ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ–ਕਾਲਜ ਯੁਵਕ ਮੇਲਾ ਅੱਜ ਧੂਮ–ਧੜੱਕੇ ਨਾਲ ਸ਼ੁਰੂ ਹੋਇਆ। ਇਸ ਮੇਲੇ ਦਾ ਆਰੰਭ ਖੇਤੀਬਾੜੀ ਕਾਲਜ, ਹੋਮ ਸਾਇੰਸ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਅਤੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਵਿਦਿਆਰਥੀਆਂ ਵਲੋਂ ਰਵਾਇਤੀ ਪੁਸ਼ਾਕਾਂ ਪਹਿਣ ਕੇ ਲੋਕ ਗੀਤਾਂ ਦੀ ਧੁੰਨ ਤੇ ਭੰਗੜੇ ਅਤੇ ਗਿੱਧਿਆਂ ਦੀਆਂ ਧਮਾਲਾਂ ਪਾਉਂਦੀਆਂ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਝਾਕੀਆਂ ਨਾਲ ਹੋਇਆ। ਇਸ ਮੌਕੇ ਡਾ:ਓਮ ਗੌਰੀ ਦੱਤ ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਕੇਂਦਰ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਵਿਰਸੇ ਦੀ ਸਾਂਭ–ਸੰਭਾਲ ਅਤੇ ਵਿਦਿਆਰਥੀਆਂ ਦੀ ਕਲਾ ਨੂੰ ਨਿਖਾਰਣ ਵਿੱਚ ਇਨ੍ਹਾਂ ਯੁਵਕ ਮੇਲਿਆਂ ਦਾ ਯੋਗਦਾਨ ਬੜਾ ਅਹਿਮ ਰਿਹਾ ਹੈ। ਵਿਦਿਆਰਥੀਆਂ ਨੂੰ ਇਨ੍ਹਾਂ ਯੁਵਕ ਮੇਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਜਿਥੇ ਜ਼ਿੰਦਗੀ ਦੀਆਂ ਅਮਿੱਟ ਯਾਦਾਂ ਜੁੜ ਜਾਂਦੀਆਂ ਹਨ, ਉਥੇ ਇਨ੍ਹਾਂ ਮੇਲਿਆਂ ਦੀਆਂ ਸਟੇਜਾਂ ਤੇ ਲਏ ਸੁਫਨਿਆਂ ਨੂੰ ਸਾਕਾਰ ਕਰਨ ਦੀ ਸਮਰੱਥਾ ਅਤੇ ਦ੍ਰਿੜਤਾ ਵੀ ਪੈਦਾ ਹੁੰਦੀ ਹੈ। ਪੀ ਏ ਯੂ ਨਾਲ ਆਪਣੇ ਵਿਦਿਆਰਥੀ ਜੀਵਨ ਦੀ ਜਜ਼ਬਾਤੀ ਸਾਂਝ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀਆਂ ਦੇ ਨਾਲ ਨਾਲ ਮਹਾਨ ਸਾਹਿਤਕਾਰ, ਚੋਟੀ ਦੇ ਕਲਾਕਾਰ ਅਤੇ ਉਭਰਦੇ ਗਾਇਕ ਪੈਦਾ ਕਰਕੇ ਯੂਨੀਵਰਸਿਟੀ ਨੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਖੂਬ ਨਾਮਣਾ ਖੱਟਿਆ ਹੈ।
ਇਸ ਮੌਕੇ ਡਾ: ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੀਆਂ ਸਟੇਜਾਂ ਤੇ ਆਪਣੀ ਕਲਾ ਨੂੰ ਨਿਖਾਰਣ ਉਪਰੰਤ ਅੱਜ ਸਾਡੇ ਵਿਦਿਆਰਥੀ ਨਿਪੁੰਨ ਕਲਾਕਾਰ ਬਣ ਕੇ ਪੰਜਾਬੀ ਸਭਿਆਚਾਰ ਦਾ ਪਸਾਰਾ ਵਿਸ਼ਵ ਭਰ ਵਿੱਚ ਕਰ ਰਹੇ ਹਨ। ਹਰੀ ਕ੍ਰਾਂਤੀ ਲਿਆ ਕੇ ਦੇਸ਼ ਦਾ ਅਨਾਜ ਭੰਡਾਰ ਭਰਨ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਪ੍ਰਤੀ ਪੀ ਏ ਯੂ ਦੇ ਪਾਏ ਵਿਸ਼ੇਸ਼ ਯੋਗਦਾਨ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਪਦਮ ਸ਼੍ਰੀ ਡਾ:ਸੁਰਜੀਤ ਪਾਤਰ, ਪ੍ਰੋ: ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ ਅਤੇ ਪ੍ਰੋ:ਗੁਰਭਜਨ ਗਿੱਲ ਵਰਗੇ ਉਘੇ ਸਾਹਿਤਕਾਰਾਂ ਅਤੇ ਡਾ:ਜਸਵਿੰਦਰ ਭੱਲਾ, ਡਾ:ਨਿਰਮਲ ਜੌੜਾ, ਬਾਲ ਮੁਕੰਦ ਸ਼ਰਮਾ ਆਦਿ ਉਘੇ ਕਲਾਕਾਰਾਂ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਾਈ ਦੇਣ ਦੇ ਨਕਸ਼ੇ ਕਦਮ ਚਲਦਿਆਂ ਸਾਡੇ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਨੂੰ ਕਾਇਮ ਰੱਖਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਡਾ:ਓਮ ਗੌਰੀ ਦੱਤ ਸ਼ਰਮਾ ਅਤੇ ਡਾ: ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਪੀ ਏ ਯੂ ਦਾ ਅਕਸ ਉਭਾਰਨ ਵਿੱਚ ਪਾਏ ਯੋਗਦਾਨ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਡਾ:ਦਵਿੰਦਰ ਸਿੰਘ ਚੀਮਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਸ਼ਿਰਕਤ ਕਰ ਰਹੇ ਪਤਵੰਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਪੀ ਏ ਯੂ ਵਿੱਚ ਯੁਵਕ ਮੇਲਿਆਂ ਦੇ ਇਤਿਹਾਸਕ ਪਿਛੋਕੜ ਤੇ ਚਾਨਣਾ ਪਾਇਆ। ਡਾ: ਪੀ ਕੇ ਖੰਨਾ, ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਅਤੇ ਕਾਰਜਕਾਰੀ ਰਜਿਸਟਰਾਰ ਨੇ ਯੁਵਕ ਮੇਲੇ ਵਿੱਚ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੋਕ ਗੀਤਾਂ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਇੰਦਰਜੀਤ ਨਿੱਕੂ ਅਤੇ ਮਨਜੀਤ ਰੂਪੋਵਾਲੀਆ ਵਰਗੇ ਉਘੇ ਗਾਇਕਾਂ ਨੇ ਬਤੌਰ ਜੱਜ ਸ਼ਮੂਲੀਅਤ ਕੀਤੀ।
ਇਸ ਯੁਵਕ ਮੇਲੇ ਵਿੱਚ ਵਿਭਿੰਨ ਗਤੀਵਿਧੀਆਂ ਦੇ ਹੋਏ ਮੁਕਾਬਲਿਆਂ ਵਿਚੋਂ ਕਲਚਰਲ ਪ੍ਰੋਸੈਸ਼ਨ ਵਿੱਚ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਨੇ ਪਹਿਲਾ ਸਥਾਨ, ਖੇਤੀਬਾੜੀ ਕਾਲਜ ਨੇ ਦੂਜਾ ਸਥਾਨ ਅਤੇ ਹੋਮ ਸਾਇੰਸ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਰਿਏਟਿਵ ਡਾਂਸ ਮੁਕਾਬਲਿਆਂ ਵਿੱਚ ਰੁਪੀਤ ਗਿੱਲ (ਖੇਤੀਬਾੜੀ ਕਾਲਜ) ਨੇ ਪਹਿਲਾ ਸਥਾਨ, ਦੀਪਿਕਾ ਮਲਹੋਤਰਾ (ਹੋਮ ਸਾਇੰਸ ਕਾਲਜ) ਨੇ ਦੂਜਾ ਸਥਾਨ ਅਤੇ ਅਨੂਸ਼ਿਖਾ ਗਰੋਵਰ (ਬੇਸਿਕ ਸਾਇੰਸਜ਼ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਨਾਚ ਮੁਕਾਬਲਿਆਂ ਵਿੱਚ ਦਿਲਪ੍ਰੀਤ ਕੌਰ (ਹੋਮ ਸਾਇੰਸ ਕਾਲਜ) ਨੇ ਪਹਿਲਾ ਸਥਾਨ, ਇਕਬਾਲ ਸਿੰਘ (ਖੇਤੀਬਾੜੀ ਕਾਲਜ) ਨੇ ਦੂਜਾ ਸਥਾਨ ਅਤੇ ਸੁਮਿਤਾ ਭੱਲਾ (ਹੋਮ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲਿਆਂ ਵਿੱਚ ਆਂਚਲ (ਹੋਮ ਸਾਇੰਸ ਕਾਲਜ) ਨੇ ਪਹਿਲਾ ਸਥਾਨ, ਅਨੂਪ੍ਰਿਯਾ (ਖੇਤੀਬਾੜੀ ਕਾਲਜ) ਨੇ ਦੂਜਾ ਸਥਾਨ ਅਤੇ ਸੁਮੀਤ ਕੌਰ (ਹੋਮ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਐਕਸਟੈਂਪੋਰ ਮੁਕਾਬਲਿਆਂ ਵਿੱਚ ਸੁਭਾਸ਼ ਐਸ ਪੀ (ਬੇਸਿਕ ਸਾਇੰਸਜ਼ ਕਾਲਜ) ਨੇ ਪਹਿਲਾ ਸਥਾਨ, ਸੀਲਿਕਾ ਗੁਪਤਾ (ਬੇਸਿਕ ਸਾਇੰਸਜ਼ ਕਾਲਜ) ਨੇ ਦੂਜਾ ਸਥਾਨ ਅਤੇ ਸੁਸ਼ਾਂਤ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਨੇ ਤੀਜਾ ਸਥਾਨ ਹਾਸਿਲ ਕੀਤਾ। ਐਲੋਕੇਸ਼ਨ ਮੁਕਾਬਲਿਆਂ ਵਿੱਚ ਸੁਲੱਖਸ਼ਣਾ ( ਬੇਸਿਕ ਸਾਇੰਸਜ਼ ਕਾਲਜ) ਨੇ ਪਹਿਲਾ, ਸੁਸ਼ਾਂਤ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਨੇ ਦੂਜਾ ਅਤੇ ਅਕਾਂਕਸ਼ਾ (ਬੇਸਿਕ ਸਾਇੰਸਜ਼ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਕੰਚਨ ਸ਼ੀਲਾ (ਹੋਮ ਸਾਇੰਸ ਕਾਲਜ) ਨੇ ਪਹਿਲਾ, ਸ਼ਤਾਂਸ਼ੂ ਗਰੋਵਰ (ਬੇਸਿਕ ਸਾਇੰਸਜ਼ ਕਾਲਜ) ਨੇ ਦੂਜਾ ਅਤੇ ਅੰਮ੍ਰਿਤਪਾਲ ਕੌਰ (ਬੇਸਿਕ ਸਾਇੰਸਜ਼ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਕਲੇਅ ਮਾਡਲਿੰਗ ਮੁਕਾਬਲਿਆਂ ਵਿੱਚ ਸੁਮਨ (ਬੇਸਿਕ ਸਾਇੰਸਜ਼ ਕਾਲਜ) ਨੇ ਪਹਿਲਾ, ਨੇਹਾ ਰਾਣੀ (ਬੇਸਿਕ ਸਾਇੰਸਜ਼ ਕਾਲਜ) ਨੇ ਦੂਜਾ ਸਥਾਨ ਅਤੇ ਸੀਮਾਂਸ਼ੀ (ਹੋਮ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ।