ਫਲੋਰਿਡਾ- ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਰੋਮਨੀ ਵਿੱਚਕਾਰ ਅੱਜ ਸ਼ਾਮ ਦੇ 6 ਵਜੇ ਟੀਵੀ ਤੇ ਤੀਸਰੀ ਬਹਿਸ ਹੋਈ। ਦੋਵਾਂ ਨੇਤਾਵਾਂ ਨੇ ਆਪਣੀਆਂ-ਆਪਣੀਆਂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਰੋਮਨੀ ਨੇ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਆਪਣੀਆਂ ਪਾਲਸੀਆਂ ਬਾਰੇ ਦੱਸ ਕੇ ਆਪਣੀ ਯੋਗਤਾ ਦਾ ਪਰਮਾਣ ਦਿੱਤਾ।
ਮਿਟ ਰੋਮਨੀ ਨੇ ਦੇਸ਼ ਦੇ ਘਰੇਲੂ ਮੁੱਦਿਆਂ ਵਿੱਚ ਵੱਧ ਦਿਲਚਸਪੀ ਵਿਖਾਉਂਦੇ ਹੋਏ ਅਮਰੀਕਾ ਦੀ ਇਕਾਨਮੀ ਨੂੰ ਉਚਾ ਚੁੱਕਣ ਅਤੇ ਦੇਸ਼ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਬਹੁਤ ਹੀ ਠਰੰਮੇ ਨਾਲ ਆਪਣੀ ਵਿਦੇਸ਼ ਨੀਤੀ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਾਂਤਮਈ ਢੰਗ ਨਾਲ ਵਰਲਡ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਜੋਰ ਦਿੱਤਾ।ਰੋਮਨੀ ਨੇ ਪਾਕਿਸਤਾਨ ਨੂੰ ਇੱਕ ਚੰਗਾ ਦੋਸਤ ਦੱਸਦੇ ਹੋਏ ਉਸ ਨਾਲ ਚੰਗੇ ਸਬੰਧ ਰੱਖਣ ਦੀ ਗੱਲ ਕੀਤੀ।
ਰਾਸ਼ਟਰਪਤੀ ਓਬਾਮਾ ਨੇ ਬਹਿਸ ਦੌਰਾਨ ਹਮਲਾਵਰ ਰੁੱਖ ਹੀ ਅਪਨਾਈ ਰੱਖਿਆ। ਓਬਾਮਾ ਨੇ ਆਪਣੀਆਂ ਨੀਤੀਆਂ ਬਾਰੇ ਘੱਟ ਅਤੇ ਰੋਮਨੀ ਤੇ ਪਰਸਨਲ ਅਟੈਕ ਵੱਧ ਕੀਤੇ। ਹਰ ਤਿੰਨ ਮਿੰਟ ਵਿੱਚ ਉਹ ਘੱਟ ਤੋਂ ਘੱਟ ਪੰਜ ਵਾਰ ਮਿਟ ਰੋਮਨੀ ਦਾ ਨਾਂ ਜਰੂਰ ਲੈਂਦਾ ਸੀ ਜੋ ਕਿ ਕਿਸੇ ਵੀ ਚੰਗੇ ਬੁਲਾਰੇ ਦੇ ਗੁਣ ਨਹੀਂ ਕਹੇ ਜਾ ਸਕਦੇ। ਟੀਵੀ ਉਪਰ ਇਨ੍ਹਾਂ ਤਿੰਨਾਂ ਹੀ ਡੀਬੇਟਸ ਨੂੰ ਅੱਖੀਂ ਵੇਖਣ ਵਾਲਿਆਂ ਅਨੁਸਾਰ ਰੋਮਨੀ ਸਾਰੀਆਂ ਹੀ ਡੀਬੇਟ ਵਿੱਚ ਜੇਤੂ ਰਿਹਾ ਹੈ। ਰਾਸ਼ਟਰਪਤੀ ਓਬਾਮਾ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।ਅਸਲੀ ਫੈਸਲਾ ਤਾਂ ਅਮਰੀਕਨ ਲੋਕਾਂ ਨੇ 6 ਨਵੰਬਰ ਨੂੰ ਕਰਨਾ ਹੈ ਕਿ ਉਹ ਕਿਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਹਨ।