ਨਵੀਂ ਦਿੱਲੀ- ਸ਼ਰਾਬ ਦੇ ਬਹੁਤ ਵੱਡੇ ਵਪਾਰੀ ਪੌਂਟੀ ਚੱਢਾ ਅਤੇ ਉਸ ਦਾ ਭਰਾ ਹਰਦੀਪ ਚੱਢਾ ਆਪਸੀ ਲੜਾਈ ਵਿੱਚ ਮਾਰੇ ਗਏ। ਦੋਵਾਂ ਚੱਢਾ ਭਰਾਵਾਂ ਵਿੱਚ ਦਿੱਲੀ ਵਾਲੇ ਛੱਤਰਪੁਰ ਦੇ ਫਾਰਮ ਹਾਊਸ ਤੇ ਸ਼ਨਿਚਰਵਾਰ ਨੂੰ ਸੰਪਤੀ ਦੀ ਵੰਡ-ਵੰਡਾਈ ਨੂੰ ਲੈ ਕੇ ਹੋਏ ਝਗੜੇ ਵਿੱਚ ਹੋਈ ਗੋਲੀਬਾਰੀ ਦੌਰਾਨ ਦੋਵਾਂ ਦੀ ਹੀ ਮੌਤ ਹੋ ਗਈ। ਪ੍ਰੋਪਰਟੀ ਦੀ ਵੰਡ ਸਬੰਧੀ ਪੌਂਟੀ ਅਤੇ ਹਰਦੀਪ ਦੀ ਫਾਰਮ ਹਾਊਸ ਤੇ ਮੀਟਿੰਗ ਸੀ। ਇਸ ਮੀਟਿੰਗ ਵਿੱਚ ਚੱਢਾ ਭਰਾਵਾਂ ਤੋਂ ਇਲਾਵਾ ਕੁਝ ਹੋਰ ਲੋਕ ਵੀ ਸ਼ਾਮਿਲ ਸਨ।
ਫਾਰਮ ਹਾਊਸ ਤੇ ਸੰਪਤੀ ਦੇ ਮੁੱਦੇ ਤੇ ਦੋਵਾਂ ਵਿੱਚ ਕਾਫ਼ੀ ਤਕਰਾਰ ਹੋਈ। ਝਗੜਾ ਏਨਾ ਵੱਧ ਗਿਆ ਕਿ ਪਾਂਟੀ ਨੇ ਆਪਣੇ ਗੁਸੇ ਤੇ ਕਾਬੂ ਨਾਂ ਰੱਖਦੇ ਹੋਏ ਆਪਣੇ ਹੀ ਭਰਾ ਹਰਦੀਪ ਤੇ ਗੋਲੀ ਚਲਾ ਦਿੱਤੀ। ਹਰਦੀਪ ਦੇ ਗਾਰਡ ਨੇ ਜਵਾਬ ਵਿੱਚ ਪੌਂਟੀ ਤੇ ਗੋਲੀਆਂ ਦਾਗ ਦਿੱਤੀਆਂ।ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਨੇ ਇੱਕ ਦੂਸਰੇ ਤੇ ਗੋਲੀਆਂ ਚਲਾਈਆਂ। ਪੌਂਟੀ ਦੇ ਸਰੀਰ ਵਿੱਚ 6 ਗੋਲੀਆਂ ਲਗੀਆਂ ਅਤੇ ਹਰਦੀਪ ਦੇ ਸਰੀਰ ਵਿੱਚ 8 ਗੋਲੀਆਂ ਵਜੀਆਂ। ਫਾਇਰਿੰਗ ਦੀ ਜਾਣਕਾਰੀ ਮਿਲਣ ਤੇ ਪੁਲਿਸ ਫਾਰਮ ਹਾਊਸ ਪਹੁੰਚੀ ਅਤੇ ਜਖਮੀ ਹਾਲਤ ਵਿੱਚ ਮਿਲੇ ਦੋਵਾਂ ਭਰਾਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕੀਤੀ। ਜਿਸ ਫਾਰਮ ਹਾਊਸ ਵਿੱਚ ਇਹ ਕਾਂਡ ਹੋਇਆ ਉਹ 13 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਪੁਲਿਸ ਨੇ ਇਸ ਨੂੰ ਸੀਲ ਕਰ ਦਿੱਤਾ ਹੈ।
ਪੌਂਟੀ ਚੱਢਾ ਮਾਇਆਵਤੀ ਦੇ ਕਾਫ਼ੀ ਨਜ਼ਦੀਕ ਰਹੇ ਉਤਰ ਪ੍ਰਦੇਸ਼ ਦੇ ਸੱਭ ਤੋਂ ਵੱਡੇ ਵਪਾਰੀ ਸਨ। ਉਸ ਦਾ ਸ਼ਰਾਬ ਦਾ ਵਪਾਰ ਹਿਮਾਚਲ ਅਤੇ ਪੰਜਾਬ ਵਿੱਚ ਵੀ ਫੈਲਿਆ ਹੋਇਆ ਸੀ।ਸ਼ਰਾਬ ਦੇ ਨਾਲ ਨਾਲ ਰੀਅਲ ਐਸਟੇਟ ਵਿਚ ਵੀ ਉਸ ਦਾ ਦੱਬਦਬਾ ਸੀ ਅਤੇ ਕਈ ਮਾਲ ਅਤੇ ਮਲਟੀਪਲੇਕਸ ਦੇ ਵੀ ਉਹ ਮਾਲਿਕ ਸਨ। ਉਨ੍ਹਾਂ ਨੇ ‘ਜੋ ਬੋਲੇ ਸੋ ਨਿਹਾਲ’ਨਾਂ ਦੀ ਫਿਲਮ ਵੀ ਬਣਾਈ ਸੀ।