ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦੇ ਜਨਰਲ ਸਕੱਤਰ ਅਤੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸ. ਜੋਗਾ ਸਿੰਘ ਚੱਪੜ ਜਿਨ੍ਹਾਂ ਨੇ ਇਸੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਟੱਕਰ ਦਿੱਤੀ ਸੀ ਬੀਤੇ ਕੁਝ ਦਿਨਾਂ ਤੋਂ ਨਿਊਜ਼ੀਲੈਂਡ ਦੌਰੇ ’ਤੇ ਸਨ, ਅੱਜ ਰਾਤ ਵਾਪਿਸ ਪੰਜਾਬ ਰਵਾਨਾ ਹੋ ਗਏ। ਅੱਜ ਦਿਨ ਵੇਲੇ ਉਨ੍ਹਾਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਸ. ਇੰਦਰਜੀਤ ਸਿੰਘ ਕਾਲਕਟ ਵੱਲੋਂ ਰੱਖੇ ਗਏ ਇਕ ਸਮਾਗਮ ਦੇ ਵਿਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ। ਆਪਣੇ ਸੰਖੇਪ ਪਰ ਪ੍ਰਭਾਵਸ਼ਾਲੀ ਵਿਚਾਰ ਰੱਖਦਿਆਂ ਉਨ੍ਹਾਂ ਪੰਜਾਬ ਦੀ ਤ੍ਰਾਸਦੀ ਦੇ ਮੌਜੂਦਾ ਅੰਕੜੇ, ਨਸ਼ਿਆਂ ਦਾ ਰੁਝਾਨ ਅਤੇ ਰਿਜਲੱਟ, ਮਰਨ ਕਿਨਾਰੇ ਪਈ ਆਰਥਿਕਤਾ, ਮੰਤਰੀਆਂ ਦੀ ਬੇਪਜ਼ੂਲੀ ਅਤੇ ਕੰਗਾਲਤਾ ਵੱਲ ਵੱਧ ਰਹੇ ਪੰਜਾਬੀ ਦੀ ਤਸਵੀਰ ਸ਼ਬਦਾਂ ਦੇ ਵਿਚ ਬਿਆਨ ਕੀਤੀ। ਉਨ੍ਹਾਂ ਵਿਦੇਸ਼ੀ ਵਸਦੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਹੱਸਦਾ-ਵਸਦਾ ਤੇ ਹਰਿਆ-ਭਰਿਆ ਰੱਖਣ ਦੇ ਲਈ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਹਿਯੋਗ ਦੇਣ ਤਾਂ ਕਿ ਪੰਜਾਬ ਤੋਂ ਬਾਹਰ ਵਸ ਰਹੇ ਪੜ੍ਹੇ-ਲਿਖੇ ਅਤੇ ਸੂਝਵਾਨ ਪੰਜਾਬੀ ਭਾਈਚਾਰੇ ਦੇ ਸੁਪਨਿਆਂ ਦਾ ਪੰਜਾਬ ਅਸਲ ਰੂਪ ਵਿਚ ਸਿਰਜ ਸਕੀਏ। ਉਨ੍ਹਾਂ ਆਪਣੇ ਭਾਸ਼ਣ ਦੇ ਅੰਤ ਵਿਚ ਸਮੁਚੇ ਨਿਊਜ਼ੀਲੈਂਡ ਵਾਸੀਆਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਅਤੇ ਪੰਜਾਬੀ ਮੀਡੀਏ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਇਸ ਫੇਰੀ ਮੌਕੇ ਆਪਣਾ ਬਹੁਮੁੱਲਾ ਸਹਿਯੋਗ ਦਿੱਤਾ।
ਅੱਜਦੇ ਸਮਾਗਮ ਵਿਚ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਨੇ ਕੀਰਤਨ ਅਤੇ ਗੁਰਮਿਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਇੰਦਰਜੀਤ ਸਿੰਘ ਕਾਲਕਟ ਦੇ ਮਾਤਾ ਜੀ ਨੂੰ ਅਤੇ ਸ. ਜੋਗਾ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।