ਨਵੀਂ ਦਿੱਲੀ- ਯੂਪੀਏ ਸਰਕਾਰ ਆਏ ਦਿਨ ਭ੍ਰਿਸ਼ਟਾਚਾਰ ਦੇ ਆਰੋਪਾਂ ਤੋਂ ਤੰਗ ਆ ਕੇ ਆਧਾਰ ਕਾਰਡ ਦੁਆਰਾ ਆਪਣਾ ਅਕਸ ਸਾਫ਼ ਸੁਥਰਾ ਕਰਨ ਦਾ ਯਤਨ ਕਰ ਰਹੀ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਜੈਪੁਰ ਦੇ ਨਜ਼ਦੀਕ ਡੁਡੁ ਪਿੰਡ ਵਿੱਚ ਆਧਾਰ ਕਾਰਡ ਰਾਹੀਂ ਸਬਸਿੱਡੀ ਦੇ ਨਕਦ ਭੁਗਤਾਨ ਦੀ ਸ਼ੁਰੂਆਤ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਇਸ ਨਾਲ ਗਰੀਬਾਂ ਅਤੇ ਜਰੂਰਤਮੰਦਾਂ ਦਾ ਜੀਵਨ ਬਦਲ ਜਾਵੇਗਾ। ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਲੋੜਵੰਦਾਂ ਤੱਕ ਮੱਦਦ ਸਿੱਧੇ ਤੌਰ ਤੇ ਪਹੁੰਚੇਗੀ ਅਤੇ ਵਿਚੋਲੇ ਖਤਮ ਹੋ ਜਾਣ ਨਾਲ ਹੇਰਾਫੇਰੀ ਅਤੇ ਦੇਰੀ ਦੀਆਂ ਸ਼ਿਕਾਇਤਾਂ ਵੀ ਘੱਟ ਜਾਣਗੀਆਂ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇੱਕ ਸਮਾਗਮ ਦੌਰਾਨ ਉਦੈਪੁਰ ਦੀ ਇੱਕ ਔਰਤ ਬਾਲੀ ਬਾਈ ਨੂੰ 21 ਕਰੋੜਵਾਂ ਆਧਾਰ ਕਾਰਡ ਸੌਂਪਦੇ ਹੋਏ ਕਿਹਾ ਕਿ ਇਸ ਸਕੀਮ ਦਾ ਲਾਭ ਕਰੋੜਾਂ ਗਰੀਬਾਂ, ਬੇਰੁਜ਼ਗਾਰਾਂ ਅਤੇ ਮਰੀਜਾਂ ਨੂੰ ਹੋਵੇਗਾ। ਪਛਾਣ ਸਾਬਿਤ ਕਰਨ ਲਈ ਕਿਸੇ ਵਿਅਕਤੀ ਨੂੰ ਸੰਕਟ ਨਹੀਂ ਹੋਵੇਗਾ। ਬੈਂਕ ਖਾਤਾ ਖੋਲ੍ਹਣ, ਟੈਲੀਫ਼ੋਨ ਕਨੈਕਸ਼ਨ ਲੈਣ ਅਤੇ ਹਵਾਈ ਜਾਂ ਰੇਲਵੇ ਟਿਕਟ ਲੈਣ ਸਮੇਤ ਹੋਰ ਕਈ ਕੰਮਾਂ ਵਿੱਚ ਇਸ ਨਾਲ ਮੱਦਦ ਮਿਲੇਗੀ। ਬਜ਼ੁਰਗਾਂ ਨੂੰ ਉਨ੍ਹਾਂ ਦੀ ਪੈਨਸ਼ਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਜੀਫ਼ੇ ਦੀ ਰਕਮ ਸਿੱਧੇ ਤੌਰ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਇਸ ਯੋਜਨਾਂ ਦੀ ਸ਼ੁਰੂਆਤ ਦੇਸ਼ ਦੇ 51 ਜਿਲ੍ਹਿਆਂ ਤੋਂ ਕੀਤੀ ਗਈ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਸਾਨੂੰ ਸਦਾ ਇਹ ਸ਼ਿਕਾਇਤਾਂ ਮਿਲਦੀਆਂ ਸਨ ਕਿ ਰਿਆਇਤੀ ਦਰ ਤੇ ਮਿਲਣ ਵਾਲੀ ਰਸੋਈ ਗੈਸ,ਡੀਜ਼ਲ ਅਤੇ ਖਾਦ ਉਚਿਤ ਵਿਅਕਤੀ ਤੱਕ ਨਹੀਂ ਪਹੁੰਚਦੀ।
ਸੋਨੀਆ ਗਾਂਧੀ ਨੇ ਕਿਹਾ ਕਿ ‘ਆਧਾਰ’ ਦੁਨੀਆਂ ਦੀ ਸੱਭ ਤੋਂ ਵੱਡੀ ਅਜਿਹੀ ਯੋਜਨਾ ਹੈ ਜੋ ਆਮ ਆਦਮੀ ਨੂੰ ਉਸ ਦੀ ਪਛਾਣ ਦੇਵੇਗੀ। ਇਸ ਨਾਲ ਆਮ ਲੋਕਾਂ ਦਾ ਜੀਵਨ ਬਦਲ ਜਾਵੇਗਾ। ਸਰਕਾਰ ਵੱਲੋਂ ਦਿੱਤੀ ਗਈ ਮੱਦਦ ਸੌ-ਪ੍ਰਤੀਸ਼ਤ ਸਿੱਧੇ ਤੌਰ ਤੇ ਆਮ ਲੋਕਾਂ ਤੱਕ ਪਹੁੰਚਣ ਦੀ ਗਰੰਟੀ ਹੋ ਜਾਵੇਗੀ।