ਨਵੀਂ ਦਿੱਲੀ- ਚੋਣ ਕਮਿਸ਼ਨ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਬੀਜੇਪੀ ਅਤੇ ਕਾਂਗਰਸ ਨੇ ਚੰਦਾ ਲੈਣ ਲਈ ਕਾਨੂੰਨ ਦੀ ਉਲੰਘਣਾ ਕੀਤੀ ਹੈ।ਇਨ੍ਹਾਂ ਦੋਵਾਂ ਰਾਜਨੀਤਕ ਪਾਰਟੀਆਂ ਨੇ ਐਫਸੀਆਰਏ ਦਾ ਉਲੰਘਣ ਕਰਕੇ ਮਲਟੀਨੈਸ਼ਨਲ ਕੰਪਨੀ ਵੇਦਾਂਤਾ ਗਰੁੱਪ ਦੀਆਂ ਸਹਾਇਕ ਇਕਾਈਆਂ ਤੋਂ ਚੰਦਾ ਪ੍ਰਾਪਤ ਕੀਤਾ।
ਚੋਣ ਕਮਿਸ਼ਨ ਨੇ ਇਨਕਮ ਟੈਕਸ ਵਿਭਾਗ ਦੀ ਮੱਦਦ ਨਾਲ ਇਹ ਜਾਣਕਾਰੀ ਹਾਸਿਲ ਕੀਤੀ। ਆਯੋਗ ਨੂੰ ਇਹ ਪਤਾ ਚਲਿਆ ਹੈ ਕਿ ਵੇਦਾਂਤਾ ਗਰੁੱਪ ਦੀਆਂ ਦੋ ਸਹਾਇਕ ਇਕਾਈਆਂ ਸਟਰਲਾਈਟ ਇੰਡਸਟਰੀਜ਼ ਅਤੇ ਸੇਸਾ ਗੋਆ ਗਰੁੱਪ ਤੋਂ ਦੋਵਾਂ ਪਾਰਟੀਆਂ ਨੇ 5-5 ਕਰੋੜ ਰੁਪੈ ਦਾ ਚੰਦਾ ਪ੍ਰਾਪਤ ਕੀਤਾ ਹੈ।ਦੇਸ਼ ਦੇ ਕਾਨੂੰਨ ਅਨੁਸਾਰ ਕੋਈ ਵੀ ਰਾਜਨੀਤਕ ਪਾਰਟੀ ਵਿਦੇਸ਼ੀ ਸਰੋਤਾਂ ਤੋਂ ਚੰਦਾ ਨਹੀਂ ਲੈ ਸਕਦੀ। ਚੋਣ ਕਮਿਸ਼ਨ ਨੇ ਗ੍ਰਹਿ ਵਿਭਾਗ ਨੂੰ ਇਹ ਸ਼ਿਕਾਇਤ ਕੀਤੀ ਹੈ ਕਿ ਇਸ ਪੂਰੇ ਲੈਣ-ਦੇਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਚੰਦਾ ਦੇਣ ਵਾਲੀਆਂ ਕੰਪਨੀਆਂ ਇੰਗਲੈਂਡ ਵਿੱਚ ਸਥਿਤ ਕੰਪਨੀ ਦੀਆਂ ਸਹਾਇਕ ਹਨ ਅਤੇ ਇਸ ਕਰਕੇ ਇਹ ਵਿਦੇਸ਼ੀ ਸਰੋਤ ਹਨ।
ਵੇਦਾਂਤਾ ਨੇ ਆਪਣੀ 2011-12 ਦੀ ਆਪਣੀ ਸਾਲਾਨਾ ਰਿਪੋਰਟ ਅਨੁਸਾਰ ਪਿੱਛਲੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ ਰਾਜਨੀਤਕ ਪਾਰਟੀਆਂ ਨੂੰ 56.9 ਲੱਖ ਡਾਲਰ (28 ਕਰੋੜ ਰੁਪੈ) ਦਿੱਤੇ ਹਨ। ਭਾਜਪਾ ਨੇ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ, ਜਦੋਂ ਕਿ ਕਾਂਗਰਸ ਨੇ ਵਿਦੇਸ਼ਾਂ ਤੋਂ ਚੰਦਾ ਪ੍ਰਾਪਤ ਕਰਨ ਸਬੰਧੀ ਸਾਫ ਇਨਕਾਰ ਕੀਤਾ ਹੈ।