ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਰਕਾਰ ਵਿੱਚ ਫੇਰ-ਬਦਲ ਕੀਤਾ। 7 ਕੈਬਨਿਟ ਮੰਤਰੀ ਅਤੇ 15 ਨਵੇਂ ਰਾਜ ਮੰਤਰੀਆਂ ਨੂੰ ਪ੍ਰਧਾਨਮੰਤਰੀ ਨੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਦਾ ਇਹ ਹੁਣ ਤੱਕ ਦੀ ਸੱਭ ਤੋਂ ਵੱਡੀ ਤਬਦੀਲੀ ਹੈ। ਪ੍ਰਧਾਨਮੰਤਰੀ ਨੇ ਕਈ ਪੁਰਾਣੇ ਮੰਤਰੀਆਂ ਦੀ ਥਾਂ ਤੇ ਨਵੇਂ ਚਿਹਰੇ ਅਤੇ ਕੁਝ ਵਿਭਾਗਾਂ ਵਿੱਚ ਵੀ ਅਦਲਾ ਬਦਲੀ ਕੀਤੀ ਹੈ।
ਸਰਕਾਰ ਦਾ ਅਕਸ ਚੰਗਾ ਵਿਖਾਉਣ ਖਾਤਿਰ ਕੈਬਨਿਟ ਅਤੇ ਰਾਜਮੰਤਰੀਆਂ ਦੇ ਵਿਭਾਗਾਂ ਵਿੱਚ ਵਿਆਪਕ ਫੇਰ ਬਦਲ ਕੀਤਾ ਗਿਆ ਹੈ।ਪੰਜ ਰਜ ਮੰਤਰੀਆਂ ਦਾ ਅਹੁਦਾ ਵਧਾ ਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਪੰਜਾਬ ਦੇ ਮਨੀਸ਼ ਤਿਵਾਰੀ ਅਤੇ ਆਂਧਰਾ ਪ੍ਰਦੇਸ਼ ਦੇ ਚਿਰੰਜੀਵੀ ਪਹਿਲੀ ਵਾਰ ਮੰਤਰੀ ਬਣੇ ਹਨ। ਸਲਮਾਨ ਖੁਰਸ਼ੀਦ ਨੂੰ ਵਿਦੇਸ਼ ਮੰਤਰੀ ਅਤੇ ਪਵਨ ਕੁਮਾਰ ਬਾਂਸਲ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ।ਮੋਇਲੀ ਨੂੰ ਪੈਟਰੋਲ ਵਿਭਾਗ ਅਤੇ ਕਮਲ ਨਾਥ ਨੂੰ ਸ਼ਹਿਰੀ ਵਿਕਾਸ ਦੇ ਨਾਲ ਸੰਸਦੀ ਕੰਮਕਾਰ ਵੀ ਸੌਂਪਿਆ ਗਿਆ ਹੈ।ਅਸ਼ਵਨੀ ਕੁਮਾਰ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਹੈ।
ਰਾਸ਼ਟਰਪਤੀ ਪ੍ਰਣਬ ਨੇ ਐਤਵਾਰ ਵਾਲੇ ਦਿਨ 22 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ, ਜਿਨ੍ਹਾਂ ਵਿੱਚ 17 ਨਵੇਂ ਚਿਹਰੇ ਸਨ।ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਸੌਂਹ ਚੁੱਕ ਸਮਾਗਮ ਵਿੱਚ ਪ੍ਰਧਾਨਮੰਤਰੀ, ਸੋਨੀਆ ਗਾਧੀ ਸਮੇਤ ਹੋਰ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਮਿਲ ਸਨ।ਵਿਦੇਸ਼ ਮੰਤਰੀ ਤੋਂ ਅਸਤੀਫ਼ਾ ਦੇ ਚੁੱਕੇ ਕ੍ਰਿਸ਼ਨਾ ਇਸ ਸਮੇਂ ਹਾਜਿਰ ਨਹੀਂ ਸਨ। ਇਸ ਵਾਰ ਕੈਬਨਿਟ ਵਿੱਚ ਦੱਖਣ ਭਾਰਤ ਤੋਂ ਵੱਧ ਸੰਖਿਆ ਵਿੱਚ ਨਵੇਂ ਮੰਤਰੀ ਲਏ ਗਏ।ਪ੍ਰਧਾਨਮੰਤਰੀ ਨੇ ਇਸ ਨੂੰ ਆਖਿਰੀ ਬਦਲਾਅ ਦੱਸਿਆ।