ਫਤਿਹਗੜ੍ਹ ਸਾਹਿਬ - ” ਹਿੰਦ ਕਾਨੂੰਨ ਦੇ ਅਨੂਸਾਰ ਹੀ ਨਹੀਂ ਬਲਕਿ ਵੱਖ ਵੱਖ ਮੁਲਕਾਂ ਦੇ ਅਤੇ ਕੌਮਾਂਤਰੀ ਕਾਨੂੰਨ ਵੀ ਇਸ ਗੱਲ ਨੂੰ ਸਪਸ਼ਟ ਕਰਦੇ ਹਨ ਕਿ ਕਿਸੇ ਇੱਕ ਦੋਸ਼ ਜਾਂ ਜੁਰਮ ਵਿੱਚ ਉਸੇ ਇਨਸਾਨ ਨੂੰ ਦੋ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ । ਦਿੱਲੀ ਦੇ ਜੱਜ ਸ਼੍ਰੀ ਭਾਰਦਵਾਜ਼ ਨੇ ਹਵਾਈ ਜਹਾਜ਼ ਅਗਵਾ ਕਰਨੇ ਦੇ ਮਾਮਲੇ ਵਿੱਚ, ਪਾਕਿਸਤਾਨ ਵਿੱਚ 14-14 ਸਾਲਾਂ ਦੀ ਸਜ੍ਹਾ ਭੁਗਤ ਚੁੱਕੇ ਨੋਜਵਾਨਾਂ ਨੂੰ ਫਿਰ ਤੋਸਜ਼ਾ ਸੁਣਾ ਕੇ ਹਿੰਦ ਕਾਨੂੰਨ ਅਤੇ ਕੌਂਮਾਂਤਰੀ ਕਾਨੂੰਨਾਂ ਦੀ ਘੌਰ ਉਲੰਘਣਾ ਹੀ ਨਹੀਂ ਕੀਤੀ ਬਲਕਿ ਸਿੱਖ ਵਿਰੋਧੀ ਸੋਚ ਦੇ ਮਾਲਕ ਹੋਣ ਦੀ ਗੱਲ ਨੂੰ ਵੀ ਜਾਹਰ ਕੀਤਾ ਹੈ। ਸ਼੍ਰੀ ਭਾਰਦਵਾਜ਼ ਜੱਜ ਦੀ ਇਹ ਕਾਰਵਾਈ ਇਕ ਤਰਫੀ ਹੈ ।
ਇਹ ਵਿਚਾਰ ਸ੍ਰ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਦਿੱਲੀ ਦੇ ਇੱਕ ਮੁਤਸਵੀ ਜੱਜ ਸ਼੍ਰੀ ਭਾਰਦਵਾਜ਼ ਵਲੋਂ ਜਹਾਜ਼ ਅਗਵਾਕਾਰਾਂ ਨੂੰ ਫਿਰ ਤੋਂ ਸਜ਼ਾ ਸੁਨਾਉਣ ਦੇ ਕੀਤੇ ਗਏ ਫੈਸਲੇ ਨੂੰ ਸਿੱਖ ਵਿਰੋਧੀ ਕਰਾਰ ਦੇਂਦੇਂ ਹੋਏ ਪ੍ਰਗਟ ਕੀਤੇ । ਉਨਾਂ ਕਿਹਾ ਕਿ ਬਹੁਤ ਦੁਖ, ਅਫਸੋਸ ਅਤੇ ਸਿੱਖ ਕੌਮ ਨਾਲ ਭਾਰੀ ਵਿਤਕਰੇ ਦੀ ਗੱਲ ਹੈ ਕਿ ਜਦੋਂ ਹਿੰਦ ਦੇ ਵਜੀਰੇਆਜ਼ਮ ਮਰਹੂਮ ਇੰਦਰਾ ਗਾਂਧੀ ਵਿਰੁੱਧ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਤਾਂ ਪਾਂਡੇ ਭਰਾਵਾਂ ਨੇ ਇਸ ਅਦਾਲਤੀ ਫੈਸਲੇ ਵਿਰੁੱਧ ਜਹਾਜ਼ ਅਗਵਾ ਕਰ ਲਿਆ ਸੀ । ਹਿੰਦ ਕਾਨੂੰਨ ਨੇ ਇਨਾਂ ਪਾਡੇਂ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਸੁਣਾਈ ਬਲਕਿ ਹਿੰਦੁਤਵ ਹੁਕਮਰਾਨਾਂ ਨੇ ਇਨਾਂ ਪਾਡੇਂ ਭਰਾਵਾਂ ਨੂੰ ਵਜੀਰੀਆਂ ਅਤੇ ਹੋਰ ਉਚੇ ਆਹੁਦੇ ਦੇ ਕੇ ਨਵਾਜਿਅਸੀ । ਇਸੇ ਤਰ੍ਹਾਂ ਜਦੋਂ ਸੈਂਟਰ ਵਿੱਚ ਐਨ.ਡੀ.ਏ. ਦੀ ਸ਼੍ਰੀ ਬਾਜਪੇਈ ਸਰਕਾਰ ਸੀ ਤਾਂ ਉਸ ਸਮੇਂ ਇੰਡੀਅਨ ਏਅਰ ਲਾਈਨਜ਼ ਦਾ ਅਮ੍ਰਿਤਸਰ ਤੋਂ ਕੁਝ ਲੋਕਾਂ ਨੇ ਜਹਾਜ਼ ਅਗਵਾ ਕਰਕੇ ਕੰਧਾਰ (ਪਾਕਿਸਤਾਨ) ਲੈ ਗਏ ਸਨ । ਅਗਵਾਕਾਰਾਂ ਨੇ ਆਪਣੇ ਸਾਥੀਆਂ ਨੂੰ ਵੀ ਛੁਡਾਇਆ ਸੀ ਅਤੇ ਉਸ ਸਮੇਂ ਦੇ ਹਿੰਦ ਦੇ ਵਿਦੇਸ਼ ਵਜ਼ੀਰ ਸ੍ਰ: ਜਸਵੰਤ ਸਿੰਘ ਨੇ ਕੰਧਾਰ ਪਹੁੰਚ ਕੇ ਜਿੱਥੇ ਜਹਾਜ਼ ਵਿੱਚ ਬੰਦੀ ਬਣਾਏ ਗਏ ਮੁਸਾਫਰਾਂ ਨੂੰ ਰਿਹਾ ਕਰਵਾਇਆ ਸੀ, ਉਥੇ ਅਗਵਾਕਾਰਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਸੀ ।ਪਰ ਸਿੱਖ ਕੌਮ ਦੇ ਮਾਮਲੇ ਵਿੱਚ ਹਿੰਦੁਤਵ ਕਾਨੂੰਨ, ਜੱਜ ਅਤੇ ਅਦਾਲਤਾਂ ਦੋਹਰੇ ਮਾਪਦੰਡ ਅਪਣਾ ਕੇ ਖੁਦ ਹੀ ਇੱਥੋਂ ਦੇ ਕਾਂਨੂੰਨ ਨੂੰ ਦੋ-ਮੁੰਹੀ ਸੱਪ ਵਾਲਾ ਸਾਬਤ ਨਹੀਂ ਕਰ ਰਹੀਆਂ ? ਸਿੱਖਾਂ ਦੇ ਮਾਮਲੇ ਵਿੱਚ ਕਾਨੂੰਨ ਅਤੇ ਹੁਕਮਰਾਨ ਨਿਰਦਈ ਅਤੇ ਪੱਖਪਾਤੀ ਕਿਉਂ ਹੋ ਜਾਂਦੇ ਹਨ ?
ਸ੍ਰ: ਮਾਨ ਨੇ ਕਿਹਾ ਕਿ ਆਉਣ ਵਾਲੇ ਕੱਲ ਉਹ ਸਵਿਟਰਜਰਲੈਡ ਦੇ ਮੁਲਕ ਦੇ ਬਰਨ ਸ਼ਹਿਰ ਵਿਖੇ ਸਵਿਟਜਰਲੈਂਡ ਦੀ ਹਕੂਮਤ ਨੂੰ ਮਿਲ ਰਹੇ ਹਨ , ਜਿਸ ਵਿੱਚ ਹਿੰਦੁਤਵ ਹੁਕਮਰਾਨਾਂ ਅਤੇ ਅਦਾਲਤਾਂ ਵਲੋਂ ਸਿੱਖਾਂ ਦੀ ਗੈਰ ਕਾਨੂੰਨੀ ਤਰੀਕੇ ਕੀਤੀ ਜਾ ਰਹੀ ਨਸਲਕੁਸ਼ੀ , ਵਿਤਕਰੇ ਭਰੇ ਜਾਲਮਾਨਾਂ ਵਿਵਹਾਰ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਹਿੰਦ ਹਕੂਮਤ ਦੀ ਇਸ ਗੈਰ ਕਾਨੂੰਨੀ ਕਾਰਵਾਈ ਵਿਰੁੱਧ ਕੌਮਾਂਤਰੀ ਅਦਾਲਤਾਂ ਅਤੇ ਯੂ.ਐਨ. ਵਰਗੀਆਂ ਸੰਸਥਾਂਵਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ 14-14 ਸਾਲ ਦੀ ਸਜ਼ਾ ਕੱਟ ਚੁੱਕੇ ਸਿੱਖ ਨੌਜਵਾਨਾਂ ਨੂੰ ਦੁਹਰੀ ਸਜ਼ਾ ਨਹੀਂ ਹੋਣ ਦਿੱਤੀ ਜਾਵੇਗੀ । ਸ੍ਰ: ਮਾਨ ਨੇ ਕਿਹਾ ਕਿ ਸਿੱਖ ਕੌਮ ਨਾਲ ਅਜਿਹੇ ਵਿਤਕਰੇ ਇਸ ਕਰਕੇ ਹੋ ਰਹੇ ਹਨ ਕਿ ਦਲ ਖਾਲਸਾ, ਪੰਚ ਪ੍ਰਧਾਨੀ, ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਸੰਤ ਸਮਾਜ਼, ਸਿੱਖ ਯੂਥ ਆਫ਼ ਅਮਰੀਕਾ, ਯੂ.ਕੇ. ਦੀ ਰੋਡੇ ਫੈਡਰੇਸ਼ਨ, ਪੰਥਕ ਕਮੇਟੀ ਅਤੇ ਪੰਜਾਬ ਦੇ ਸਿੱਖ ਫੈਡਰੇਸ਼ਨਾਂ ਦੇ ਆਗੂ ਆਦਿ ਸਭ ਕਾਂਗਰਸ, ਬੀ.ਜੇ.ਪੀ. ਅਤੇ ਬਾਦਲ ਦਲੀਆਂ ਨੂੰ ਵੋਟਾਂ ਵੀ ਪਾਉਂਦੇ ਆ ਰਹੇ ਹਨ ਅਤੇ ਇਨਾਂ ਨੂੰ ਹਰ ਤਰ੍ਹਾਂ ਸਹਿਯੋਗ ਵੀ ਕਰਦੇ ਆ ਰਹੇ ਹਨ । ਇਹ ਉਪਰੋਕਤ ਸਿੱਖ ਜੱਥੇਬੰਦੀਆਂ ਸਿੱਖ ਕੌਮ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਕਿ ਉਹ ਕਿੱਥੇ ਖੜ੍ਹੇ ਹਨ ਅਤੇ ਉਨਾਂ ਦਾ ਕੀ ਨਿਸ਼ਨਾ ਹੈ ? ਕੀ ਉਹ ਸਿੱਖ ਕੌਮ ਦੇ ਬਿਨ੍ਹਾਂ ਤੇ ਖਾਲਿਸਤਾਨ ਕਾਇਮ ਕਰਨ ਦੇ ਹੱਕ ਵਿੱਚ ਹਨ ਕਿ ਨਹੀਂ ?
ਇੱਕ ਜੁਰਮ ਵਿੱਚ ਕਿਸੇ ਨੂੰ ਵੀ ਦੋ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ , ਭਾਰਦਵਾਜ਼ ਜੱਜ ਦਾ ਫੈਸਲਾ ਗੈਰ ਕਾਨੂੰਨੀ :- ਮਾਨ
This entry was posted in ਪੰਜਾਬ.