ਬਾਰਾਬੰਕੀ- ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਦਿਹਾਤੀ ਔਰਤਾਂ ਤੇ ਇਤਰਾਜ਼ਯੋਗ ਟਿਪਣੀ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਮੀਰ ਅਤੇ ਖੁਸ਼ਹਾਲ ਵਰਗ ਦੀਆਂ ਔਰਤਾਂ ਦੀ ਤੁਲਨਾ ਵਿੱਚ ਦਿਹਾਤੀ ਔਰਤਾਂ ਆਕਰਸ਼ਕ ਨਹੀਂ ਹੁੰਦੀਆਂ । ਇਸ ਲਈ ਮਹਿਲਾ ਰਾਖਵੇਂਕਰਨ ਬਿੱਲ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਉਹ ਸ਼ੁਰੂ ਤੋਂ ਹੀ ਇਸ ਬਿੱਲ ਦਾ ਵਿਰੋਧ ਕਰਦੇ ਰਹੇ ਹਨ।
ਮੁਲਾਇਮ ਨੇ ਬਾਰਾਬੰਕੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਵੱਡੇ-ਵੱਡੇ ਘਰਾਂ ਦੀਆਂ ਲੜਕੀਆਂ ਅਤੇ ਮਹਿਲਾਵਾਂ ਹੀ ਕੇਵਲ ਉਪਰ ਜਾ ਸਕਦੀਆਂ ਹਨ……ਯਾਦ ਰੱਖਣਾ ਤੁਹਾਨੂੰ ਮੌਕਾ ਨਹੀਂ ਮਿਲੇਗਾ…… ਸਾਡੇ ਪਿੰਡਾਂ ਦੀਆਂ ਔਰਤਾਂ ਵਿੱਚ ਏਨਾ ਆਕਰਸ਼ਣ ਨਹੀਂ ਹੈ।’
ਮੁਲਾਇਮ ਸਿੰਘ ਇਸ ਤੋਂ ਪਹਿਲਾਂ 2010 ਵਿੱਚ ਵੀ ਅਜਿਹੀ ਬੇਤੁਕੀ ਟਿਪਣੀ ਕਰਕੇ ਹੰਗਾਮਾ ਖੜ੍ਹਾ ਕਰ ਚੁੱਕੇ ਹਨ।ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਸੰਸਦ ਅਜਿਹੀਆਂ ਮਹਿਲਾਵਾਂ ਨਾਲ ਭਰ ਜਾਵੇਗਾ, ਜਿਨ੍ਹਾਂ ਨੂੰ ਵੇਖ ਕੇ ਲੋਕ ਸੀਟੀਆਂ ਵਜਾਉਣਗੇ ਅਤੇ ਸ਼ੋਰ- ਸ਼ਰਾਬਾ ਕਰਨਗੇ। ਉਸ ਸਮੇਂ ਵੀ ਰਾਜਨੀਤਕ ਦਲਾਂ ਅਤੇ ਮਹਿਲਾ ਸੰਗਠਨਾਂ ਨੇ ਮੁਲਾਇਮ ਸਿੰਘ ਦੀ ਕਾਫ਼ੀ ਆਲੋਚਨਾ ਕੀਤੀ ਸੀ।