ਲੰਡਨ- ਲੀਬੀਆ ਦੇ ਡਿਕਟੇਟਰ ਕਰਨਲ ਗਦਾਫ਼ੀ ਦੀ ਹੱਤਿਆ ਸਬੰਧੀ ਸਨਸਨੀਖੇਜ਼ ਖੁਲਾਸੇ ਹੋਇਆ ਹੈ। ਪਿੱਛਲੇ ਸਾਲ ਸਿਰਤੇ ਵਿੱਚ ਗਦਾਫ਼ੀ ਦੀ ਮੌਤ ਲਈ ਵਿਦਰੋਹੀਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ, ਪਰ ਹੁਣ ਇਹ ਗੱਲ ਸਾਮਣੇ ਆਈ ਹੈ ਕਿ ਗਦਾਫ਼ੀ ਨੂੰ ਮਰਵਾਉਣ ਪਿੱਛੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ ਦਾ ਹੱਥ ਸੀ। ਸਰਕੋਜ਼ੀ ਦੇ ਆਦੇਸ਼ ਅਨੁਸਾਰ ਫਰਾਂਸ ਦੇ ਖੁਫ਼ੀਆ ਏਜੰਟ ਨੇ ਗਦਾਫ਼ੀ ਦੇ ਸਿਰ ਵਿੱਚ ਗੋਲੀ ਮਾਰੀ ਸੀ।ਜਦੋਂ ਗਦਾਫ਼ੀ ਨੂੰ ਸੁਰੰਗ ਵਿੱਚੋਂ ਪਕੜਿਆ ਗਿਆ ਸੀ ਤਾਂ ਉਸ ਦੁਆਲੇ ਇੱਕਠੀ ਹੋਈ ਭੀੜ ਵਿੱਚ ਸਰਕੋਜ਼ੀ ਦਾ ਇਹ ਏਜੰਟ ਵੀ ਸ਼ਾਮਿਲ ਹੋ ਗਿਆ ਸੀ। ਗਦਾਫ਼ੀ ਦੇ ਸਿਰ ਅਤੇ ਦੋਵਾਂ ਪੈਰਾਂ ਵਿੱਚ ਗੋਲੀ ਮਾਰੀ ਗਈ ਸੀ ਅਤੇ ਉਸ ਸਮੇਂ ਇਹ ਗੱਲ ਫੇਲਾ ਦਿੱਤੀ ਗਈ ਸੀ ਕਿ ਵਿਦਰੋਹੀਆਂ ਨੇ ਉਸ ਨੂੰ ਮਾਰਿਆ ਹੈ।
ਸਰਕੋਜ਼ੀ ਨੇ ਕਰਨਲ ਗਦਾਫ਼ੀ ਦੀ ਹੱਤਿਆ ਇਸ ਕਰਕੇ ਕਰਵਾਈ ਕਿ 2007 ਦੀਆਂ ਚੋਣਾਂ ਵਿੱਚ ਸਰਕੋਜ਼ੀ ਨੂੰ ਗਦਾਫ਼ੀ ਨੇ ਲੱਖਾਂ ਡਾਲਰ ਦਿੱਤੇ ਸਨ। ਡੇਲੀ ਮੇਲ ਅਖਬਾਰ ਦਾ ਕਹਿਣਾ ਹੈ ਕਿ ਸਰਕੋਜ਼ੀ ਨੇ ਆਪਣੇ ਇਸ ਪੈਸੇ ਲੈਣ ਦੇ ਰਾਜ਼ ਨੂੰ ਛੁਪਾਉਣ ਲਈ ਗਦਾਫ਼ੀ ਦਾ ਕਤਲ ਕਰਵਾ ਦਿੱਤਾ ਤਾਂ ਕਿ ਉਸ ਦੇ ਸਰਕੋਜ਼ੀ ਨਾਲ ਸਬੰਧ ਸਾਹਮਣੇ ਨਾਂ ਆਉਣ। ਇਟਲੀ ਦੇ ਅਖਬਾਰ ਕੋਰਿੲਰਾ ਡੇਲਾ ਸੇਰਾ ਦਾ ਵੀ ਕਹਿਣਾ ਹੈ ਕਿ ਫਰਾਂਸੀਸੀ ਏਜੰਟ ਸਰਕੋਜ਼ੀ ਦੇ ਇਸ਼ਾਰਿਆਂ ਤੇ ਹੀ ਕੰਮ ਕਰ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰਨਲ ਗਦਾਫ਼ੀ ਨੇ ਸਰਕੋਜ਼ੀ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨਾਲ ਆਪਣੇ ਸਬੰਧਾਂ ਨੂੰ ਜਾਹਿਰ ਕਰ ਦੇਵੇਗਾ ਚੋਣਾਂ ਸਮੇਂ ਦਿੱਤੀ ਗਈ ਧੰਨ ਰਾਸ਼ੀ ਨੂੰ ਵੀ ਸਰਵਜਨਿਕ ਕਰ ਦੇਵੇਗਾ। ਲੀਬੀਆ ਸਰਕਾਰ ਦੀ ਅਗਵਾਈ ਕਰਨ ਵਾਲੇ ਮਹਿਮੂਦ ਜਿਬਰਲ ਨੇ ਵੀ ਸਾਬਕਾ ਤਾਨਾਸ਼ਾਹ ਦੀ ਮੌਤ ਵਿੱਚ ਫਰਾਂਸੀਸੀ ਏਜੰਟ ਦੇ ਸ਼ਾਮਿਲ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ।