-ਜਸਵੰਤ ਸਿੰਘ ‘ਅਜੀਤ’
ਸੁਪ੍ਰੀਮ ਕੋਰਟ ਵਲੋਂ ਦਿੱਤੇ ਗਏ ਆਦੇਸ਼ ਕਾਰਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨੇੜ-ਭਵਿੱਖ ਵਿੱਚ ਹੋਣ ਦੀ ਜੋ ਸੰਭਾਵਨਾ ਬਣਦੀ ਵਿਖਾਈ ਦੇ ਰਹੀ ਹੈ, ਉਸਦੇ ਚਲਦਿਆਂ ਚਾਹੀਦਾ ਤਾਂ ਇਹ ਸੀ ਕਿ ਬੀਤੇ ਲੰਮੇਂ ਸਮੇਂ ਤੋਂ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਹੋਣ ਆਦਿ ਦੇ ਦੋਸ਼ਾਂ ਅਤੇ ਪ੍ਰਤੀ-ਦੋਸ਼ਾਂ ਨੂੰ ਲੈ ਕੇ ਦਿੱਲੀ ਦੇ ਅਕਾਲੀਆਂ ਵਿੱਚ ਜੋ ਸ਼ਬਦੀ-ਜੰਗ ਹੁੰਦੀ ਚਲੀ ਆ ਰਹੀ ਸੀ, ਉਸਤੋਂ ਕਿਨਾਰਾ ਕਰ, ਸਾਰੇ ਅਕਾਲੀ ਗੁਟਾਂ ਵਲੋਂ ਆਪੋ-ਆਪਣਾ ਕੋਈ ਸਕਾਰਾਤਮਕ ਏਜੰਡਾ ਤਿਆਰ ਕੀਤਾ ਜਾਂਦਾ, ਜਿਸਨੂੰ ਲੈ ਕੇ ਉਹ ਗੁਰਦੁਆਰਾ ਚੋਣਾਂ ਵਿੱਚ ਸਮਰਥਨ ਅਤੇ ਸਹਿਯੋਗ ਪ੍ਰਾਪਤ ਕਰਨ ਦੀ ਮੰਗ ਦੇ ਨਾਲ, ਆਮ ਸਿੱਖ ਮਤਦਾਤਾਵਾਂ ਪਾਸ ਜਾ ਸਕਦੇ, ਪ੍ਰੰਤੂ ਅਜਿਹਾ ਨਾ ਕਰ, ਇਸਦੇ ਵਿਰੁਧ ਉਨ੍ਹਾਂ ਆਪੋ ਵਿੱਚ ਪਹਿਲਾਂ ਤੋਂ ਹੀ ਚਲਦੀ ਆ ਰਹੀ ਦੋਸ਼ ਪ੍ਰਤੀ-ਦੋਸ਼ ਲਾਏ ਜਾਣ ਸ਼ਬਦੀ-ਜੰਗ ਵਿੱਚ ਤੇਜ਼ੀ ਲੈ ਆਂਦੀ ਹੈ। ਇਸ ਸ਼ਬਦੀ-ਜੰਗ ਦੇ ਚਲਦਿਆਂ ਦੋਹਾਂ ਧਿਰਾਂ ਵਲੋਂ ਜਿਸ ਤਰ੍ਹਾਂ ਬਿਆਨਬਾਜ਼ੀ ਕਰ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਦੇ ਉਦੇਸ਼ ਨਾਲ ਚਿਕੜ ਉਛਾਲੇ ਜਾਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੋਇਆ ਹੈ, ਉਸਨੂੰ ਵੇਖ-ਸੁਣ ਕੇ ਦਿੱਲੀ ਦੇ ਆਮ ਸਿੱਖ ਬਹੁਤ ਹੀ ਦੁੱਖੀ, ਚਿੰਂਤਤ ਅਤੇ ਪ੍ਰੇਸ਼ਾਨ ਵਿਖਾਈ ਦੇਣ ਲਗੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੋਹਾਂ ਧਿਰਾਂ ਵਿੱਚ ਚਲ ਰਹੇ ਇਸ ਵਿਵਾਦ-ਪੂਰਣ ਟਕਰਾਉ ਦੇ ਫਲਸਰੂਪ ਸਿੱਖਾਂ ਵਿੱਚ ਹੀ ਨਹੀਂ, ਸਗੋਂ ਗੈਰ-ਸਿੱਖਾਂ ਵਿੱਚ ਵੀ ਸਿੱਖ ਮੁੱਖੀਆਂ ਦੇ ਨਾਲ ਆਮ ਸਿੱਖਾਂ ਦੀ ਛੱਬੀ ਵੀ ਵਿਗੜਦੀ ਜਾ ਰਹੀ ਹੈ। ਇਤਨਾ ਹੀ ਨਹੀਂ ਇਸ ਸਭ ਕੁਝ ਦੇ ਚਲਦਿਆਂ ਪੁਰਾਤਨ ਅਤੇ ਧਰਮੀ ਸਿੱਖਾਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰਧਾਮਾਂ ਦੀ ਪਵਿਤ੍ਰਤਾ ਦੀ ਰਖਿਆ ਦੇ ਉਦੇਸ਼ ਨਾਲ ਮਹੰਤਾਂ ਪਾਸੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਕੀਤੇ ਗਏ ਲੰਮੇਂ ਸੰਘਰਸ਼ ਅਤੇ ਉਸ ਵਿੱਚ ਕੀਤੀਆਂ ਗਈਆਂ ਅਥਾਹ ਕੁਰਬਾਨੀਆਂ ਭਰੇ ਇਤਿਹਾਸ ਪੁਰ ਵੀ ਸੁਆਲੀਆ ਨਿਸ਼ਾਨ ਲਾਏ ਜਾਣ ਦੇ ਹਾਲਾਤ ਬਣਦੇ ਵਿਖਾਈ ਦੇਣ ਲਗੇ ਹਨ। ਆਮ ਲੋਕਾਂ ਵਿੱਚ ਇਹ ਸੰਦੇਸ਼ ਜਾਣ ਲਗਾ ਹੈ ਕਿ ਜਿਵੇਂ ਕਿ ਸਿੱਖਾਂ ਨੇ ਗੁਰਦੁਆਰਿਆਂ ਨੂੰ ਉਨ੍ਹਾਂ ਦੀ ਪਵਿਤ੍ਰਤਾ ਦੀ ਰਖਿਆ ਅਤੇ ਉਨ੍ਹਾਂ ਵਿਚਲੀਆਂ ਧਾਰਮਕ ਮਰਿਆਦਾਵਾਂ ਮੁੜ ਸਥਾਪਤ ਕਰਨ ਲਈ ਮਹੰਤਾਂ ਤੋਂ ਆਜ਼ਾਦ ਨਹੀਂ ਸੀ ਕਰਵਾਇਆ, ਸਗੋਂ ਉਨ੍ਹਾਂ ਦੀ ਗੋਲਕ ’ਤੇ ਆਪਣਾ ਕਬਜ਼ਾ ਜਮਾਣ ਲਈ ਆਜ਼ਾਦ ਕਰਵਾਇਆ ਸੀ।
ਗੈਰ-ਸਿੱਖ ਭਾਵੇਂ ਖੁਲ੍ਹ ਕੇ ਨਹੀਂ, ਪ੍ਰੰਤੂ ਦਬੀ ਜ਼ਬਾਨ ਵਿੱਚ ਜ਼ਰੂਰ ਇਹ ਕਹਿੰਦੇ ਸੁਣੇ ਜਾਣ ਲਗੇ ਹਨ ਕਿ ਗੁਰਦੁਆਰੇ ਹੁਣ ਸਿੱਖ ਧਰਮ ਦੇ ਸੋਮੇਂ ਨਾ ਰਹਿ ਕੇ, ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹੋਏ ਹਨ। ਗੁਰਦੁਆਰਿਆਂ ਦੀ ਗੋਲਕ ਪੁਰ ਕਬਜ਼ਾ ਕਰਨ ਲਈ ਸਿੱਖਾਂ ਵਲੋਂ ਇੱਕ-ਦੂਜੇ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹਨ, ਅਦਾਲਤਾਂ ਵਿੱਚ ਜਾ ਆਪਣਾ ਹੀ ਮਜ਼ਾਕ ਉਡਵਾਇਆ ਜਾਂਦਾ ਹੈ ਅਤੇ ਬਿਆਨਬਾਜ਼ੀ ਕਰ ਇੱਕ-ਦੂਜੇ ਨੂੰ ਨੀਵਾਂ ਵਿਖਾਣ ਦੀ ਕੌਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੋਸ਼ ਪ੍ਰਤੀ-ਦੋਸ਼ ਦੇ ਆਧਾਰ ’ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨਾਲ ਇਹ ਸੰਦੇਸ਼ ਵੀ ਦਿਤਾ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਸੇਵਾ-ਭਾਵਨਾ ਨਾਲ ਨਹੀਂ, ਸਗੋਂ ‘ਗੁਰੂ-ਗੋਲਕ’ ਨੂੰ ਦੋਹਾਂ ਹੱਥਾਂ ਨਾਲ ਲੁਟਣ ਦਾ ‘ਲਾਇਸੈਂਸ’ ਹਾਸਲ ਕਰਨ ਲਈ ਹੀ ਲੜੀਆਂ ਜਾਂਦੀਆਂ ਹਨ। ਜਿਸਦੇ ਹੱਥਾਂ ਵਿੱਚ ‘ਗੋਲਕ’ ਹੁੰਦੀ ਹੈ, ਉਹ ਉਸਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ ਅਤੇ ਜਿਸਦੇ ਹੱਥ ‘ਗੁਰੂ-ਗੋਲਕ’ ਤਕ ਨਹੀਂ ਪੁਜ ਪਾਂਦੇ, ਉਹ ਆਪਣੇ ਹੱਥ ‘ਗੁਰੂ-ਗੋਲਕ’ ਤਕ ਪਹੁੰਚਾਣ ਲਈ ਹੱਥ-ਪੈਰ ਮਾਰਨ ਅਤੇ ਤਰ੍ਹਾਂ-ਤਰ੍ਹਾਂ ਦੇ ਜੁਗਾੜ ਲੜਾਉਣ ਲਗਦਾ ਹੈ। ‘ਗੋਲਕ’ ਪੁਰ ਕਬਜ਼ਾ ਕਰ ਬੈਠੇ ਮੁੱਖੀਆਂ ਪੁਰ ਗੁਰੂ-ਗੋਲਕ ਲੁਟਣ ਦੇ ਦੋਸ਼ ਲਾਂਦਾ ਹੈ। ਜਿਸਦੇ ਜਵਾਬ ਵਿੱਚ ਦੂਸਰੇ ਪਾਸਿਉਂ ਵੀ ਅਜਿਹੇ ਹੀ ਦੋਸ਼ ਲਾਏ ਜਾਣ ਲਗਦੇ ਹਨ। ਇਸਤਰ੍ਹਾਂ ਦੋਸ਼ ਪ੍ਰਤੀ-ਦੋਸ਼ ਦਾ ਜੋ ਸਿਲਸਿਲਾ ਸ਼ੁਰੂ ਹੁੰਦਾ ਹੈ, ਇੱਕ ਤਾਂ ਉਹ ਖਤਮ ਹੋਣ ਦਾ ਨਾਂ ਨਹੀਂ ਲੈਂਦਾ, ਦੂਸਰਾ ਸਮੁਚੇ ਸਿੱਖ ਜਗਤ ਨੂੰ ਹੀ ਮਜ਼ਾਕ ਦਾ ਵਿਸ਼ਾ ਬਣਾ ਦਿੰਦਾ ਹੈ। ਲੋਕੀ ਇਸ ਦੋਸ਼ ਪ੍ਰਤੀ-ਦੋਸ਼ ਦੀ ਚਲ ਰਹੀ ਸ਼ਬਦੀ–ਜੰਗ ਨੂੰ ਵੇਖ-ਸੁਣ ਆਮ ਸਿੱਖਾਂ ਪੁਰ ਵੀ ਵਿਅੰਗ-ਬਾਣ ਚਲਾਣ ਅਤੇ ਉਨ੍ਹਾਂ ਪੁਰ ਫਬਤੀਆਂ ਕਸਣ ਲਗੇ ਹਨ।
ਇਹ ਸਭ ਵੇਖ-ਸੁਣ ਆਮ ਸਿੱਖਾਂ ਦਾ ਇੱਕ ਵੱਡਾ ਵਰਗ ਖੂਨ ਦੇ ਅਥਰੂ ਰੋਂਦਾ ਅਤੇ ਇਹ ਕਹਿਣ ਤੇ ਮਜਬੂਰ ਹੁੰਦਾ ਜਾ ਰਿਹਾ ਹੈ ਕਿ ਸਿੱਖੀ-ਸਰੂਪ ਦੇ ਧਾਰਣੀ ਹੋ, ਸਿੱਖਾਂ ਦੇ ਪ੍ਰਤੀਨਿਧੀ ਅਖਵਾਣ ਦੇ ਇਹ ਦਾਅਵੇਦਾਰ ਭੁਲ ਜਾਂਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਜਾ ਦਾ ਧਾਨ, ਆਪਣੇ ਸਿੱਖਾਂ ਨੂੰ ਨਾ ਖੁਆ, ਸਰਸਾ ਨਦੀ ਵਿੱਚ ਵਹਾ ਦਿੱਤਾ ਸੀ, ਕਿਉਂਕਿ ਉਹ ਸਮਝਦੇ ਸਨ ਕਿ ਇਹ ‘ਪੂਜਾ ਦਾ ਧਾਨ’ ਜ਼ਹਿਰ ਹੈ, ਜੇ ਇਸਨੂੰ ਉਨ੍ਹਾਂ ਦੇ ਸਿੱਖਾਂ ਨੇ ਖਾ ਲਿਆ ਤਾਂ ਉਨ੍ਹਾਂ ਦੀ ਉਹ ਆਤਮਾ ਦਮ ਤੋੜਨ ਲਗੇਗੀ, ਜਿਸ ਵਿੱਚ ਨਵਜੀਵਨ ਦਾ ਸੰਚਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਉਨ੍ਹਾਂ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਤਕ ਲਗਭਗ ਢਾਈ ਸਦੀਆਂ ਤਕ ਘਾਲਣਾ ਘਾਲੀ ਗਈ ਅਤੇ ਸੰਘਰਸ਼ ਕਰ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖ ਧਰਮ ਦਾ ਮੂਲ ਆਦਰਸ਼ ਦਸਾਂ ਨਹੁੰਆਂ ਦੀ ‘ਕਿਰਤ ਕਰਨਾ ਅਤੇ ਵੰਡ ਛਕਣਾ’ ਹੈ। ਜੇ ਉਨ੍ਹਾਂ ‘ਪੂਜਾ ਦਾ ਧਾਨ’, ਜਿਸਨੂੰ ਉਹ ਜ਼ਹਿਰ ਮੰਨਦੇ ਹਨ, ਗੁਰੂ ਦੇ ਸਿੱਖਾਂ ਨੇ ਖਾ ਲਿਆ ਤਾਂ ਉਹ ਸਿਰ ਤੋਂ ਲੈ ਕੇ ਪੈਰਾਂ ਤਕ ਜ਼ਹਿਰ ਨਾਲ ਭਰ ਜਾਣਗੇ ਅਤੇ ਇਹ ਜ਼ਹਿਰ ਉਨ੍ਹਾਂ ਦੀ ਨਵਜੀਵਨ ਪ੍ਰਾਪਤ ਕਰ ਚੁਕੀ ਹੋਈ ਆਤਮਾ ਨੂੰ ਮੁੜ ਮੌਤ ਦੇ ਕਿਨਾਰੇ ਲਿਜਾ ਪਹੁੰਚਾਇਗਾ।
ਆਮ ਸਿੱਖਾਂ ਦੀ ਸੋਚ ਪੁਰ ਪ੍ਰਭਾਵ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਲਈ ਅਕਾਲੀਆਂ ਵਿੱਚ ਜੋ ਘਮਸਾਨ ਮਚਿਆ ਹੋਇਆ ਹੈ, ਉਸਨੇ ਦਿੱਲੀ ਦੇ ਆਮ ਸਿੱਖਾਂ ਦੀ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਉਹ ਭਾਰੀ ਦਿਲ ਨਾਲ ਇਹ ਗਲ ਸਵੀਕਾਰ ਕਰਨ ਲਈ ਮਜਬੂਰ ਹੋ ਰਹੇ ਹਨ ਕਿ ਲੋਕਤਾਂਤ੍ਰਿਕ ਪ੍ਰਕ੍ਰਿਆ ਰਾਹੀਂ ਚੁਣੇ ਗਏ ਆਪਣੇ ਪ੍ਰਤੀਨਿਧੀਆਂ ਦੇ ਹੱਥਾਂ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਣ ਨਾਲੋਂ, ਚੰਗਾ ਤਾਂ ਇਹੀ ਹੈ ਕਿ ਪਤਵੰਤੇ ਪੰਜ ਸਿੱਖਾਂ ਦਾ ਇੱਕ ਬੋਰਡ ਬਣਾ, ਉਸਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੌਂਪ ਦਿੱਤਾ ਜਾਏ। ਉਹ ਮੰਨਦੇ ਹਨ ਕਿ ਉਨ੍ਹਾਂ ਦੀ ਇਹ ਗਲ ਬਹੁਤ ਕੌੜੀ ਹੈ, ਜੋ ਕਿਸੇ ਵੀ ਸਿੱਖ ਨੇਤਾ ਦੇ ਗਲੇ ਨਹੀਂ ਉਤਰੇਗੀ, ਫਿਰ ਵੀ ਉਹ 1971 ਤੋਂ 1975 ਤਕ ਦੇ ਉਨ੍ਹਾਂ ਪੰਜਾਂ ਵਰ੍ਹਿਆਂ, ਜਿਨ੍ਹਾਂ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਪੰਜ ਪਤਵੰਤੇ ਸਿੱਖ ਮੁੱਖੀਆਂ ਪੁਰ ਅਧਾਰਤ ਬੋਰਡ ਦੇ ਹੱਥਾਂ ਵਿੱਚ ਸੀ, ਦਾ ਹਵਾਲਾ ਦਿੰਦਿਆਂ ਦਸਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਨਾ ਤਾਂ ਗੁਰਦੁਆਰਾ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਗਦਾ ਸੀ ਅਤੇ ਨਾ ਹੀ ਪ੍ਰਬੰਧ ਵਿਗੜਨ ਦਾ। ਇਥੋਂ ਤਕ ਕਿ ਇਸ ਬੋਰਡ ਅਧੀਨ ਚਲ ਰਹੀਆਂ ਵਿਦਿਅਕ ਸੰਸਥਾਂਵਾਂ ਦੇ ਪ੍ਰਬੰਧ ਅਤੇ ਵਿਦਿਅਕ ਪੱਧਰ ਪੁਰ ਵੀ ਕੋਈ ਉਂਗਲ ਨਹੀੱ ਸੀ ਉਠਾਈ ਜਾਂਦੀ। ਗੁਰਦੁਆਰਾ ਪ੍ਰਬੰਧ ਵਿੱਚ ਜਿਸ ਵਿਅਕਤੀ ਨੂੰ ਜੋ ਜ਼ਿਮੇਂਦਾਰੀ ਸੌਂਪੀ ਗਈ ਹੁੰਦੀ ਸੀ, ਉਹੀ ਉਸ ਜ਼ਿਮੇਂਦਾਰੀ ਨੂੰ ਨਿਭਾਣ ਵਿੱਚ ਹੋਣ ਵਾਲੀ ਕੋਤਾਹੀ ਲਈ ਜਵਾਬਦੇਹ ਹੁੰਦਾ ਸੀ। ਨਾ ਤਾਂ ਕੋਈ ਮੁਲਾਜ਼ਮਾਂ ਦੀ ਫਾਈਲਾਂ ਉਠਾ ਬੋਰਡ ਦੇ ਕਿਸੇ ਮੈਂਬਰ ਪਾਸ ਜਾ ਸਕਦਾ ਸੀ ਅਤੇ ਨਾ ਹੀ ਕੋਈ ਕਿਸੇ ਹੋਰ ਦੇ ਕੰਮ ਵਿੱਚ ਦਖਲ ਦੇ ਸਕਦਾ ਸੀ।
…ਅਤੇ ਅੰਤ ਵਿੱਚ : ਕੁਝ ਵਰ੍ਹੇ ਹੋਏ ਦਿੱਲੀ ਦੀ ਇੱਕ ਪੰਥਕ ਜਥੇਬੰਦੀ ਵਲੋਂ ਦਿੱਲੀ ਵਿੱਚ ‘ਗੁਰਦੁਆਰਾ ਪ੍ਰਬੰਧ : ਇਕ ਵਿਸ਼ਲੇਸ਼ਣ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਾਮਲ ਹੋਏ ਬੁਧੀਜੀਵੀਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਹੋਰ ਧਾਰਮਕ ਸੰਸਥਾਵਾਂ ਵਿਚ ਆ ਰਹੀਆਂ ਬੁਰਿਆਈਆਂ ਲਈ ਮੁਖ ਰੂਪ ਵਿਚ ਇਨ੍ਹਾਂ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਗਈ ਹੋਈ ਲੋਕਤਾਂਤ੍ਰਿਕ ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ ਅਤੇ ਇਸ ਗਲ ਪੁਰ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਤੇ ਪ੍ਰਭਾਵਸ਼ਾਲੀ ਬਦਲ ਤਲਾਸ਼ਿਆ ਜਾਣਾ ਚਾਹੀਦਾ ਹੈ। ਬੁਧੀਜੀਵੀਆਂ ਵਲੋਂ ਇਸਦਾ ਕਾਰਣ ਇਹ ਦਸਿਆ ਗਿਆ ਵਰਤਮਾਨ ਚੋਣ-ਪ੍ਰਣਾਲੀ ਪੁਰ ਕੀਤੇ ਜਾ ਰਹੇ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਅਰਥਾਤ ਧਾਰਮਕ ਸੰਸਥਾਵਾਂ ਦੀ ਸੱਤਾ ਪੁਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੀ ਕਸੌਟੀ ਪੁਰ ਪੂਰਾ ਨਹੀਂ ਉਤਰਦਾ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿਚ ਆ ਕੇ ਮੈਂਬਰੀ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਧਾਰਮਕ ਸੰਸਥਾਵਾਂ ਵਿਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਵਾਧਾ ਹੋਣ ਲਗਦਾ ਹੈ। ਫਲਸਰੂਪ ਇਹ ਸੰਸਥਾਵਾਂ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਣ ਵਿਚ ਸਫਲ ਨਹੀਂ ਹੋ ਪਾਂਦੀਆਂ ਤੇ ਨਤੀਜੇ ਵਜੋਂ ਇਨ੍ਹਾਂ ਵਿੱਚ ਅੰਤਾਂ ਦਾ ਨਿਘਾਰ ਆਉਣ ਲਗਦਾ ਹੈ।