ਨਵੀਂ ਦਿੱਲੀ- ਬਰਮਾ ਦੀ ਵਿਰੋਧੀ ਧਿਰ ਦੀ ਨੇਤਾ ਅੰਗ ਸਾਨ ਸੂਚੀ ਲੰਬੇ ਅਰਸੇ ਬਾਅਦ ਆਪਣੀ 6 ਸਾਲ ਦੀ ਯਾਤਰਾ ਤੇ ਭਾਰਤ ਆਈ ਹੈ। ਸੂਚੀ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਭਾਰਤ ਦੀ ਇਸ ਯਾਤਰਾ ਤੋਂ ਕੋਈ ਖਾਸ ਉਮੀਦ ਨਹੀਂ ਹੈ, ਊਹ ਤਾਂ ਸਿਰਫ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਭਾਰਤ ਆਈ ਹੈ। ਸੂਚੀ ਨੇ ਕਿਹਾ, ‘ਅਗਰ ਮੈਨੂੰ ਭਾਰਤ ਸਰਕਾਰ ਤੋਂ ਕੋਈ ਖਾਸ ਉਮੀਦ ਹੋਵੇਗੀ ਵੀ ਤਾਂ ਮੈਂ ਉਸ ਸਬੰਧੀ ਮੀਡੀਆ ਵਿੱਚ ਗੱਲ ਨਹੀਂ ਕਰਾਂਗੀ।
ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਨਹਿਰੂ ਦੇ ਜਨਮਦਿਨ ਤੇ ਭਾਸ਼ਣ ਦੇਣ ਲਈ ਆਈ ਹੈ।ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬਰਮਾ ਦੀ ਯਾਤਰਾ ਦੌਰਾਨ ਉਸ ਨੂੰ ਭਾਸ਼ਣ ਦੇਣ ਲਈ ਸੱਦਾ ਪੱਤਰ ਦਿੱਤਾ ਸੀ। ਸੂਚੀ ਨੂੰ ਭਾਰਤ ਵੱਲੋਂ 1993 ਵਿੱਚ ਜਵਾਹਰਲਾਲ ਨਹਿਰੂ ਅਵਾਰਡ ਫਾਰ ਇੰਟਰਨੈਸ਼ਨਲ ਅੰਡਰਸਟੈਂਡਿੰਗ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਸਮੇਂ ਸੂਚੀ ਨਜ਼ਰਬੰਦ ਸੀ।
ਬਰਮਾ ਦੀ ਸਰਕਾਰ ਨਾਲ ਲੋਹਾ ਲੈਣ ਵਾਲੀ ਸੂਚੀ ਨੇ ਦਿੱਲੀ ਦੇ ਜੀਸਸ ਐਂਡ ਮੈਰੀ ਕਾਨਵੈਂਟ ਸਕੂਲ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਲੇਡੀ ਸ਼੍ਰੀ ਰਾਮ ਕਾਲਿਜ ਤੋਂ ਰਾਜਨੀਤੀ ਵਿਗਿਆਨ ਵਿੱਚ ਪੜ੍ਹਾਈ ਕੀਤੀ ਸੀ।ਇਸ ਕਾਲਿਜ ਵੱਲੋਂ ਵੀ ਸੂਚੀ ਨੂੰ ਸਨਮਾਨਿਤ ਕੀਤਾ ਜਾਵੇਗਾ। ਆਪਣੀ ਯਾਤਰਾ ਦੌਰਾਨ ਸੂਚੀ ਭਾਰਤ ਦੇ ਆਈਟੀ ਸ਼ਹਿਰ ਬੰਗਲੌਰ ਵੀ ਜਾਵੇਗੀ। ਸੂਚੀ ਕਈ ਹੋਰ ਨੇਤਾਵਾਂ ਨਾਲ ਵੀ ਗੱਲਬਾਤ ਕਰੇਗੀ।
ਸੂਚੀ 60ਵਿਆਂ ਦੇ ਆਸ-ਪਾਸ ਭਾਰਤ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਜੋ ਉਸ ਸਮੇਂ ਭਾਰਤ ਦੀ ਰਾਜਦੂਤ ਸੀ। ਉਹ ਉਸ ਸਮੇਂ ਅਕਬਰ ਰੋਡ ਤੇ ਉਸੇ ਹੀ ਘਰ ਵਿੱਚ ਰਹਿੰਦੀ ਸੀ, ਜਿੱਥੇ ਅੱਜ ਕਾਂਗਰਸ ਪਾਰਟੀ ਦਾ ਦਫਤਰ ਹੈ।