ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਆਪਣੇ ਵਿਭਾਗ ਵਿੱਚ ਕੰਮ ਕਰਨ ਵਾਲਿਆਂ ਅਤੇ ਮਹਿਮਾਨਾਂ ਦੇ ਚਾਹ-ਨਾਸ਼ਤੇ ਤੇ ਸਰਕਾਰੀ ਖਜਾਨੇ ਵਿੱਚੋਂ ਬੜੇ ਖੁਲ੍ਹੇ ਦਿਲ ਨਾਲ ਪੰਜ ਰਾਜਾਂ ਵਿੱਚੋਂ ਸੱਭ ਤੋਂ ਵੱਧਖਰਚ ਕਰਦੇ ਹਨ। ਹਰ ਮਹੀਨੇ ਚਾਹ-ਪਾਣੀ ਤੇ ਇੱਕ ਲੱਖ 95 ਹਜ਼ਾਰ ਰੁਪੈ ਲੋਕਾਂ ਦੁਆਰਾ ਦਿੱਤੇ ਗਏ ਟੈਕਸ ਦੇ ਪੈਸਿਆਂ ਵਿੱਚੋਂ ਖਰਚ ਕੀਤੇ ਜਾਂਦੇ ਹਨ।
ਸੂਚਨਾ ਦੇ ਅਧਿਕਾਰ ਦੇ ਤਹਿਤ ਰਮੇਸ਼ ਵਰਮਾ ਨੇ ਇਹ ਜਾਣਕਾਰੀ ਲੋਕਾਂ ਦੇ ਸਾਹਮਣੇ ਲਿਆਂਦੀ ਹੈ। ਉਨ੍ਹਾਂ ਨੇ 4 ਮਹੀਨੇ ਪਹਿਲਾਂ 5 ਰਾਜਾਂ ਤੋਂ ਇਹ ਪੁੱਛਿਆ ਸੀ ਕਿ ਪਿੱਛਲੇ 14 ਮਹੀਨਿਆਂ ਵਿੱਚ ਮੁੱਖਮੰਤਰੀ ਦੇ ਦਫ਼ਤਰ ਵਿੱਚ ਚਾਹ-ਨਾਸ਼ਤੇ ਤੇ ਕਿੰਨਾ ਖਰਚ ਕੀਤਾ ਗਿਆ ਹੈ। ਇਸ ਦੇ ਸਬੰਧ ਵਿੱਚ ਜੋ ਵੇਰਵਾ ਪ੍ਰਾਪਤ ਹੋਇਆ, ਉਹ ਹੈਰਾਨੀਜਨਕ ਹੈ। ਦਿੱਲੀ, ਪੰਜਾਬ, ਹਰਿਆਣਾ, ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀਆਂ ਦੇ ਦਫ਼ਤਰਾਂ ਵਿੱਚ ਪ੍ਰਤੀ ਮਹੀਨਾ ਔਸਤਨ 75 ਹਜ਼ਾਰ ਰੁਪੈ ਚਾਹ-ਪਾਣੀ ਅਤੇ ਨਾਸ਼ਤੇ ਤੇ ਖਰਚ ਕੀਤੇ ਗਏ ਹਨ।
ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਚਾਹ-ਪਾਣੀ ਤੇ ਸਰਕਾਰੀ ਖਜ਼ਾਨੇ ਵਿੱਚੋਂ ਪੈਸਾ ਖਰਚ ਕਰਨ ਵਿੱਚ ਸੱਭ ਤੋਂ ਮੋਹਰਲੀ ਕਤਾਰ ਵਿੱਚ ਹਨ। ਬਾਦਲ ਦੇ ਦਫ਼ਤਰ ਨੇ ਪੰਜ ਰਾਜਾਂ ਵਿੱਚੋਂ ਸੱਭ ਤੋਂ ਵੱਧ ਪ੍ਰਤੀਦਿਨ 6500 ਰੁਪੈ ਦੇ ਕਰੀਬ ਅਤੇ ਹਰ ਮਹੀਨੇ ਔਸਤਨ ਇੱਕ ਲੱਖ 95 ਹਜ਼ਾਰ ਰੁਪੈ ਖਰਚ ਕੀਤੇ ਹਨ। ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਸੱਭ ਤੋਂ ਘੱਟ 8 ਹਜ਼ਾਰ 170 ਰੁਪੈ ਪ੍ਰਤੀ ਮਹੀਨਾ ਖਰਚ ਕੀਤੇ ਹਨ।
ਪੰਜ ਰਾਜਾਂ ਦੇ ਮੁੱਖਮੰਤਰੀਆਂ ਦ ਪ੍ਰਤੀ ਮਹੀਨਾ ਚਾਹ-ਪਾਣੀ ਦੇ ਖਰਚ ਦਾ ਔਸਤਨ ਵੇਰਵਾ ਇਸ ਤਰ੍ਹਾਂ ਹੈ ;
ਪੰਜਾਬ – 1,95,002 ਰੁਪੈ
ਦਿੱਲੀ – 67,156 ਰੁਪੈ
ਹਿਮਾਚਲ ਪ੍ਰਦੇਸ਼- 49,756 ਰੁਪੈ
ਹਰਿਆਣਾ -40,107 ਰੁਪੈ
ਬਿਹਾਰ – 8,170 ਰੁਪੈ