ਅੰਮ੍ਰਿਤਸਰ: – ਦੇਸ਼, ਕੌਮ, ਧਰਮ ਜਾਂ ਸਮਾਜ ਦੀ ਸੇਵਾ ਕਰਨ ਵਾਲੇ ਇਨਸਾਨਾਂ ਵਲੋਂ ਆਪਣੇ ਜੀਵਨ ਕਾਲ ’ਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਜਾਂ ਹੱਡ ਬੀਤੀਆਂ ਜਿਥੇ ਉਨ੍ਹਾਂ ਦੇ ਜੀਵਨ ਦੇ ਯਾਦਗਾਰੀ ਪਲ ਬਣ ਜਾਂਦੇ ਹਨ ਉਥੇ ਉਹ ਹੋਰਨਾਂ ਲਈ ਪ੍ਰੇਰਨਾ ਸਰੋਤ ਵੀ ਹੁੰਦੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਟਕਸਾਲੀ ਅਕਾਲੀ ਸਵ: ਸ. ਪੂਰਨ ਸਿੰਘ ਭੌਰ ਵਲੋਂ ਅਕਾਲੀ ਮੋਰਚਿਆਂ ਤੇ ਪੰਥਕ ਸੰਘਰਸ਼ ਵਿਚ ਵਿਚਰਦੇ ਸਮੇਂ ਆਪਣੇ ਜੀਵਨ ਕਾਲ ’ਚ ਰਚੀਆਂ ਕਵਿਤਾਵਾਂ ਤੇ ਰੁਬਾਈਆਂ ਦੀ ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸੰਪਾਦਤ ਕੀਤੀ ਪੁਸਤਕ ‘ਸੁਖ ਸਤਿਗੁਰ ਸ਼ਰਨੀ’ ਰਲੀਜ਼ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਵ: ਸ. ਪੂਰਨ ਸਿੰਘ ਭੌਰ ਗੁਰਮਤਿ ਦੇ ਧਾਰਨੀ ਤੇ ਪੰਥ ਨੂੰ ਸਮਰਪਿਤ ਚੜ੍ਹਦੀ ਕਲਾ ਵਾਲੇ ਇਨਸਾਨ ਸਨ ।ਉਨ੍ਹਾਂ ਨੇ ਦੇਸ਼ ਦੀ ਅਜ਼ਾਦੀ , ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਮੋਰਚਿਆਂ ’ਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਪ੍ਰੀਵਾਰ ਨੂੰ ਵੀ ਗੁਰਮਤਿ ਦ੍ਰਿੜ ਕਰਾਈ। ਜਮਹੂਰੀ ਢੰਗ ਤਰੀਕਿਆਂ ਨਾਲ ਸੰਗਤਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਉਨ੍ਹਾਂ ਦੇ ਬੇਟੇ ਸ. ਸੁਖਦੇਵ ਸਿੰਘ ਭੌਰ ਇਸ ਗੱਲ ਦਾ ਪ੍ਰਤੀਕ ਹਨ ਅਤੇ ਪੰਥਕ ਹਲਕਿਆਂ ’ਚ ਉਨ੍ਹਾਂ ਦਾ ਵੱਡਾ ਨਾਮ ਹੈ। ਉਨ੍ਹਾਂ ਕਿਹਾ ਕਿ ਸਵ: ਸ. ਪੂਰਨ ਸਿੰਘ ਜੀ ਵਲੋਂ ਆਪਣੇ ਜੀਵਨ ’ਚ ਅਕਾਲੀ ਮੋਰਚਿਆਂ, ਪੰਥਕ ਸੰਘਰਸ਼ਾਂ ’ਚੋਂ ਵਿਚਰਦੇ ਸਮੇਂ ਆਪਣੇ ਤਜ਼ਰਬਿਆਂ ’ਤੇ ਅਧਾਰਤ ਰਚੀਆਂ ਕਵਿਤਾਵਾਂ ਤੇ ਰੁਬਾਈਆਂ ਨੂੰ ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਇਕ ਪੁਸਤਕ ਦਾ ਰੂਪ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਲਾਇਬ੍ਰੇਰੀਆਂ ਨੂੰ ਮੁਹੱਈਆ ਕੀਤੇ ਜਾਣ ਵਾਲੇ ਲਿਟਰੇਚਰ ’ਚ ਸ਼੍ਰੋਮਣੀ ਕਮੇਟੀ ਵਲੋਂ ਇਹ ਪੁਸਤਕ ਵੀ ਸੰਗਤਾਂ ਨੂੰ ਮੁਹੱਈਆ ਕੀਤੀ ਜਾਵੇਗੀ ਤਾਂ ਜੋ ਹਰ ਪਾਠਕ ਇਨ੍ਹਾਂ ਲਿਖਤਾਂ ਦਾ ਲਾਹਾ ਲੈ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮਹਾਨ ਮਨੁੱਖ ਵਲੋਂ ਆਪਣੇ ਤਜ਼ਰਬਿਆਂ ’ਤੇ ਅਧਾਰਤ ਪੁਸਤਕ ਅਸਲੀਅਤ ਤੇ ਨਜ਼ਦੀਕ ਹੁੰਦੀ ਹੈ ਅਤੇ ਪਾਠਕ ਅਜਿਹੀ ਪੁਸਤਕ ਨੂੰ ਪੜ੍ਹਨ ’ਚ ਦਿਲਚਸਪੀ ਵੀ ਲੈਂਦੇ ਹਨ। ਜਥੇਦਾਰ ਅਵਤਾਰ ਸਿੰਘ ਨੇ ਇਸ ਪੁਸਤਕ ਦੀ ਪਹਿਲੀ ਕਾਪੀ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲਿਆਂ ਨੂੰ ਭੇਟ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਸ. ਮਲਕੀਤ ਸਿੰਘ ਬੰਗਾ, ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸਕੱਤਰ ਸ. ਜੋਗਿੰਦਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ, ਮੀਤ ਸਕੱਤਰ ਸ. ਉਂਕਾਰ ਸਿੰਘ, ਨਿੱਜੀ ਸਹਾਇਕ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸ਼੍ਰੋਮਣੀ ਕਮੇਟੀ ਦੇ ਅਕਾਊਂਟੈਂਟ ਸ. ਰਜਿੰਦਰ ਸਿੰਘ ਅਤੇ ਸ. ਹਰਿੰਦਰਪਾਲ ਸਿੰਘ, ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ ਆਦਿ ਹਾਜ਼ਰ ਸਨ।