ਵਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਸਬੰਧੀ ਨਵੀਂ ਰਣਨੀਤੀ ਪੇਸ਼ ਕਰਦੇ ਹੋਏ ਦੋਵਾਂ ਦੇਸ਼ਾਂ ਵਿਚ ਮੌਜੂਦ ਅਤਵਾਦੀਆਂ ਅਤੇ ਉਨ੍ਹਾਂ ਦੀਆਂ ਪਨਾਹਗਾਂਹ ਨੂੰ ਨਸ਼ਟ ਕਰਨ ਦਾ ਨਿਰਣਾ ਕੀਤਾ ਹੈ। ਓਬਾਮਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਪਾਕਿਸਤਾਨ ਆਪਣੀ ਜਮੀਨ ਤੇ ਕਾਰਵਾਈਆਂ ਕਰ ਰਹੇ ਅਲਕਾਇਦਾ ਨੂੰ ਨਸ਼ਟ ਕਰਨ ਸਬੰਧੀ ਆਪਣੀ ਵਚਨ-ਬਧਤਾ ਨੂੰ ਸਾਹਮਣੇ ਲਿਆਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਹੁਣ “ ਬਲੈਂਕ ਚੈਕ “ ਨਹੀਂ ਦਿਤੇ ਜਾਣਗੇ।
ਪਾਕਿਸਤਾਨ ਵਲੋਂ ਕਬਾਇਲੀ ਖੇਤਰਾਂ ਤੇ ਅਮਰੀਕੀ ਡਰੋਨ ਹਮਲਿਆਂ ਸਬੰਧੀ ਕੀਤੇ ਗਏ ਵਿਰੋਧ ਨੂੰ ਖਾਰਿਜ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਪਾਕਿਸਤਾਨ ਦੀ ਸਰਜਮੀਨ ਤੇ ਵੱਧ ਰਹੇ ਉਗਰਵਾਦ ਦੇ “ਕੈਂਸਰ” ਨੂੰ ਖਤਮ ਕਰਨ ਲਈ ਪਾਕਿਸਤਾਨ ਨੂੰ ਅਮਰੀਕੀ ਮਦਦ ਜਰੂਰੀ ਹੈ। ਓਬਾਮਾ ਨੇ ਪਾਕਿਸਤਾਨ ਵਿਚ ਲੋਕਤੰਤਰ ਅਤੇ ਸਮਾਜਿਕ ਢਾਚੇ ਨੂੰ ਮਜ਼ਬੂਤ ਕਰਨ ਲਈ ਮਦਦ ਦੇ ਲਈ ਪੰਜ ਸਾਲ ਤਕ ਸਲਾਨਾ ਡੇਢ ਅਰਬ ਡਾਲਰ ਦੀ ਸਹਾਇਤਾ ਦਾ ਪ੍ਰਸਤਾਵ ਵੀ ਰੱਖਿਆ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਿਤੰਬਰ 11 ਦੇ ਅਤਵਾਦੀ ਹਮਲੇ ਦੀ ਸਾਜਿਸ਼ ਰਚਣ ਵਾਲੇ ਅਤੇ ਉਸਦਾ ਸਮਰਥਣ ਕਰਨ ਵਾਲੇ ਉਸਦੇ ਸਾਥੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਹੀ ਹਨ। ਅਫਗਾਨਿਸਤਾਨ ਦੀ ਸੀਮਾ ਦੇ ਨਾਲ ਲਗਦੇ ਪਾਕਿਸਤਾਨੀ ਕਬਾਇਲੀ ਇਲਾਕੇ ਵਿਚ ਅਤਵਾਦੀ ਸਰਗਰਮੀਆਂ ਚਲਾਉਣ ਵਾਲੇ ਔਸਾਮਾ ਬਿਨ ਲਾਦੇਨ, ਅਲ ਜਵਾਹਿਰੀ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਦੁਨੀਆਂ ਨੂੰ ਗੰਭੀਰ ਖਤਰਾ ਹੈ। ਇਨ੍ਹਾਂ ਤੋਂ ਖੁਦ ਪਾਕਿਸਤਾਨ ਨੂੰ ਵੀ ਖਤਰਾ ਹੈ। ਜਿਸਨੇ ਅਲਕਾਇਦਾ ਦੇ ਹਥੋਂ ਆਪਣੀ ਸਾਬਕਾ ਪ੍ਰਧਾਨਮੰਤਰੀ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਨਾਗਰਿਕ ਗਵਾਏ ਹਨ। ਓਬਾਮਾ ਨੇ ਕਿਹਾ ਕਿ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਨਵੇਂ ਸੰਪਰਕ ਸਮੂਹ ਤਿਆਰ ਕਰੇਗਾ ਅਤੇ ਭਾਰਤ, ਰੂਸ ਅਤੇ ਚੀਨ ਵੀ ਇਸ ਨਾਲ ਜੁੜ ਸਕਦੇ ਹਨ। ਵਾਈਟ ਹਾਊਸ ਤੋਂ ਜਾਰੀ ਕੀਤੇ ਗਏ ਸਫੇਦ ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਅਲਕਾਇਦਾ ਅਤੇ ਤਾਲਿਬਾਨ ਦੀ ਅਗਵਾਈ ਵਿਚ ਉਗਰਵਾਦੀਆਂ ਦਾ ਨਿਸ਼ਾਨਾ ਅਮਰੀਕਾ, ਭਾਰਤ, ਅਫਗਾਨਿਸਤਾਨ, ਪਾਕਿਸਤਾਨ, ਯੁਰਪ, ਆਸਟਰੇਲੀਆ ਅਤੇ ਪੱਛਮੀ ਏਸ਼ੀਆ ਹੈ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਸਦਾ ਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਨਾਅ ਘੱਟ ਕਰਨ ਲਈ ਦੋਵਾਂ ਮੁਲਕਾਂ ਨਾਲ ਰਚਨਾਤਮਕ ਕੂਟਨੀਤੀ ਤੇ ਅਮਲ ਕਰੇਗਾ। ਇਸ ਖੇਤਰ ਵਿਚ ਅਤਵਾਦ ਦੇ ਖਿਲਾਫ ਯੁਧ ਵਿਚ ਜਿੱਤ ਪ੍ਰਾਪਤ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੇ ਨਾਲ ਰਚਨਾਤਮਕ ਕੂਟਨੀਤੀ ਦਾ ਇਸਤੇਮਾਲ ਕਰਨਾ ਜਰੂਰੀ ਹੈ।