ਅੰਮ੍ਰਿਤਸਰ: – ਕੈਪਟਨ ਕੰਵਲਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ ਹੈ ਉਥੇ ਇਕ ਦਰਵੇਸ਼, ਇਮਾਨਦਾਰ ਅਤੇ ਬੇਦਾਗ ਰਾਜਨੀਤਕ ਸਖਸ਼ੀਅਤ ਵਜੋਂ ਪਈ ਘਾਟ ਵੀ ਨਾ ਪੂਰੀ ਹੋਣ ਯੋਗ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੇ ਬੇਵਕਤ ਹੋਈ ਮੌਤ ਦੇ ਅਫਸੋਸ ਵਜੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਵਿੱਦਿਅਕ ਅਦਾਰੇ ਅੱਜ ਬੰਦ ਰੱਖੇ ਗਏ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜਿਥੇ ਉਹ ਇਕ ਬੇਦਾਗ ਸਿੱਖ ਸਨ, ਉਥੇ ਨਿਡਰ ਜਰਨੈਲ ਵੀ ਸਨ ਜਿਨ੍ਹਾਂ ਹਮੇਸ਼ਾਂ ਸੱਚ ਦਾ ਸਾਥ ਦਿੱਤਾ ਅਤੇ ਜਿੰਦਗੀ ਵਿਚ ਔਖੀ ਅਤੇ ਦੁੱਖ ਦੀ ਘੜੀ ਦੌਰਾਨ ਵੀ ਹਲਾਤਾਂ ਤੋਂ ਕਦੇ ਹਾਰ ਨਹੀਂ ਮੰਨੀ। ਜਥੇਦਾਰ ਅਵਤਾਰ ਸਿੰਘ ਨੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਦੁਰਘਟਨਾ ਤੋਂ ਤੁਰੰਤ ਬਾਅਦ ਆਪਣੇ ਸਾਰੇ ਰੁਝੇਵੇਂ ਛੱਡ ਕੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਹਾਲਚਾਲ ਪੁੱਛਣ ਪੀ.ਜੀ.ਆਈ. ਪੁੱਜੇ ਸਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਕਰਨਾਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਸਮੂੰਹ ਮੈਬਰ ਸਾਹਿਬਾਨ ਸ਼੍ਰੋਮਣੀ ਕਮੇਟੀ ਅਤੇ ਸਕੱਤਰ ਸਾਹਿਬਾਨ ਅਤੇ ਹੋਰ ਸਟਾਫ ਨੇ ਵੀ ਕੈਪਟਨ ਕੰਵਲਜੀਤ ਸਿੰਘ ਦੇ ਵਿਛੋੜੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।