ਅੰਮ੍ਰਿਤਸਰ – “ਇਹ ਠੀਕ ਹੈ ਕਿ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਅੱਜ ਪਾਕਿਸਤਾਨ ਦੇ ਦੌਰ ‘ਤੇ ਜਾ ਰਹੇ ਹਨ । ਲੇਕਿਨ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖ ਬਾਦਲਾਂ ਦੀਆਂ ਬੇਨਤੀਜਾ ਕਾਰਵਾਈਆਂ ਅਤੇ ਭਾਜਪਾ ਵਰਗੀ ਮੁਤੱਸਵੀ ਜਮਾਤ ਦੇ ਗੁਲਾਮ ਬਣਕੇ ਰਹਿ ਜਾਣ, ਸਿੱਖ ਕੌਮ ਨੂੰ ਲੰਮੇਂ ਸਮੇਂ ਤੋ ਦਰਪੇਸ ਆ ਰਹੀਆਂ ਸੰਜ਼ੀਦਾਂ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਕਰਵਾਉਣ ਵਿਚ ਕੋਈ ਦਿਲਚਸਪੀ ਨਾ ਹੋਣ ਦੀ ਵਜ਼ਹ ਨਾਲ ਬਹੁਗਿਣਤੀ ਸਿੱਖ ਕੌਮ ਬਾਦਲ ਦਲੀਆਂ ਤੋਂ ਡੂੰਘੀ ਖਫ਼ਾ ਹੈ । ਇਸ ਲਈ ਪਾਕਿਸਤਾਨ ਸਰਕਾਰ ਨੂੰ ਸ੍ਰੀ ਸੁਖਬੀਰ ਬਾਦਲ ਦੀ ਪਾਕਿਸਤਾਨ ਆਮਦ ਤੇ ਕੋਈ ਜਿਆਦਾ ਖੁਸ਼ੀ ਮਹਿਸੂਸ ਨਹੀ ਕਰਨੀ ਚਾਹੀਦੀ ਤਾਂ ਕਿ ਸਿੱਖ ਕੌਮ ਦੀ ਪਾਕਿਸਤਾਨ ਬਣੀ ਪੀੜੀ ਸਾਂਝ ਨੂੰ ਕੋਈ ਠੇਸ ਨਾ ਪਹੁੰਚੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਹਕੂਮਤ ਨੂੰ ਸੁਖਬੀਰ ਸਿੰਘ ਬਾਦਲ ਦੇ ਦੌਰੇ ਉਤੇ ਪ੍ਰਤੀਕਰਮ ਭੇਜਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਜ਼ਰੂਰ ਪੁੱਛੇ ਕਿ ਮੁਸਲਿਮ ਕੌਮ ਦੀ ਬਾਬਰੀ ਮਸਜਿ਼ਦ ਢਾਹੁਣ ਵਾਲੀ ਭਾਜਪਾ ਨਾਲ ਉਹਨਾਂ ਦਾ ਡੂੰਘਾ ਸੰਬੰਧ ਹੈ । ਕੀ ਸ. ਬਾਦਲ ਬਾਬਰੀ ਮਸਜਿ਼ਦ ਨੂੰ ਢਹਿ-ਢੇਰੀ ਕਰਨ ਦੇ ਹੱਕ ਵਿਚ ਸਨ ਜਾਂ ਨਹੀ ? ਪਾਕਿਸਤਾਨ ਹਕੂਮਤ ਸ. ਬਾਦਲ ਨੂੰ ਇਹ ਵੀ ਪੁੱਛੇ ਕਿ ਭਾਜਪਾ ਦੇ ਐਪ.ਪੀ. ਸ੍ਰੀ ਨਵਜੋਤ ਸਿੰਘ ਸਿੱਧੂ ਜਿਸ ਨੇ ਅੰਮ੍ਰਿਤਸਰ ਵਿਖੇ ਮਸਜਿ਼ਦ ਢੁਹਾਈ ਸੀ, ਉਸ ਵਿਰੁੱਧ ਪੰਜਾਬ ਸਰਕਾਰ ਨੇ ਕਾਰਵਾਈ ਕਿਉਂ ਨਾ ਕੀਤੀ ? ਸ੍ਰੀ ਪੀ.ਐਸ. ਗਿੱਲ ਆਈ.ਪੀ.ਐਸ ਜੋ ਪੰਜਾਬ ਦੇ ਡੀ.ਜੀ.ਪੀ. ਰਹਿ ਚੁੱਕੇ ਹਨ, ਉਹਨਾਂ ਨੇ ਕਸ਼ਮੀਰ ਜਾਕੇ ਹਕੂਮਤ ਦੇ ਹੱਕ ਵਿਚ ਖੂਬ ਬਿਆਨਬਾਜੀ ਕੀਤੀ, ਜਦੋਕਿ ਉਥੇ ਮਨੁੱਖੀ ਅਧਿਕਾਰਾਂ ਦਾ ਨਿਰੰਤਰ ਘੋਰ ਉਲੰਘਣ ਹੋ ਰਿਹਾ ਹੈ । ਪੰਜਾਬ ਸਰਕਾਰ ਅਜਿਹੇ ਮੁਸਲਿਮ ਤੇ ਸਿੱਖ ਵਿਰੋਧੀ ਅਫ਼ਸਰਾਂ ਨੂੰ ਤਰੱਕੀਆਂ ਕਿਸ ਖੁਸ਼ੀ ਵਿਚ ਦੇ ਰਹੀ ਹੈ ? ਉਹਨਾਂ ਕਿਹਾ ਕਿ ਸ. ਪ੍ਰਕਾਸ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਤਿਕੜੀ ਵੱਲੋਂ ਪੰਜਾਬ ਵਿਚ ਸਿੱਖ ਕੌਮ ਦੇ ਕਾਤਿਲ ਪੁਲਿਸ ਅਫ਼ਸਰ ਸ੍ਰੀ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਇਆ ਗਿਆ ਹੈ ਅਤੇ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਵਰਗੇ ਪੁਲਿਸ ਅਫ਼ਸਰਾਂ ਨੂੰ ਪੁਲਿਸ ਦਾ ਸਲਾਹਕਾਰ ਬਣਾਇਆ ਗਿਆ ਹੈ । ਇਜ਼ਹਾਰ ਆਲਮ, ਜਿਸ ਨੇ ਆਲਮ ਸੈਨਾਂ ਬਣਾਕੇ ਬੀਤੇ ਸਮੇਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ, ਉਸ ਨੂੰ ਵਕਫ ਬੋਰਡ ਦਾ ਮੁੱਖੀ ਦਾ ਅਹੁਦਾ ਅਤੇ ਉਸ ਦੀ ਪਤਨੀ ਨੂੰ ਇਨ੍ਹਾਂ ਬਾਦਲਾਂ ਵੱਲੋਂ ਐਮ.ਐਲ.ਏ. ਬਣਾਕੇ ਸਨਮਾਨਿਆ ਗਿਆ ਹੈ । ਅਜਿਹੇ ਪੁਲਿਸ ਅਫ਼ਸਰਾਂ ਦੀਆਂ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਕਾਰਵਾਈਆਂ ਤੋ ਸਮੁੱਚਾ ਸੰਸਾਰ ਜਾਣੂ ਹੈ । ਫਿਰ ਬਾਦਲ ਪਰਿਵਾਰ ਨੇ ਅੱਜ ਤੱਕ ਜੇਲ੍ਹ ਵਿਚ ਬੰਦੀ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਵਾਉਣ ਲਈ ਕੋਈ ਉੱਦਮ ਨਹੀ ਕੀਤਾ । ਪੰਜਾਬ ਦੇ ਕੀਮਤੀ ਪਾਣੀਆਂ ਅਤੇ ਬਿਜਲੀ ਨੂੰ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ ਆਦਿ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਲੁੱਟਾਇਆ ਜਾ ਰਿਹਾ ਹੈ । ਜਦੋਕਿ ਪੰਜਾਬ ਵਿਚ ਬਿਜਲੀ ਅਤੇ ਪਾਣੀ ਦੀ ਵੱਡੀ ਘਾਟ ਹੋਣ ਕਰਕੇ ਇਥੋ ਦੀ ਜਿੰਮੀਦਾਰੀ ਅਤੇ ਉਦਯੋਗ ਤਬਾਹ ਹੋ ਰਹੇ ਹਨ । ਪੰਜਾਬੀ ਬੋਲਦੇ ਇਲਾਕਿਆ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਵਿਚ ਇਹ ਅਸਫ਼ਲ ਰਹੇ ਹਨ । ਪੰਜਾਬ ਪੁਲਿਸ ਵੱਲੋਂ 28 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਗੋਲੀਆਂ ਨਾਲ ਖ਼ਤਮ ਕਰ ਦਿੱਤਾ ਗਿਆ । ਇਸੇ ਤਰ੍ਹਾਂ 24 ਜੁਲਾਈ 2012 ਨੂੰ ਮਾਨਸਾ ਜਿ਼ਲ੍ਹੇ ਦੇ ਪਿੰਡ ਅਕਲੀਆਂ ਵਿਖੇ ਪੁਲਿਸ ਨੇ ਨਿਹੱਥੇ ਜਿੰਮੀਦਾਰਾਂ ਤੇ ਗੋਲੀਆਂ ਚਲਾਕੇ ਦੋ ਜਿੰਮੀਦਾਰਾਂ ਨੂੰ ਖ਼ਤਮ ਕਰ ਦਿੱਤਾ । 6 ਸਤੰਬਰ 2012 ਨੂੰ ਬਠਿੰਡਾ ਦੇ ਨਹਿਰੂ ਕਲੋਨੀ ਵਿਖੇ ਗੁਲਸੇਰ ਸਿੰਘ ਸ਼ੇਰਾਂ ਨਾਮ ਦੇ ਵਿਅਕਤੀ ਉਤੇ ਗੋਲੀ ਚਲਾਕੇ ਝੂਠਾਂ ਪੁਲਿਸ ਮੁਕਾਬਲਾ ਦਿਖਾ ਦਿੱਤਾ । ਇਸੇ ਤਰ੍ਹਾਂ ਪੰਜਾਬ ਵਿਚ ਨਿੱਤ ਦਿਹਾੜੇ ਲੁੱਟਾ-ਖੋਹਾ, ਬਲਾਤਕਾਰ, ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਜੋਰਾਂ ਤੇ ਹੈ ਅਤੇ ਇਹ ਬਾਦਲ ਦਲੀਏ ਦੇ ਆਗੂ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲਿਆ ਦੀ ਸਰਪ੍ਰਸਤੀ ਕਰ ਰਹੇ ਹਨ । ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਕੋਈ ਇਨਸਾਫ ਨਹੀ ਮਿਲ ਰਿਹਾ । ਇਸ ਲਈ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵਿਰੁੱਧ ਸਿੱਖ ਕੌਮ ਵਿਚ ਬਹੁਤ ਵੱਡਾ ਰੋਹ ਹੈ । ਇਸ ਲਈ ਪਾਕਿਸਤਾਨ ਹਕੂਮਤ ਨੂੰ ਸਾਡੀ ਬੇਨਤੀ ਹੈ ਕਿ ਉਹ ਸੁਖਬੀਰ ਬਾਦਲ ਦੀ ਜਿਆਦਾ ਆਉ ਭਗਤ ਕਰਕੇ ਸਿੱਖ ਕੌਮ ਨੂੰ ਨਰਾਜ਼ ਨਾ ਕਰੇ ।