ਨਵੀਂ ਦਿੱਲੀ:- ਸ. ਜਸਬੀਰ ਸਿੰਘ ਕਾਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੀ ਟੀਮ ਵਿਰੁਧ, ਵਿਰੋਧੀਆਂ ਵਲੋਂ ਛੇੜੀ ਗਈ ਹੋਈ ਮੁਹਿੰਮ ਨੂੰ ਸੋੜੀ ਰਾਜਨੀਤੀ ਅਤੇ ਵਿਰੋਧੀ ਭਾਵਨਾ ਤੋਂ ਪ੍ਰੇਰਤ ਕਰਾਰ ਦਿੰਦਿਆਂ ਆਖਿਆ ਕਿ ਉਹ ਬੀਤੇ ਦਸ ਸਾਲਾਂ ਤੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਵਿਗੜਨ ਅਤੇ ਉਨ੍ਹਾਂ ਵਿਚ ਦਿਤੀ ਜਾਂਦੀ ਵਿਦਿਆ ਦਾ ਪੱਧਰ ਡਿਗਣ ਦਾ ਕੂੜ-ਪ੍ਰਚਾਰ ਕਰਦੇ ਚਲੇ ਆ ਰਹੇ ਹਨ, ਜਿਸਦਾ ਮੁਖ ਉਦੇਸ਼ ਦੁਰਭਾਵਨਾ ਅਧੀਨ ਗੁਰਦੁਆਰਾ ਕਮੇਟੀ ਅਤੇ ਉਸਦੇ ਅਦਾਰਿਆਂ ਦੀ ਸੇਵਾ ਸੰਭਾਲ ਦੀ ਜ਼ਿਮੇਂਦਾਰੀ ਨਿਭਾਉਂਦੇ ਚਲੇ ਆ ਰਹੇ ਸ. ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੀ ਟੀਮ ਵਿਰੁਧ ਭੜਾਸ ਕਢਣਾ ਹੀ ਨਹੀਂ, ਸਗੋਂ ਸਿੱਖ ਅਦਾਰਿਆਂ ਦਾ ਅਕਸ ਵਿਗਾੜਨਾ ਵੀ ਹੈ।
ਸ. ਜਸਬੀਰ ਸਿੰਘ ਕਾਕਾ ਨੇ ਦਸਿਆ ਕਿ ਇਨ੍ਹਾਂ ਵਰ੍ਹਿਆਂ ਵਿਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਨਾ ਕੇਵਲ ਗੁਰਦੁਆਰਾ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਅਤੇ ਵਿਦਿਅਕ ਪੱਧਰ ਵਿਚ ਸੁਧਾਰ ਹੋਇਆ ਹੈ, ਸਗੋਂ ਵਿਦਿਅਕ ਖੇਤਰ ਦਾ ਵਿਸਥਾਰ ਵੀ ਹੋਇਆ ਹੈ। ਸ. ਜਸਬੀਰ ਸਿੰਘ ਕਾਕਾ ਨੇ ਦਸਿਆ ਕਿ ਇਸ ਸਮੇਂ ਦੌਰਾਨ ਕਮੇਟੀ ਵਲੋਂ ਪੰਜ ਮੈਨੇਜਮੈਂਟ ਇੰਸਟੀਚਿਊਟ, ਇਕ ਇੰਜਨੀਅਰਿੰਗ ਕਾਲਜ, ਦੋ ਬੀ-ਐੱਡ ਕਾਲਜ ਅਤੇ ਇਕ ਤਕਨੀਕੀ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ। ਹੁਣੇ ਜਿਹੇ ਆਈ. ਏ. ਐਸ. ਅਤੇ ਆਈ. ਪੀ. ਐਸ. ਸੇਵਾਵਾਂ ਲਈ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਨੋਜਵਾਨਾਂ ਨੂੰ ਤਿਆਰ ਕਰਨ ਲਈ ਇੰਸਟੀਚਿਊਟ ਦੀ ਸਥਾਪਨਾ ਦਾ ਫੈਸਲਾ ਵੀ ਕੀਤਾ ਗਿਆ ਹੈ।
ਉਨ੍ਹਾਂ ਹੋਰ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਅਗਾਂਹਵਧੂ ਸੋਚ ਦੇ ਮਾਲਕ ਹਨ, ਉਨ੍ਹਾਂ ਦੀ ਇੱਛਾ ਹੈ ਕਿ ਅੱਜ ਦੀ ਕੌਮੀ ਪਨੀਰੀ ਹੀ ਕੌਮ ਦਾ ਭਵਿੱਖ ਬਣੇ। ਜੇ ਪਨੀਰੀ ਦਾ ਭਵਿੱਖ ਉਜਲਾ ਹੋਵੇਗਾ ਤਾਂ ਹੀ ਕੌਮ ਦਾ ਭਵਿੱਖ ਉਜਲਾ ਹੋ ਸਕੇਗਾ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੌਮ ਦੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਤਿਆਰ ਕੀਤਾ ਜਾਏ। ਇਸੇ ਸੋਚ ਨੂੰ ਮੁਖ ਰੱਖ ਕੇ ਜਦੋਂ ਉਨ੍ਹਾਂ ਵਲੋਂ ਗੁਰਦੁਆਰਾ ਕਮੇਟੀ ਦੇ ਆਪਣੇ ਸਾਥੀ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰ ਇੰਜੀਨੀਅਰਿੰਗ ਕਾਲਜ, ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਸਥਾਪਨਾ ਕੀਤੀ ਗਈ ਤਾਂ ਵਿਰੋਧੀਆਂ ਵਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਸ. ਸਰਨਾ ਨੇ ਪੰਜ ਬੱਚਿਆਂ ਲਈ ਕੌਮ ਦੇ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਹਨ। ਪਰ ਸ. ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਵਿਰੋਧ ਦੀ ਪ੍ਰਵਾਹ ਨਾ ਕੀਤੀ ਤੇ ਆਪਣੇ ਕਦਮ ਅੱਗੇ ਵਧਾਉਣੇ ਜਾਰੀ ਰੱਖੇ। ਅੱਜ ਇਸ ਇੰਜੀਨੀਅਰਿੰਗ ਕਾਲਜ ਨੂੰ ਘੱਟ-ਗਿਣਤੀ ਵਿੱਦਿਅਕ ਸੰਸਥਾ ਵਜੋਂ ਮਾਨਤਾ ਪ੍ਰਾਪਤ ਹੈ ਤੇ ਇਸ ਵਿਚ ਸਿੱਖ ਬੱਚਿਆਂ ਵਾਸਤੇ 70% ਸੀਟਾਂ ਰਾਖਵੀਆਂ ਹੋ ਗਈਆਂ ਹਨ। ਫਲਸਰੂਪ ਇਸ ਸੰਸਥਾ ਵਿਚੋਂ ਹਰ ਸਾਲ ਤਕਰੀਬਨ ਸਵਾ ਚਾਰ ਸੌ (425) ਸਿੱਖ ਬੱਚੇ ਇੰਜੀਨੀਅਰ ਬਣ ਕੇ ਨਿਕਲ ਰਹੇ ਹਨ। ਜਿਸ ਤੋਂ ਵਿਰੋਧੀ ਬਹੁਤ ਪ੍ਰੇਸ਼ਾਨ ਹਨ ਤੇ ਇਸ ਸਨਮਾਨਤ ਸੰਸਥਾ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਆਪਣੀ ਪੂਰੀ ਸ਼ਕਤੀ ਝੌਂਕ ਦਿਤੀ ਹੋਈ ਹੈ।
ਸ. ਜਸਬੀਰ ਸਿੰਘ ਕਾਕਾ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਈ ਸਕੂਲ, ਕਾਲਜ ਅਤੇ ਤਕਨੀਕੀ ਸੰਸਥਾਵਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ .ਸ ਪਰਮਜੀਤ ਸਿੰਘ ਸਰਨਾ ਵਲੋਂ ਪ੍ਰਧਾਨਗੀ ਪਦ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਸਮੇਂ ਘੋਖ ਕੀਤੀ ਜਾਏ ਤਾਂ ਇਹ ਗੱਲ ਉੱਭਰ ਕੇ ਸਾਮ੍ਹਣੇ ਆਉਦੀ ਹੈ ਕਿ ਬੀਤੇ ਲਗਭਗ ਦਸ (10) ਵਰ੍ਹਿਆਂ ਦੌਰਾਨ ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿਚ ਕੋਈ ਬੇਲੋੜੀ ਭਰਤੀ ਨਹੀਂ ਕੀਤੀ ਗਈ। ਇਸ ਸਮੇਂ ਦੌਰਾਨ ਇਨ੍ਹਾਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਅਤੇ ਵਿੱਦਿਅਕ ਪੱਧਰ ਨੂੰ ਉੱਚਿਆਉਣ ਵਲ ਉਚੇਚਾ ਧਿਆਨ ਦਿੱਤਾ ਗਿਆ ਅਤੇ ਇਸ ਉਦੇਸ਼ ਲਈ ਗੁਰਦੁਆਰਾ ਕਮੇਟੀ ਅਧੀਨ ਵਿਸ਼ੇਸ਼ ਰੂਪ ਵਿਚ ਡਾਇਰੈਕਟੋਰੇਟ ਦੀ ਸਥਾਪਨਾ ਕੀਤੀ ਗਈ। ਜਿਸਦੇ ਫਲਸਰੂਪ ਗੁਰਦੁਆਰਾ ਕਮੇਟੀ ਦੇ ਸਕੂਲਾਂ, ਕਾਲਜਾਂ ਦੇ ਪ੍ਰਬੰਧ, ਨਤੀਜਿਆਂ ਅਤੇ ਵਿੱਦਿਅਕ ਪੱਧਰ ਵਿਚ ਲਗਾਤਾਰ ਸੁਧਾਰ ਆਇਆ ਹੈ।