ਕੋਲੰਬੋ- ਇਥੇ ਖੇਡੇ ਗਏ ਫਾਈਨਲ ਮੈਚ ਵਿਚ ਵੈਸਟ ਇੰਡੀਜ਼ ਦੀ ਟੀਮ ਨਵੀਂ ਵਿਸ਼ਵ ਚੈਂਪੀਅਨ ਬਣ ਗਈ। ਵੈਸਟ ਇੰਡੀਜ਼ ਦੀ ਟੀਮ ਨੇ ਸ੍ਰੀਲੰਕਾ ਨੂੰ 36 ਦੌੜਾਂ ਨਾਲ ਹਰਾਕੇ ਇਹ ਚੈਂਪੀਅਨਸ਼ਿਪ ਜਿੱਤ ਲਈ। ਇਸ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਰਲੇਨ ਸੈਮੁਅਲ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।
ਪਹਿਲਾਂ ਖੇਡਦਿਆਂ ਹੋਇਆਂ ਵੈਸਟ ਇੰਡੀਜ਼ ਦੀ ਟੀਮ ਨੇ 137 ਦੌੜਾਂ ਬਣਾਈਆਂ ਸਨ। ਉਨ੍ਹਾਂ ਦਾ ਪਿੱਛਾ ਕਰਦਿਆਂ ਹੋਇਆਂ ਸ੍ਰੀਲੰਕਾ ਦੀ ਟੀਮ ਸਿਰਫ਼ 101 ਦੌੜਾਂ ਬਣਾਕੇ ਹੀ 18.4 ਓਵਰਾਂ ਵਿਚ ਆਲ ਆਊਟ ਹੋ ਗਈ। ਇਸ ਹਾਰ ਤੋਂ ਬਾਅਦ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਟੀਮ ਦੇ ਕਪਤਾਨ ਮਹੇਲਾ ਜੈਵਰਧਨੇ ਨੇ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ।
ਜਿੱਤ ਲਈ ਵੈਸਟ ਇੰਡੀਜ਼ ਵਲੋਂ ਦਿੱਤੇ ਗਏ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਉਤਰੀ ਸ੍ਰੀਲੰਕਾ ਦੀ ਟੀਮ ਦੇ ਓਪਨ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਰਾਮਪਾਲ ਦੇ ਪਹਿਲੇ ਹੀ ਓਵਰ ਵਿਚ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਇਸਤੋਂ ਬਾਅਦ ਮਹੇਲਾ ਜੈਵਰਧਨੇ ਅਤੇ ਕੁਮਾਰ ਸੰਗਾਕਾਰਾ ਨੇ ਖੇਡ ਨੂੰ ਹੌਲੀ ਹੌਲੀ ਅੱਗੇ ਵਧਾਇਆ ਜਿਸ ਕਰਕੇ ਰਨ ਰੇਟ ਕਾਫ਼ੀ ਮਧਮ ਹੋ ਗਿਆ। ਸੰਗਾਕਾਰਾ 22 ਦੌੜਾਂ ਬਣਾਕੇ ਬਦਰੀ ਦੀ ਗੇਂਦ ‘ਤੇ ਆਊਟ ਹੋ ਗਏ। ਇਸਤੋਂ ਬਾਅਦ ਮੈਥਿਊ ਸੈਮੀ ਦੀ ਗੇਂਦ ‘ਤੇ ਆਊਟ ਹੋ ਗਏ। 10 ਓਵਰ ਪੂਰੇ ਹੋਣ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਦਾ ਸਕੋਰ 3 ਵਿਕਟਾਂ ਗੁਆਕੇ ਸਿਰਫ਼ 51 ਦੌੜਾਂ ਹੀ ਬਣਿਆਂ ਸੀ। ਇਸਤੋਂ ਬਾਅਦ ਇਕ ਰਿਵਰਸ ਸਵੀਪ ਖੇਡਣ ਦੇ ਚੱਕਰ ਵਿਚ ਜੈਵਰਧਨੇ ਵੀ 33 ਦੌੜਾਂ ਬਣਾਕੇ ਆਊਟ ਹੋ ਗਏ। ਜੈਵਰਧਨੇ ਤੋਂ ਬਾਅਦ ਸ੍ਰੀਲੰਕਾ ਦੀਆਂ ਦੋ ਵਿਕਟਾਂ ਜਲਦੀ ਜਲਦੀ ਡਿੱਗ ਗਈਆਂ। ਕੁਲਸੇਖਰਾ ਨੇ ਕੁਝ ਚੌਕੇ ਛੱਕੇ ਜੜਕੇ ਟੀਮ ਦੀ ਰਫ਼ਤਾਰ ਨੂੰ ਤੇਜ਼ੀ ਦਿੱਤੀ ਪਰ ਉਸਦੇ ਆਊਟ ਹੋਣ ਤੋਂ ਬਾਅਦ ਟੀਮ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ।
ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਵੈਸਟ ਇੰਡੀਜ਼ ਦੇ ਦੋਵੇਂ ਹੀ ਓਪਨ ਕ੍ਰਿਸ ਗੇਲ ਅਤੇ ਚਾਰਲਸ ਕੋਈ ਖਾਸ ਨਾ ਕਰ ਸਕੇ। ਚਾਰਲਸ ਬਿਨਾਂ ਕੋਈ ਦੌੜ ਬਣਾਇਆਂ ਮੈਥਿਊ ਦੀ ਗੇਂਦ ‘ਤੇ ਆਊਟ ਹੋ ਗਏ। ਪਹਿਲੇ 10 ਓਵਰਾਂ ਵਿੱਚ ਕੱਸੀ ਹੋਈ ਗੇਂਦਬਾਜ਼ੀ ਕਰਕੇ ਵੈਸਟ ਇੰਡੀਜ਼ ਦੀ ਟੀਮ ਸਿਰਫ਼ 35 ਦੌੜਾਂ ਹੀ ਬਣਾ ਸਕੀ। ਵੈਸਟ ਇੰਡੀਜ਼ ਦੇ ਖਿਡਾਰੀ ਮਾਰਲੇਨ ਸਾਮੁਅਲ ਨੇ ਖੇਡ ਦੀ ਰਫ਼ਤਾਰ ਵਿਚ ਤੇਜ਼ੀ ਲਿਆਉਂਦਿਆਂ ਹੋਇਆਂ 56 ਗੇਂਦਾਂ ਵਿਚ ਚੌਕਿਆਂ ਅਤੇ ਛਕਿਆਂ ਦੀ ਝੜੀ ਲਾਉਂਦਿਆਂ ਹੋਇਆਂ 78 ਦੌੜਾਂ ਬਣਾਈਆਂ।
ਸ੍ਰੀਲੰਕਾ ਦੇ ਗੇਂਦਬਾਜ਼ ਅਜੰਤਾ ਮੈਡਿਸ ਨੇ ਆਪਣੇ ਚਾਰ ਓਵਰਾਂ ਵਿਚ 12 ਦੌੜਾਂ ਦੇਕੇ ਚਾਰ ਵਿਕਟਾਂ ਲਈਆਂ।
ਵੈਸਟ ਇੰਡੀਜ਼ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਰਲੇਨ ਸੈਮੁਅਲ ਨੂੰ 78 ਦੌੜਾਂ ਬਣਾਉਣ ਕਰਕੇ ਅਤੇ 1 ਵਿਕਟ ਲੈਣ ਕਰਕੇ ‘ਮੈਨ ਆਫ ਦ ਮੈਚ’ ਚੁਣਿਆ ਗਿਆ।