ਅਜੀਤਗੜ੍ਹ,(ਪੰਚ ਪਰਧਾਨੀ)-ਅਕਾਲੀ ਦਲ ਪੰਚ ਪਰਧਾਨੀ ਦੇ ਸਾਬਕਾ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਪੰਚ ਪਰਧਾਨੀ ਦੇ ਮੌਜੂਦਾ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਸਮੂਹ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਰਾਜ ਭਵਨ ਚੰਡੀਗੜ ਵੱਲ ਰੋਸ ਮਾਰਚ ਕੀਤਾ ਗਿਆ ਜਿਸਨੂੰ ਚੰਡੀਗੜ ਪੁਲਿਸ ਵਲੋਂ ਵਾਈ.ਪੀ.ਐੱਸ ਚੌਕ ਵਿਖੇ ਭਾਰੀ ਫੋਰਸ ਨਾਲ ਰੋਕ ਦਿੱਤਾ ਗਿਆ ਜਿੱਥੇ ਰਾਜ ਭਵਨ ਦੇ ਨੁੰਮਾਇੰਦੇ ਨੇ ਪੰਥਕ ਆਗੂਆਂ ਤੋਂ ਯਾਦ ਪੱਤਰ ਪ੍ਰਾਪਤ ਕੀਤਾ।
ਇਸ ਮੌਕੇ ਬੋਲਦਿਆ ਪੰਥਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਪੁਲਸ ਤੇ ਭਾਰਤ ਦੀਆਂ ਏਜੰਸੀਆਂ ਵੱਲੋਂ ਅਕਾਲੀ ਦਲ ਪੰਚ ਪ੍ਰਧਾਨੀ ਖਿਲਾਫ ਚਲਾਏ ਜਾ ਰਹੇ ਦਮਨ-ਚੱਕਰ ਤਹਿਤ ਪੰਥਕ ਆਗੂਆਂ ਨੂੰ ਝੂਠੇ ਕੇਸ ਪਾ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ; ਉਨ੍ਹਾਂ ਉੱਤੇ ਸਰੀਰਕ ਤੇ ਮਾਨਸਕ ਤਸ਼ੱਦਦ ਕੀਤਾ ਜਾ ਰਿਹਾ ਹੈ; ਸਨਸਨੀਖੇਜ਼ ਪਰ ਝੂਠੇ ਦਾਅਵਿਆਂ ਰਾਹੀਂ ਦਲ ਖਿਲਾਫ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਆਗੂਆਂ ਨੂੰ ਬਦਨਾਮ ਕਰਨ ਅਤੇ ਜਲੀਲ ਕਰਕੇ ਜਨਤਕ ਪਿੜ ਵਿਚੋਂ ਬਾਹਰ ਕਰਨ ਦੀਆਂ ਸਾਜਿਸ਼ਾਂ ਅਤੇ ਕਾਰਵਾਈਆਂ ਹੋ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਪੁਲਸ ਦੇ ਉੱਚ ਅਫਸਰਾਂ ਵੱਲੋਂ ਤਰੱਕੀਆਂ, ਵੱਧ ਤਨਖਾਹਾਂ, ਵਧੇਰੇ ਸਹੂਲਤਾਂ ਅਤੇ ਗੈਰ-ਨਿਆਇਕ ਤੇ ਵਾਧੂ ਤਾਕਤਾਂ ਦੇ ਲਾਲਚ ਵਿਚ ਪੰਜਾਬ ਅੰਦਰ ਵਾਰ-ਵਾਰ ਖਾੜਕੂਵਾਦ ਦਾ ਹਊਆਂ ਖੜ੍ਹਾ ਕੀਤਾ ਜਾ ਰਿਹਾ ਹੈ। ਇਹ ਅਮਲ ਪਿਛਲੇ ਤਕਰੀਬਨ ਡੇਢ-ਦੋ ਦਹਾਕੇ ਤੋਂ ਲਗਾਤਾਰ ਵਾਪਰਦਾ ਆ ਰਿਹਾ ਹੈ। ਇੰਝ ਪੁਲਸ ਵੱਲੋਂ ਹਾਸਲ ਕੀਤੀ ਜਾ ਰਹੀ ਤਾਕਤ ਨਾ ਸਿਰਫ ਸਰਕਾਰੀ ਵਿਚਾਰਧਾਰਾ ਨਾਲ ਸਿਧਾਂਤਕ ਮਤਭੇਦ ਰੱਖਣ ਵਾਲੀਆਂ ਧਿਰਾਂ ਲਈ ਹੀ ਘਾਤਕ ਹੈ ਬਲਕਿ ਅਜਿਹੀ ਤਾਕਤ ਦੀ ਦੁਰਵਰਤੋਂ ਪੰਜਾਬ ਪੁਲਸ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੁੱਟਣ, ਲੁੱਟਣ ਤੇ ਮਾਰਨ ਲਈ ਵੀ ਕੀਤੀ ਜਾ ਰਹੀ ਹੈ। ਇਸ ਦੀਆਂ ਅਨੇਕਾਂ ਉਦਾਹਰਨਾਂ ਮੌਜੂਦ ਹਨ ਕਿ ਜਦੋਂ ਸਮਾਜ ਦੇ ਆਮ ਹਿੱਸਿਆਂ ਨੂੰ ਵੀ ਪੁਲਸ ਤਾਕਤ ਦੀ ਇਸ ਅੰਨ੍ਹੀ ਦੁਰਵਰਤੋਂ ਦਾ ਸੰਤਾਪ ਹੰਡਾਉਣਾ ਪਿਆ ਹੈ।
ਉਹਨਾਂ ਕਿਹਾ ਕਿ ਆਗੂਆਂ ਖਿਲਾਫ ਕਾਨੂੰਨ ਦੀ ਖੁੱਲ੍ਹੀ ਦੁਰਵਰਤੋਂ ਕੀਤੀ ਜਾ ਰਹੀ ਹੈ। ਤਾਜਾ ਮਾਮਲੇ ਵਿਚ ਵੀ ਪੰਜਾਬ ਪੁਲਸ ਨੇ ਪੰਚ ਪ੍ਰਧਾਨੀ ਦੇ ਆਗੁਆਂ ਖਿਲਾਫ “ਅਸਲਾ ਕਾਨੂੰਨ, 1959” ਅਤੇ “ਬਾਰੂਦ ਕਾਨੂੰਨ 1884” ਦੀਆਂ ਧਾਰਵਾਂ ਬਿਨਾ ਕਿਸੇ ਬਰਾਮਦੀ ਦੇ ਹੀ ਲਗਾ ਦਿੱਤੀਆਂ। ਸਿਤਮ ਦੀ ਗੱਲ ਹੈ ਕਿ ਜਿਸ ਸਮੇਂ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਭਾਈ ਦਲਜੀਤ ਸਿੰਘ ਖਿਲਾਫ ਐਫ. ਆਈ. ਆਰ. ਦਰਜ ਕੀਤੀ ਗਈ ਉਸ ਸਮੇਂ ਦੋਵੇਂ ਆਗੂ ਪਹਿਲਾਂ ਹੀ ਇਹਤਿਆਤੀ ਨਜ਼ਰਬੰਦੀ ਤਹਿਤ ਲੁਧਿਆਣਾ ਜੇਲ੍ਹ ਵਿਚ ਨਜ਼ਰਬੰਦ ਸਨ।ਕਾਨੂੰਨੀ ਤਰੀਕੇ ਨਾਲ ਛਪੀਆਂ ਕਿਤਾਬਾਂ ਰਸਾਲਿਆਂ, ਜੋ ਆਮ ਹੀ ਬਜ਼ਾਰ ਵਿਚ ਵਿਕਦੇ ਹਨ, ਨੂੰ ਦੇਸ਼-ਵਿਰੋਧੀ ਸਾਹਿਤ ਦਰਸਾ ਕੇ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਭਾਈ ਦਲਜੀਤ ਸਿੰਘ ਉੱਪਰ “ਭਾਰਤ ਖਿਲਾਫ ਜੰਗ ਛੇੜਨ” ਅਤੇ “ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ” ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਝੂਠੇ ਦੋਸ਼ ਲਗਾਏ ਗਏ ਹਨ।ਪੰਜਾਬ ਵਿਚ ਸਿੱਖ ਆਗੂਆਂ ਖਿਲਾਫ “ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ” ਦੀ ਬਿਲਕੁਲ ਉਸੇ ਤਰ੍ਹਾਂ ਦੁਰਵਰਤੋਂ ਹੋ ਰਹੇ ਹੈ ਜਿਵੇਂ ਕਿਸੇ ਸਮੇਂ “ਟਾਡਾ” ਜਿਹੇ ਕਾਲੇ ਕਾਨੂੰਨ ਦੀ ਹੁੰਦੀ ਰਹੀ ਹੈ।
ਆਗੂਆਂ ਨੇ ਪੰਜਾਬ ਸਰਕਾਰ ਉੱਤੇ ਕਰਾਰੀਆਂ ਚੋਟਾਂ ਕਰਦਿਆਂ ਕਿਹਾ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਪੰਥਕ ਆਗੂਆਂ ਖਿਲਾਫ ਚੱਲ ਰਹੇ ਇਸ ਦਮਨ ਚੱਕਰ ਲਈ ਬਰਾਬਰ ਦਾ ਦੋਸ਼ੀ ਹੈ।ਬਾਦਲ ਦੀਆਂ ਸਿੱਖੀ ਅਤੇ ਪੰਥ ਵਿਰੋਧੀ ਕਾਰਵਾਈਆਂ ਨੂੰ ਪਿਛਲੇ ਸਮੇਂ ਦੌਰਾਨ, ਖਾਸ ਕਰ ਸਾਲ 2007 ਤੋਂ, ਲੋਕਾਂ ਦੀ ਕਚਹਿਰੀ ਵਿਚ ਨੰਗਾ ਕਰਨਾ ਅਤੇ ਹੁਣ ਬਾਦਲ ਦਲ ਤੇ ਪੰਜਾਬ ਸਰਕਾਰ ਵੱਲੋਂ ਡੇਰੇਦਾਰਾਂ ਨੂੰ ਦਿਤੀ ਜਾ ਰਹੀ ਸਹਿ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਕੀਤੀ ਜਾ ਰਹੀ ਦੁਰਵਰਤੋਂ ਦੇ ਮਾਮਲਿਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਕਾਰਨ ਬਾਦਲ ਸਰਕਾਰ ਨੇ ਪੰਚ ਪ੍ਰਧਾਨੀ ਖਿਲਾਫ ਚੱਲ ਰਹੇ ਮੌਜੂਦਾ ਦਮਨ-ਚੱਕਰ ਨੂੰ ਖੁੱਲ੍ਹ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਬਾਦਲ ਸਰਕਾਰ ਪੰਚ ਪ੍ਰਧਾਨੀ ਉੱਪਰ ਚੱਲ ਰਹੇ ਦਮਨ-ਚੱਕਰ ਨੂੰ ਖੁੱਲ੍ਹ ਦੇ ਕੇ ਸਿੱਖ-ਵਿਰੋਧੀ ਡੇਰੇਦਾਰਾਂ, ਜਿਵੇਂ ਕਿ ਡੇਰਾ ਸਿਰਸਾ, ਡੇਰਾ ਬਿਆਸ ਅਤੇ ਡੇਰਾ ਨੂਰਮਹਲ ਆਦਿ, ਦੇ ਪੈਰੋਕਾਰਾਂ ਨੂੰ ਵੀ ਖੁਸ਼ ਕਰਨ ਦਾ ਯਤਨ ਕਰ ਰਹੀ ਹੈ।
ਇਸ ਮੌਕੇ ਅਕਾਲੀ ਦਲ ਪੰਚ ਪਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ, ਪੰਥਕ ਸੇਵਾ ਲਹਿਰ ਦੇ ਬਾਬਾ ਬਲਜੀਤ ਸਿੰਘ ਖ਼ਾਲਸਾ ਦਾਦੂ ਸਾਹਿਬ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋ. ਮਹਿੰਦਰਪਾਲ ਸਿੰਘ, ਦਲ ਖ਼ਾਲਸਾ ਦੇ ਭਾਈ ਹਰਚਰਨਜੀਤ ਸਿੰਘ ਧਾਮੀ, ਅਕਾਲੀ ਦਲ ਸੁਤੰਤਰ ਦੇ ਭਾਈ ਪਰਮਜੀਤ ਸਿੰਘ ਸਹੌਲ਼ੀ, ਅਕਾਲੀ ਦਲ ਚੰਡੀਗੜ ਦੇ ਭਾਈ ਗੁਰਨਾਮ ਸਿੰਘ ਸਿੱਧੂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਪਰਮਜੀਤ ਸਿੰਘ ਗਾਜ਼ੀ, ਖਾਲਸਾ ਪੰਚਾਇਤ ਦੇ ਭਾਈ ਰਜਿੰਦਰ ਸਿੰਘ ਖ਼ਾਲਸਾ, ਬਹੁਜਨ ਸਮਾਜ ਮੋਰਚਾ ਦੇ ਜਸਵਿੰਦਰ ਸਿੰਘ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਏਕ ਨੂਰ ਖ਼ਾਲਸਾ ਫੌਜ ਦੇ ਭਾਈ ਬਲਜਿੰਦਰ ਸਿੰਘ ਖ਼ਾਲਸਾ, ਗੁਰੂ ਆਸਰਾ ਟਰੱਸਟ ਦੇ ਬੀਬੀ ਕੁਲਵੀਰ ਕੌਰ, ਐਡਵੋਕੇਟ ਅਮਰ ਸਿੰਘ ਚਾਹਲ, ਸ. ਇਕਬਾਲ ਸਿੰਘ ਟਿਵਾਣਾ, ਭਾਈ ਹਰਭਜਨ ਸਿੰਘ ਕਸ਼ਮੀਰੀ, ਭਾਈ ਕੁਲਵੀਰ ਬੜਾ ਪਿੰਡ ਦੀ ਧਰਮ ਸੁਪਤਨੀ ਬੀਬੀ ਖੁਸ਼ਮੀਰ ਕੌਰ, ਭਾਈ ਕੁਲਦੀਪ ਸਿੰਘ ਭਾਗੋਵਾਲ, ਭਾਈ ਗੁਰਦੀਪ ਸਿੰਘ ਕਾਲਕਟ, ਭਾਈ ਰਣਬੀਰ ਸਿੰਘ ਗੀਗਨੋਵਾਲ, ਭਾਈ ਰਾਜਪਾਲ ਸਿੰਘ, ਜਸਵਿੰਦਰ ਸਿੰਘ ਬਰਾੜ, ਭਾਈ ਸੁਖਪ੍ਰੀਤ ਸਿੰਘ ਢਾਡੀ, ਭਾਈ ਅਮਰੀਕ ਸਿੰਘ ਭੇਰੋਮਾਜਰਾ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਦਲਜੀਤ ਸਿੰਘ ਮੌਲਾ, ਭਾਈ ਗੁਰਵਿੰਦਰ ਸਿੰਘ ਈਸੜੂ, ਭਾਈ ਕਰਨੈਲ ਸਿੰਘ ਘੋੜਾਵਾਹਾ ਆਦਿ ਵੀ ਹਾਜ਼ਰ ਸਨ।