ਚੰਡੀਗੜ੍ਹ :- ਲੰਡਨ ਵਿਖੇ 2 ਅਪ੍ਰੈਲ ਨੂੰ ਜੀ 20 ਮੁਲਕਾਂ ਦੇ ਹੋ ਰਹੇ ਸਿਖਰ ਸੰਮੇਲਨ ਮੌਕੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜ਼ੀਡੈਟ ਸ਼੍ਰੀ ਬਾਰਕ ਓਬਾਮਾ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਦੋਂ ਹਿੰਦੋਸਤਾਨ ਵਿੱਚ ਵਾਜਪਾਈ ਦੀ ਸਰਕਾਰ ਸਮੇਂ ਸ਼੍ਰੀ ਬਿਲ ਕਲਿੰਟਨ ਹਿੰਦ ਦੇ ਦੌਰੇ ‘ਤੇ ਆਏ ਸਨ ਤਾਂ ਉਦੋਂ ਜੰਮੂ-ਕਸ਼ਮੀਰ ਦੇ ਚਿੱਟੀਸਿੰਘਪੁਰਾ ਵਿੱਚ ਹਿੰਦੋਸਤਾਨੀ ਫੌਜ ਨੇ 35 ਬੇਕਸੂਰ ਮਾਸੂਮ ਸਿੱਖਾਂ ਨੂੰ ਇੱਕ ਲਾਈਨ ਵਿੱਚ ਖੜਾ ਕੇ ਸ਼ਹੀਦ ਕਰ ਦਿੱਤਾ ਸੀ। ਉਦੋਂ ਦੀ ਹਿੰਦ ਸਰਕਾਰ ਦੇ ਗ੍ਰਹਿ ਵਜ਼ੀਰ ਸ਼੍ਰੀ ਐਲ ਕੇ ਅਡਵਾਨੀ ਨੇ ਇੱਕ ਸ਼ਾਜਿਸ ਤਹਿਤ ਇਹ ਕਤਲੇਆਮ ਕਰਵਾਇਆ ਸੀ ਤੇ ਇਸ ਕਤਲੇਆਮ ਨੂੰ ਮੁਸਲਿਮ ਕੌਮ ਦੇ ਸਿਰ ਮੜ੍ਹਨ ਦੀ ਅਸਫਲ ਕੌਸਿ਼ਸ ਕੀਤੀ ਸੀ। ਸ: ਮਾਨ ਨੇ ਸ਼੍ਰੀ ਓਬਾਮਾ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਸ ਚਿੱਟੀਸਿੰਘਪੁਰਾ ਕਾਂਡ ਦੀ ਕੌਮਾਂਤਰੀ ਪੱਧਰ ‘ਤੇ ਛਾਣਬੀਣ ਕਰਵਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਅਮਰੀਕਾ ਦੇ ਹਿੰਦ ਨਾਲ ਹੋਏ 123 ਪ੍ਰਮਾਣੂ ਸਮਝੌਤੇ ਨੂੰ ਰੱਦ ਕਰਕੇ ਹਿੰਦੋਸਤਾਨ ਵਿਚਲੀਆਂ ਘੱਟ ਗਿਣਤੀ ਕੌਮਾਂ ਦੇ ਮਨੁੱਖਤਾ ਪੱਖੀ ਹੱਕ-ਹਕੂਕਾ ਦੀ ਰੱਖਿਆ ਕੀਤੀ ਜਾਵੇ।
ਸ: ਮਾਨ ਨੇ ਕਿਹਾ ਕਿ ਜੋ ਸ੍ਰੀ ਬਰਾਕ ਓਬਾਮਾ ਦੁਨੀਆ ਵਿੱਚ ਆਰਥਿਕ ਬਰਾਬਰਤਾ ਲਿਆਉਣ ਅਤੇ ਅਮਨ-ਚੈਨ ਨੂੰ ਲਿਆਉਣ ਹਿੱਤ ਕਾਰਵਾਈਆਂ ਕਰ ਰਹੇ ਹਨ, ਉਹ ਸਵਾਗਤਯੋਗ ਹਨ, ਪਰ ਏਸ਼ੀਆ ਖਿੱਤੇ ਦੇ ਮੁਸਲਿਮ ਪਾਕਿਸਤਾਨ ਅਤੇ ਹਿੰਦੂ ਹਿੰਦੋਸਤਾਨ ਵਿੱਚ ਅਮਨ ਕਾਇਮ ਕਰਨ ਲਈ ਜ਼ਰੂਰੀ ਹੈ ਕਿ ਸ਼੍ਰੀ ਓਬਾਮਾ ਇਹਨਾਂ ਦੋਵਾਂ ਮੁਲਕਾਂ ਦੇ ਵਿਚਕਾਰ “ਬੱਫਰ ਸਟੇਟ” ਕਾਇਮ ਕਰਨ ਲਈ ਮੁੱਖ ਭੂਮਿਕਾ ਨਿਭਾਉਣ ਜੋ ਇਸ ਖਿੱਤੇ ਦੀ ਦਹਿਸ਼ਤਗਰਦੀ ਨੂੰ ਠੱਲ੍ਹ ਪਾਉਣ ਵਿੱਚ ਸਹਾਇਕ ਹੋਵੇਗਾ।
ਸ: ਮਾਨ ਨੇ ਬਰਤਾਨੀਆ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਿੰਦ ਹਕੂਮਤ ਵੇਲੇ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ ਨੂੰ ਮੁੱਖ ਰੱਖਕੇ ਲੰਡਨ ਵਿੱਚ ਦੋ ਅਪ੍ਰੈਲ ਨੂੰ ਸਿਖਰ ਸੰਮੇਲਨ ਮੌਖੇ ਰੋਸ ਵਿਖਾਵਾ ਕਰਦੇ ਹੋਏ ਸ਼੍ਰੀ ਓਬਾਮਾ ਨੂੰ ਯਾਦ ਪੱਤਰ ਦੇਣ ਜਿਸ ਵਿੱਚ ‘ਬੱਫਰ ਸਟੇਟ’ ਕਾਇਮ ਕਰਨ , ਹਿੰਦ-ਅਮਰੀਕਾ 123 ਸਮਝੌਤਾ ਰੱਦ ਕਰਨ, ਫਰਾਂਸ ਦਾ ਦਸਤਾਰ ਮਸਲਾ ਹੱਲ ਕਰਨ, ਸਿੱਖ ਕੌਮ ਦੀ ਕਾਲੀ ਸੂਚੀ ਖਤਮ ਕਰਨ, ਬਲਿਊ ਸਟਾਰ ਦੀ ਕਾਰਵਾਈ ਸਮੇਂ ਸਿੱਖ ਕੌਮ ਦੀਆਂ ਲੁੱਟੀਆਂ ਬਹੁਮੁੱਲੀ ਵਸਤਾਂ ਵਾਪਿਸ ਕਰਨ, ਚਿੱਠੀਸਿੰਘਪੁਰਾ ਦੇ ਕਤਲੇਆਮ ਦੀ ਐਫ ਬੀ ਆਈ ਜਾਂ ਸਕਾਟਲੈਂਡ ਯਾਰਡ ਤੋਂ ਜਾਂਚ ਕਰਵਾਉਣ, ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾ ਦਿਵਾਉਣ, ਅਨੰਦ ਮੈਰਿਜ ਐਕਟ ਤੇ ਆਲ ਇੰਡੀਆਂ ਗੁਰਦੁਆਰਾ ਐਕਟ ਨੂੰ ਤੁਰੰਤ ਹੋਂਦ ਵਿੱਚ ਲਿਆਉਣ, ਜੇਲ੍ਹਾਂ ਵਿੱਚ ਬੰਦੀ ਬਣਾਏ ਗਏ ਸਿੱਖ ਨੌਜਵਾਨਾਂ ਨੂੰ ਰਿਹਾ ਕਰਨ, ਪੰਜਾਬ ਦੇ ਡੈਮਾਂ, ਹੈੱਡ ਵਰਕਸਾਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਤੇ ਨਹਿਰਾਂ ਦਾ ਪਾਣੀ ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਹਵਾਲੇ ਕਰਨ ਆਦਿ ਸਬੰਧੀ ਮੁੱਖ ਮੰਗਾਂ ਨੂੰ ਲੈ ਕੇ ਸ਼੍ਰੀ ਓਬਾਮਾ ਨੂੰ ਯਾਦ ਪੱਤਰ ਦੇਣ ਦੇ ਕੌਮੀ ਫਰਜਾਂ ਦੀ ਪੂਰਤੀ ਕਰਨ।