ਨਵੀਂ ਦਿੱਲੀ- ਵਿਜੈ ਮਾਲਿਆ ਦੀ ਕਿੰਗ ਫਿਸ਼ਰ ਏਅਰਲਾਈਨ ਜੋ ਕਿ ਇਸ ਸਮੇਂ ਦੀਵਾਲੀਆ ਹੋਣ ਦੇ ਕੰਢੇ ਤੇ ਹੈ ਨੂੰ ਬਚਾਉਣ ਲਈ ਬੇਸ਼ੱਕ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।ਕਿੰਗਫਿਸ਼ਰ ਨੂੰ ਸਾਢੇ ਸੱਤ ਹਜ਼ਾਰ ਕਰੋੜ ਦਾ ਕਰਜ਼ ਦੇਣ ਵਾਲੇ ਬੈਂਕਾਂ ਦਾ ਕਹਿਣਾ ਹੈ ਕਿ ਜੇ ਕੰਪਨੀ ਨੇ ਬਕਾਇਆ ਕਰਜ਼ ਦਾ ਘੱਟ ਤੋਂ ਘੱਟ 10% ਦਾ ਤੁਰੰਤ ਭੁਗਤਾਨ ਨਾਂ ਕੀਤਾ ਤਾਂ ਉਹ ਗਿਰਵੀ ਰੱਖੀ ਸੰਪਤੀ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਣਗੇ।ਮਾਲਿਆ ਨੇ ਆਪਣੇ ਗੋਆ ਵਾਲੇ ਗੈਸਟ ਹਾਊਸ ਸਮੇਤ 4200 ਕਰੋੜ ਰੁਪੈ ਦੀ ਸੰਪਤੀ ਬੈਂਕ ਕੋਲ ਗਿਰਵੀ ਰੱਖੀ ਹੋਈ ਹੈ।
ਵਿਜੈ ਮਾਲਿਆ ਦੀ ਏਅਰਲਾਈਨ ਨੂੰ ਕਰਜ਼ ਦੇਣ ਵਾਲੇ 17 ਬੈਂਕ ਅਗਲੇ ਹਫ਼ਤੇ ਮੀਟਿੰਗ ਕਰ ਰਹੇ ਹਨ। ਇਸ ਬੈਠਕ ਦੌਰਾਨ ਕਰਜ਼ਾ ਵਸੂਲਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਬੈਂਕ ਚਾਹੁੰਦੇ ਹਨ ਕਿ ਇਸ ਬੈਠਕ ਦੌਰਾਨ ਮਾਲਿਆ ਵੀ ਹਾਜਿਰ ਹੋਵੇ। ਭਾਵੇ ਕਿ ਇਨ੍ਹਾਂ ਸੰਪਤੀਆਂ ਦੀ ਵਿਕਰੀ ਕਰ ਕੇ ਕਰਜ਼ਾ ਵਸੂਲ ਕਰਨ ਦੀ ਪ੍ਰਕਿਰਿਆ ਕਾਫ਼ੀ ਲੰਬੀ ਹੋਵੇਗੀ। ਬੈਂਕਾਂ ਨੂੰ ਇਸ ਲਈ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ। ਇਸੇ ਵਜ੍ਹਾ ਕਰਕੇ ਬੈਂਕ ਕੰਪਨੀ ਨੂੰ ਕਰਜ਼ ਵਾਪਿਸ ਕਰਨ ਲਈ ਹੋਰ ਸਮਾਂ ਦੇਣਾ ਚਾਹੁੰਦੇ ਹਨ।