਦੇ ਨਿਜੀ ਸਕੋਰ ‘ਤੇ ਆਊਟ ਹੋ ਗਏ। ਇਸਤੋਂ ਬਾਅਦ ਆਏ ਯੁਵਰਾਜ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਿਨਾਂ ਆਊਟ ਹੋਇਆਂ 19 ਦੌੜਾਂ ਬਣਾਈਆਂ ਅਤੇ ਵਿਰਾਟ ਕੋਹਲੀ ਦੇ ਨਾਲ ਖੇਡਦਿਆਂ ਟੀਮ ਨੂੰ ਜਿੱਤ ਦੁਆਈ। ਵਿਰਾਟ ਕੋਹਲੀ ਆਪਣੇ ਜਾਣੇ ਪਛਾਣੇ ਸਟਾਈਲ ਵਿਚ ਦਿਸੇ। ਉਸਨੇ 61 ਗੇਂਦਾਂ ‘ਤੇ 78 ਦੌੜਾਂ ਬਣਾਈਆਂ ਅਤੇ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦੁਆਈ। ਭਾਰਤੀ ਟੀਮ ਵਲੋਂ 2 ਵਿਕਟਾਂ ਗੁਆਕੇ 129 ਦੌੜਾਂ ਦੀ ਟੀਚਾ 17 ਓਵਰਾਂ ਵਿਚ ਪੂਰਾ ਕੀਤਾ ਗਿਆ।
ਇਸਤੋਂ ਪਹਿਲਾਂ ਖੇਡਦਿਆਂ ਹੋਇਆਂ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ।ਉਨ੍ਹਾਂ ਦੀ ਟੀਮ ਵਲੋਂ ਸ਼ੋਇਬ ਮਲਿਕ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ। ਸ਼ਾਹਿਦ ਅਫਰੀਦੀ ਇਸ ਵਾਰ ਫਿਰ ਸਿਰਫ਼ 14 ਦੌੜਾਂ ਹੀ ਬਣਾ ਸਕੇ। ਕੋਈ ਸਮਾਂ ਸੀ ਜਦ 60 ਦੌੜਾਂ ਦੇ ਸਕੋਰ ‘ਤੇ ਪਾਕਿਸਤਾਨ ਦੀ ਅੱਧੀ ਟੀਮ ਆਊਟ ਹੋ ਚੁੱਕੀ ਸੀ। ਸਿਰਫ਼ ਸ਼ੋਇਬ ਮਲਿਕ ਅਤੇ ਉਮਰ ਅਕਮਲ ਦੀ ਜੋੜੀ ਵਲੋਂ ਛੇਵੇਂ ਵਿਕਟਾਂ ਲਈ 47 ਦੌੜਾਂ ਦੀ ਚੰਗੀ ਭਾਈਵਾਲੀ ਨਿਭਾਈ ਗਈ।
ਭਾਰਤੀ ਟੀਮ ਵਲੋਂ ਵਧੀਆ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਬਾਲਾਜੀ ਨੇ 3 ਵਿਕਟਾਂ ਲਈਆਂ। ਯੁਵਰਾਜ ਸਿੰਘ ਅਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ। ਇਸਦੇ ਨਾਲ ਹੀ ਯੁਵਰਾਜ ਵਲੋਂ ਡਾਇਰੈਕਟ ਥਰੋ ਨਾਲ ਇਕ ਖਿਡਾਰੀ ਰਨ ਆਊਟ ਵੀ ਹੋਇਆ। ਵਿਰਾਟ ਕੋਹਲੀ ਅਤੇ ਇਰਫਾਨ ਖਾਨ ਦੇ ਹਿੱਸੇ 1-1 ਵਿਕਟ ਆਈ। ਇਸ ਮੈਚ ਦੌਰਾਨ ਜ਼ਹੀਰ ਖਾਨ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।
ਇਕ ਹੋਰ ਮੈਚ ਦੌਰਾਨ ਆਪਣੀ ਜੇਤੂ ਖੇਡ ਨੂੰ ਜਾਰੀ ਰੱਖਦਿਆਂ ਹੋਇਆਂ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਵਿਕਟਾਂ ਨਾਲ ਹਰਾ ਦਿੱਤਾ। ਮੌਜੂਦਾ ਸਮੇਂ ਆਪਣੇ ਗਰੁੱਪ ਵਿਚ ਆਸਟ੍ਰੇਲੀਆ ਦੇ 4 ਅੰਕ ਹਨ ਜਦਕਿ ਪਾਕਿਸਤਾਨ ਅਤੇ ਭਾਰਤ ਦੇ 2-2 ਅੰਕ ਹਨ ਅਤੇ ਦੱਖਣੀ ਅਫਰੀਕਾ ਦੀ ਟੀਮ ਕੋਲ ਕੋਈ ਅੰਕ ਨਹੀਂ ਹੈ।