ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚਿਲੀ ਦੇ ਖੇਤੀਬਾੜੀ ਵਿਗਿਆਨੀਆਂ ਦੇ ਪੰਜ ਮੈਂਬਰੀ ਵਫ਼ਦ ਨੇ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਦੇ ਇਸ ਦੋ ਰੋਜ਼ਾ ਦੌਰੇ ਦਾ ਮੰਤਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੇਤੀਬਾੜੀ ਨੂੰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ਦੀ ਖੋਜ ਕਰਨਾ ਹੈ। ਇਸ ਵਫ਼ਦ ਵਿੱਚ ਸ਼ਾਮਿਲ ਡਾ: ਈਵਾਨ ਏਰੀਅਲ ਮੈੱਟਸ ਤੇਜੋਸ, ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਰਿਸਰਚ, ਚਿਲੀ, ਪ੍ਰੋਫ਼ੈਸਰ ਸੀਰੀਗੋ ਰੋਡਰੀਗਜ਼ ਰੋਇਓ, ਪੋਂਟੀਫੀਸੀਆ ਯੂਨੀਵਰਸਿਟੀ ਕੈਥੋਲਿਕ ਆਫ਼ ਚਿਲੀ, ਪ੍ਰੋਫ਼ੈਸਰ ਗੈਬੀਨੋ ਰੈਜੀਨੈਟੋ ਮੇਜ਼ਾ, ਯੂਨੀਵਰਸਿਟੀ ਆਫ ਚਿਲੀ, ਰੋਡਰੀਗੋ ਗੈਲੇਰਡੋ, ਖੇਤੀਬਾੜੀ ਮਾਮਲਿਆਂ ਦੇ ਸਲਾਹਕਾਰ ਅਤੇ ਆਰਤੀ ਵਰਮਾ, ਖੇਤੀਬਾੜੀ ਸਹਾਇਕ, ਖੇਤੀਬਾੜੀ ਦਫ਼ਤਰ, ਚਿਲੀ ਨੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਆਪਣੀ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਵਿਕਾਸ, ਭੋਜਨ ਸੁਰੱਖਿਆ ਅਤੇ ਹੋਰ ਖੇਤਰਾਂ ਵਿੱਚ ਚਿਲੀ ਬਹੁਤ ਅੱਗੇ ਹੈ। ਲੇਕਿਨ ਖੇਤੀਬਾੜੀ ਖੋਜ, ਅਧਿਆਪਨ ਅਤੇ ਪਸਾਰ ਵਿੱਚ ਪੀ ਏ ਯੂ ਵਿਸ਼ਵ ਦੀ ਮੋਹਰੀ ਸੰਸਥਾ ਹੋਣ ਕਰਕੇ ਉਨ੍ਹਾਂ ਦਾ ਦੋਸ਼ ਯੂਨੀਵਰਸਿਟੀ ਤੋਂ ਦੁਵੱਲੇ ਸਹਿਯੋਗ ਦੀ ਉਮੀਦ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਚਿਲੀ ਕੋਲ ਬਹੁਤ ਮਜ਼ਬੂਤ ਫੂਡ ਇੰਡਸਟਰੀ ਹੈ ਜਿਸ ਿਵੱਚ ਸਰਵੋਤਮ ਭੋਜਨ ਉਤਪਾਦਨ ਕੀਤਾ ਜਾਂਦਾ ਹੈ ਅਤੇ ਭਾਰਤ ਨਾਲ ਦੁਵੱਲੇ ਸੰਬੰਧ ਸਥਾਪਿਤ ਹੋਣ ਤੇ ਉਨ੍ਹਾਂ ਦਾ ਦੇਸ਼ ਇਸ ਖੇਤਰ ਵਿੱਚ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ।
ਇਸ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਨੇ ਚਿਲੀ ਵਿੱਚ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਪੂਰੇ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਵਫ਼ਦ ਨੂੰ ਪੀ ਏ ਯੂ ਵੱਲੋਂ ਖੇਤੀ ਖੋਜ, ਅਧਿਆਪਨ ਅਤੇ ਪਸਾਰ ਖੇਤਰਾਂ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ: ਜਗਤਾਰ ਸਿੰਘ ਧੀਮਾਨ, ਅਪਰ ਨਿਰਦੇਸ਼ਕ ਖੋਜ ਨੇ ਦੱਸਿਆ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦਾ ਅਨਾਜ ਭੰਡਾਰ ਭਰਨ ਵਿੱਚ ਪੀ ਏ ਯੂ ਦਾ ਅਹਿਮ ਰੋਲ ਰਿਹਾ। ਉਨ੍ਹਾਂ ਦੱਸਿਆ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵਿੱਚ ਯੂਨੀਵਰਸਿਟੀ ਨੇ ਵਿਭਿੰਨ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਵਾਤਾਵਰਣ ਅਧਿਐਨ ਦਾ ਸਕੂਲ ਸਥਾਪਿਤ ਕਰਨ ਦੀ ਯੋਜਨਾ ਚੱਲ ਰਹੀ ਹੈ। ਇਸ ਮੌਕੇ ਡਾ: ਪਿਰਤਪਾਲ ਸਿੰਘ ਲੁਬਾਣਾ, ਡੀਨ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਡਾ: ਐਚ ਐਸ ਸਹਿਗਲ, ਅਪਰ ਨਿਰਦੇਸ਼ਕ ਸੰਚਾਰ, ਡਾ: ਐਮ ਐਸ ਸਿੱਧੂ, ਮੁਖੀ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ, ਡਾ: ਜੀ ਐਸ ਬੁੱਟਰ, ਮੁਖੀ, ਫ਼ਸਲ ਵਿਗਿਆਨ ਵਿਭਾਗ, ਡਾ: ਅਵਤਾਰ ਸਿੰਘ, ਮੁਖੀ, ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਅਤੇ ਡਾ: ਅੱਲਾ ਰੰਗ, ਮੁਖੀ, ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਸ਼ਿਰਕਤ ਕੀਤੀ।