ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਦੂਸਰੇ ਰਾਂਊਂਡ ਦੀ ਡੀਬੇਟ ਦੌਰਾਨ ਵੀ ਰੋਮਨੀ ਨੇ ਰਾਸ਼ਟਰਪਤੀ ਓਬਾਮਾ ਨੂੰ ਚੰਗੀ ਤਰ੍ਹਾਂ ਘੇਰੀ ਰੱਖਿਆ। ਰੋਮਨੀ ਨੇ ਵਿਦੇਸ਼ ਨੀਤੀ, ਰੁਜ਼ਗਾਰ ਦੇ ਅਵਸਰਾਂ ਅਤੇ ਗੈਸ ਦੀਆਂ ਉਚੀਆਂ ਕੀਮਤਾਂ ਦੇ ਮੁੱਦਿਆਂ ਤੇ ਓਬਾਮਾ ਦੀ ਚੰਗੀ ਖਿਚਾਈ ਕੀਤੀ। ਦੋਵਾਂ ਉਮੀਦਵਾਰਾਂ ਨੇ ਸੀਐਨਐਨ ਦੀ ਪੱਤਰਕਾਰ ਸਿੰਡੀ ਕਰਾਉਲੀ ਅਤੇ 80 ਦਰਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਰੱਖੇ।
ਓਬਾਮਾ ਨੇ ਰੋਮਨੀ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਵੰਨ ਪੁਆਇੰਟ ਪਲਾਨ ਦਾ ਕੋਈ ਫਾਇਦਾ ਨਹੀਂ ਹੈ। ਇਹ ਸਿਰਫ਼ ਅਮੀਰਾਂ ਨੂੰ ਹੀ ਲਾਭ ਪਹੁੰਚਾਉਣ ਵਾਲਾ ਹੈ। ਰੋਮਨੀ ਨੇ ਵੀ ਓਬਾਮਾ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਸਨੇ ਆਪਣੇ ਸ਼ਾਸਨ ਕਾਲ ਦੇ ਪਿੱਛਲੇ ਚਾਰ ਸਾਲਾਂ ਵਿੱਚ ਆਮ ਆਦਮੀ ਨੂੰ ਕੁਚਲਿਆ ਹੈ। ਓਬਾਮਾ ਇਸ ਵਾਰ ਵੀ ਰੋਮਨੀ ਦੇ ਸਾਹਮਣੇ ਨਰਵਸ ਹੋ ਜਾਂਦੇ ਸਨ ਅਤੇ ਕਈ ਵਾਰ ਉਹ ਬਹਿਸ ਦੇ ਮੁੱਖ ਮੁੱਦੇ ਤੋਂ ਭਟਕ ਜਾਂਦੇ ਸਨ। ਚੀਨ ਨਾਲ ਓਬਾਮਾ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਤੇ ਵੀ ਰੋਮਨੀ ਨੇ ਸਖਤ ਪ੍ਰਤੀਕਿਰਿਆ ਦਿੱਤੀ।ਪਿੱਛਲੀ ਡੀਬੇਟ ਵਿੱਚ ਹਾਰ ਜਾਣ ਕਰਕੇ ਬੇਸ਼ੱਕ ਓਬਾਮਾ ਨੇ ਇਸ ਵਾਰ ਹਮਲਾਵਰ ਰੁੱਖ ਅਪਨਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਰੋਮਨੀ ਦੀਆਂ ਦਲੀਲਾਂ ਜਿਆਦਾ ਵਜ਼ਨਦਾਰ ਸਨ। ਓਬਾਮਾ ਨੇ ਆਪਣੇ ਆਪ ਨੂੰ ਡੀਫੈਂਡ ਕਰਨ ਲਈ ਕਈ ਵਾਰ ਝੂਠ ਦਾ ਸਹਾਰਾ ਵੀ ਲਿਆ। ਰੌਮਨੀ ਇਸ ਵਾਰ ਵੀ ਆਤਮ ਵਿਸ਼ਵਾਸ਼ ਅਤੇ ਧੀਰਜ ਨਾਲ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ, ਭਾਂਵੇ ਸਿੰਡੀ ਵੀ ਰਾਸ਼ਟਰਪਤੀ ਦੀ ਹੀ ਫੇਵਰ ਕਰ ਜਾਂਦੀ ਸੀ।
ਅਮਰੀਕੀ ਮੀਡੀਆ ਵਿੱਚ ਭਾਂਵੇ ਦੋਵਾਂ ਨੂੰ ਬਰਾਬਰੀ ਤੇ ਵਿਖਾਇਆ ਜਾ ਰਿਹਾ ਹੈ, ਪਰ ਅਸਲ ਵਿੱਚ ਇਹ ਡੀਬੇਟ ਅੱਖੀਂ ਵੇਖਣ ਵਾਲਿਆਂ ਅਨੁਸਾਰ ਰੋਮਨੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਦੋਵਾਂ ਵਿੱਚਕਾਰ ਇਸ ਸਮੇਂ ਕਾਂਟੇ ਦੀ ਟੱਕਰ ਚੱਲ ਰਹੀ ਹੈ। ਰੀਪਬਲੀਕਨ ਅਤੇ ਡੈਮੋਕਰੇਟ ਉਮੀਦਵਾਰ ਵਿੱਚਕਾਰ ਆਖਰੀ ਡੀਬੇਟ ਹੁਣ 22 ਅਕਤੂਬਰ ਨੂੰ ਹੋਵੇਗੀ।