ਪਟਿਆਲਾ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਰਾਜਵੰਤ ਕੌਰ ਪੰਜਾਬੀ ਨੂੰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵੱਲੋਂ ‘ਡਾ. ਜਸਵੰਤ ਗਿੱਲ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਡਾ. ‘ਪੰਜਾਬੀ’ ਨੂੰ ਇਸ ਸਨਮਾਨ ਵਿਚ 15,000 ਰੁਪਏ ਦੀ ਨਗਦ ਰਾਸ਼ੀ ਅਤੇ ਦੁਸ਼ਾਲਾ ਭੇਂਟ ਕੀਤੇ ਗਏ। ਡਾ. ਪੰਜਾਬੀ ਦੀ ਸਾਹਿਤਕ ਦੇਣ ਬਾਰੇ ਸ਼੍ਰੋਮਣੀ ਲਿਖਾਰੀ ਸੁਰਜੀਤ ਸਿੰਘ ਮਰਜਾਰਾ ਨੇ ਪੇਪਰ ਪੜ੍ਹਿਆ। ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸ.ਸ.ਜੌਹਲ ਨੇ ਕਿਹਾ ਕਿ ਸਮਾਜਿਕ ਸਰੋਕਾਰਾਂ ਅਤੇ ਕੁਦਰਤ ਨਾਲ ਜੁੜ ਕੇ ਲਿਖਿਆ ਸਾਹਿਤ ਹੀ ਜਿਉਂਦਾ ਰਹਿ ਸਕਦਾ ਹੈ। ਟਰੱਸਟ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਨਾਵਲਕਾਰ ਸ੍ਰ. ਜਸਵੰਤ ਸਿੰਘ ਕੰਵਲ ਨੇ ਸਨਮਾਨਾਂ ਬਾਰੇ ਵਾਕਫ਼ੀਅਤ ਦਿੰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਵਿਚ ਲੱਗੇ ਹੋਏ ਸਾਹਿਤਕਾਰਾਂ ਨੂੰ ਸਨਮਾਨ ਦੇਣਾ ਸਾਡਾ ਫਰਜ਼ ਹੈ। ਅੱਜ ਪੰਜਾਬ ਨੂੰ ਬਚਾਉਣ ਲਈ ਹੋਰ ਵਿਦਵਾਨਾਂ, ਚਿੰਤਕਾਂ ਤੇ ਲਿਖਾਰੀਆਂ ਨੂੰ ਅੱਗੇ ਆਉਣ ਦੀ ਲੋੜ ਹੈ। ਸਰਦਾਰ ਪੰਛੀ, ਅਮਰੀਕ ਡੋਗਰਾ ਅਤੇ ਭੁਪਿੰਦਰ ਨੂੰ ਵੀ ਸਨਮਾਨ ਦਿੱਤੇ ਗਏ। ਇਸ ਸਮਾਗਮ ਵਿਚ ਡਾ. ਦਰਸ਼ਨ ਸਿੰਘ ਆਸ਼ਟ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਪ੍ਰੋਫੈਸਰ ਕਿਸ਼ਨ ਸਿੰਘ ਆਦਿ ਪ੍ਰਸਿੱਧ ਲੇਖਕ ਹਾਜ਼ਰ ਸਨ। ਮੰਚ ਸੰਚਾਲਨ ਲੇਖਿਕਾ ਕੁਲਵਿੰਦਰ ਕੌਰ ਮਿਨਹਾਸ ਨੇ ਨਿਭਾਇਆ।