ਨਵੀਂ ਦਿੱਲੀ- ਰਸੋਈ ਗੈਸ ਲੈਣ ਲਈ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਰਹੀਆਂ ਹਨ। ਗੈਸ ਕੰਪਨੀਆਂ ਨੇ ਇਹ ਸ਼ਰਤ ਰੱਖ ਦਿੱਤੀ ਹੈ ਕਿ ਘਰੇਲੂ ਗੈਸ ਗਾਹਕ ਕਾਰਡ (ਬਲਿਊ ਬੁੱਕ) ਨਹੀਂ ਹੋਣ ਤੇ ਉਪਭੋਗਤਾਵਾਂ ਨੂੰ ਰੀਫਿਲ ਸਿਲੰਡਰ ਨਹੀਂ ਮਿਲੇਗਾ। ਕੰਪਨੀਆਂ ਨੇ ਏਜੰਸੀਆਂ ਨੂੰ ਇਹ ਫੁਰਮਾਨ ਜਾਰੀ ਕੀਤੇ ਹਨ ਕਿ ਕਿਸੇ ਵੀ ਗਾਹਕ ਨੂੰ ਬਲਿਊ ਬੁੱਕ ਤੋਂ ਬਿਨਾਂ ਐਲਪੀਜੀ ਸਿਲੰਡਰ ਨਾਂ ਦਿੱਤਾ ਜਾਵੇ। ਹੁਣ ਡਿਲਵਰੀਮੈਨ ਬਲਿਊ ਬੁੱਕ ਵਿੱਚ ਐਂਟਰੀ ਕੀਤੇ ਬਗੈਰ ਰਸੋਈ ਗੈਸ ਸਿਲੰਡਰ ਨਹੀਂ ਸੌਂਪੇਗਾ।
ਤੇਲ ਕੰਪਨੀਆਂ ਨੇ ਪੁਰਾਣੇ ਗਾਹਕਾਂ ਲਈ ਇਹ ਸਹੂਲਤ ਦੇ ਦਿੱਤੀ ਹੈ ਕਿ ਬਲਿਊ ਬੁੱਕ ਦੇ ਗੁੰਮ ਹੋਣ ਦੀ ਸਥਿਤੀ ਵਿੱਚ ਏਜੰਸੀ ਦੇ ਸਾਹਮਣੇ ਹਲਫ਼ਨਾਮਾ ਪੇਸ਼ ਕਰਕੇ ਨਵਾਂ ਗਾਹਕ ਕਾਰਡ ਬਣਾਇਆ ਜਾ ਸਕਦਾ ਹੈ। ਰੀਫਿਲ ਸਿਲੰਡਰ ਲੈਣ ਸਮੇਂ ਵੈਨਡਰ ਅਤੇ ਗਾਹਕ ਨੂੰ ਬਲਿਊ ਬੁੱਕ ਤੇ ਦਸਤਖਤ ਕਰਨੇ ਹੋਣਗੇ।ਅਜਿਹਾ ਨਹੀਂ ਕਰਨ ਤੇ ਸਿਲੰਡਰ ਨਹੀਂ ਦਿੱਤਾ ਜਾਵੇਗਾ। ਕੰਪਨੀਆਂ ਨਵੇਂ ਕੈਸ਼ਮੀਮੋ ਵੀ ਛਪਵਾ ਰਹੀਆਂ ਹਨ, ਜਿਸ ਵਿੱਚ ਗਾਹਕ ਨੂੰ ਦਿੱਤੇ ਗਏ ਸਿਲੰਡਰਾਂ ਦੀ ਸੰਖਿਆ, ਪ੍ਰਤੀ ਗਾਹਕ ਘਰੇਲੂ ਗੈਸ ਦੀ ਰਿਆਇਤ ਅਤੇ ਗੈਰ ਰਿਆਇਤ ਸਿਲੰਡਰ ਦੀ ਖਪਤ ਸਬੰਧੀ ਜਾਣਕਾਰੀ ਹੋਵੇਗੀ।