ਸਰੀ- ਲੋਕ ਲਿਖਾਰੀ ਸਾਹਿਤ ਸਭਾ ਕੈਨੇਡਾ ਦੀ ਇਕ ਮੀਟਿੰਗ ਕੱਲ੍ਹ ਦਿਨ ਐਤਵਾਰ ਅਕਤੂਬਰ 28,2012 ਨੂੰ ਯੂਨਿਟ ਨੰ. 122-12885-85 ਐਵਨਿਊ ਵਿਖੇ ਹੋਈ। ਜਿੱਥੇ ਸਾਹਿਤ ਦੇ ਵੱਖ ਵੱਖ ਰੂਪਾਂ ਬਾਰੇ ਵਿਚਾਰ ਵਟਾਂਦਰਾ ਹੋਇਆ, ਉਥੇ ਨਾਲ ਦੀ ਨਾਲ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ ਕੈਨੇਡਾ ਪੱਧਰ ‘ਤੇ ਜੋ ਵਾਧਾ ਹੋਇਆ ਹੈ, ਉਸ ਬਾਰੇ ਖੁਸ਼ੀ ਜ਼ਾਹਿਰ ਕੀਤੀ ਗਈ, ਖਾਸ ਕਰ ਕੇ ਲੋਅਰ ਮੇਨਲੈਂਡ ਦੇ ਇਲਾਕੇ ਵਿਚ ਅੰਗਰੇਜ਼ੀ ਅਤੇ ਫਰੈਂਚ ਤੋ ਬਾਅਦ ਪੰਜਾਬੀ ਬੋਲੀ ਦਾ ਸਥਾਨ ਆਉਣ ਦੀ ਵਧਾਈ ਦਿੱਤੀ ਗਈ।ਲੋਕ ਲਿਖਾਰੀ ਸਾਹਿਤ ਸਭਾ ਵਲੋਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵਧਾਈ ਦੇ ਨਾਲ ਨਾਲ ਅਪੀਲ ਵੀ ਕਰਦੇ ਹਾਂ ਕਿ ਆਉ ਆਪਣੇ ਬੱਚਿਆਂ ਨੂੰ ਵਧ ਚੜ੍ਹ ਕੇ ਪੰਜਾਬੀ ਕਲਾਸਾਂ ਵਿਚ ਪਾਈਏ।
ਅਨਮੋਲ ਕੌਰ ਨੇ ਆਖਿਆ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਚਾਹੀਦਾ ਹੈ ਅਤੇ ਸਾਫ ਸੁਥਰੇ ਸਭਿਆਚਾਰ ਦੀ ਉਸਾਰੀ ਹੋਣੀ ਚਾਹੀਦੀ ਹੈ।ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਪੰਜਾਬੀ ਪੇਪਰਾਂ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਧਾਗੇ- ਤਵੀਤਾਂ ਵਾਲੇ ਇਸ਼ਤਿਹਾਰਾਂ ਨੂੰ ਵੀ ਠੱਲ ਪੈਣੀ ਚਾਹੀਦੀ ਹੈ। ਸੁਖਵਿੰਦਰ ਕੌਰ ਨੇ ਪੰਜਾਬੀ ਸਾਹਿਤ ਦੇ ਮਿਆਰ ਨੂੰ ਉੱਚਾ ਚੁਕੱਣ ਦੀ ਗੱਲ ਕੀਤੀ ਕਿ ਗੀਤਕਾਰਾਂ ਅਤੇ ਗਾਉਣ ਵਾਲਿਆਂ ਨੂੰ ਮਿਆਰੀ ਗੀਤ ਹੀ ਲਿਖਣੇ ਅਤੇ ਗਾਉਣੇ ਚਾਹੀਦੇ ਹਨ। ਮਾਸਟਰ ਮਨਜੀਤ ਸਿੰਘ ਦਿਉਲ ਨੇ ਆਖਿਆ ਕਿ ਸਾਨੂੰ ਆਪਣੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਰਿਆਂ ਨੇ ਪੰਜਾਬ ਦੇ ਸੱਭਿਅਕ ਤੇ ਹਰਮਨ ਪਿਆਰੇ ਕਮੇਡੀਅਨ ਜਸਪਾਲ ਸਿੰਘ ਭੱਟੀ ਦੇ ਅਚਾਨਕ ਇਸ ਸੰਸਾਰ ਤੋਂ ਚਲੇ ਜਾਣ ਦਾ ਦੁਖ ਜ਼ਾਹਿਰ ਕੀਤਾ। ਉਹ ਪੰਜਾਬੀਆਂ ਦਾ ਮਾਣ ਸਨ; ਉਹਨਾਂ ਦਾ ਇਸ ਤਰਾਂ ਚਲੇ ਜਾਣਾ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਲੋਕ–ਲਿਖਾਰੀ ਸਾਹਿਤ ਸਭਾ, ਸਰੀ,ਕੈਨੇਡਾ ਵਲੋਂ ਵਧਾਈ
This entry was posted in ਅੰਤਰਰਾਸ਼ਟਰੀ.