ਨਵੀਂ ਦਿੱਲੀ- ਬੀਜੇਪੀ ਦੇ ਰਾਜ ਸੱਭਾ ਸਾਂਸਦ ਅਤੇ ਉਘੇ ਵਕੀਲ ਰਾਮ ਜੇਠਮਲਾਨੀ ਨੇ ਭਗਵਾਨ ਰਾਮ ਦੇ ਸਬੰਧ ਵਿੱਚ ਇੱਕ ਇਤਰਾਜ਼ਯੋਗ ਬਿਆਨ ਦੇ ਕੇ ਰਾਮ ਦੇ ਨਾਂ ਤੇ ਵੋਟਾਂ ਬਟੋਰਨ ਵਾਲੀ ਆਪਣੀ ਹੀ ਪਾਰਟੀ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਜੇਠਮਲਾਨੀ ਨੇ ਕਿਹਾ ਕਿ ਭਗਵਾਨ ਰਾਮ ਬਹੁਤ ਹੀ ਬੁਰੇ ਪਤੀ ਸਨ ਅਤੇ ਉਨ੍ਹਾਂ ਦਾ ਭਰਾ ਲਛਮਣ ਤਾਂ ਉਨ੍ਹਾਂ ਤੋਂ ਵੀ ਬੁਰਾ ਸੀ।
ਜੇਠਮਲਾਨੀ ਨੇ ਇਸਤਰੀ-ਪੁੱਰਖ ਦੇ ਸਬੰਧਾਂ ਤੇ ਲਿਖੀ ਆਪਣੀ ਪੁਸਤਕ ਦੇ ਰਲੀਜ਼ ਸਮਾਗਮ ਦੌਰਾਨ ਕਿਹਾ, ‘ਰਾਮ ਬੇਹੱਦ ਬੁਰੇ ਪਤੀ ਸਨ। ਮੈਂ ਉਨ੍ਹਾਂ ਨੂੰ ਬਿਲਕੁਲ……. ਬਿਲਕੁਲ ਪਸੰਦ ਨਹੀਂ ਕਰਦਾ। ਕੋਈ ਮਛਿਆਰੇ ਦੇ ਕਹਿਣ ਤੇ ਆਪਣੀ ਪਤਨੀ ਨੂੰ ਬਣਵਾਸ ਕਿਵੇਂ ਦੇ ਸਕਦਾ ਹੈ।’
ਰਾਮ ਦੇ ਭਰਾ ਲਛਮਣ ਬਾਰੇ ਜੇਠਮਲਾਨੀ ਨੇ ਕਿਹਾ, ‘ਲਛਮਣ ਤਾਂ ਹੋਰ ਵੀ ਬੁਰੇ ਸਨ।ਲਛਮਣ ਦੀ ਨਿਗਰਾਨੀ ਵਿੱਚ ਸੀਤਾ ਅਗਵਾ ਹੋਈ ਅਤੇ ਜਦੋਂ ਰਾਮ ਨੇ ਉਸ ਨੂੰ ਸੀਤਾ ਨੂੰ ਢੂੰਢਣ ਲਈ ਕਿਹਾ ਤਾਂ ਉਸ ਨੇ ਇਹ ਕਹਿੰਦੇ ਹੋਏ ਬਹਾਨਾ ਬਣਾ ਲਿਆ ਕਿ ਉਹ ਉਸ ਦੀ ਭਾਬੀ ਸੀ। ਉਸ ਨੇ ਕਦੇ ਵੀ ਉਸ ਦਾ ਚਿਹਰਾ ਨਹੀਂ ਵੇਖਿਆ,ਇਸ ਲਈ ਉਹ ਉਸ ਨੂੰ ਪਛਾਣ ਨਹੀਂ ਸਕੇਗਾ।’
ਭਾਜਪਾ ਦੇ ਕਿਸੇ ਵੀ ਨੇਤਾ ਵੱਲੋਂ ਜੇਠਮਲਾਨੀ ਦੇ ਇਸ ਬਿਆਨ ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ।ਅੱਜ ਹੀ ਸੁਸ਼ਮਾ ਸਵਰਾਜ ਨੇ ਫਿਲਮ ‘ਸਟੂਡੈਂਟ ਆਫ਼ ਦ ਈਅਰ’ ਵਿੱਚ ਰਾਧਾ ਨੂੰ ਸੈਕਸੀ ਕਹੇ ਜਾਣ ਤੇ ਇਤਰਾਜ਼ ਜਾਹਿਰ ਕਰਦੇ ਹੋਏ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣ ਦਾ ਐਲਾਨ ਕੀਤਾ ਸੀ। ਸੁਸ਼ਮਾ ਨੇ ਕਿਹਾ ਕਿ ਫਿਲਮਾਂ ਵਿੱਚ ਸਿਰਫ਼ ਹਿੰਦੂ ਦੇਵਤਿਆਂ ਦਾ ਹੀ ਨਾਂ ਕਿਉਂ ਵਰਤਿਆ ਜਾਂਦਾ ਹੈ।