ਨਵੀਂ ਦਿੱਲੀ- ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸਹੂਲਤ ਲਈ ਇੱਕ ਨਵਾਂ ਐਂਟਰੀ ਗੇਟ ਬਣਾਏ ਜਾਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੇਟ ਰਾਹੀਂ ਸਟੇਸ਼ਨ ਦੇ ਅੰਦਰ ਦਾਖਿਲ ਹੋਣ ਲਈ ਯਾਤਰੀ ਕੁਝ ਫੀਸ ਅਦਾ ਕਰਕੇ ਭੀੜ ਤੋਂ ਬੱਚ ਸਕਣਗੇ।
ਰੇਲਵੇ ਨੇ ਇਸ ਸਹੂਲਤ ਦਾ ਨਾਂ ‘ਪ੍ਰੀਮੀਅਰ ਐਕਸਪਰੈਸ’ ਰੱਖਿਆ ਹੈ ਜਿਸਦੀ ਫੀਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਸ਼ੁਕਰਵਾਰ ਨੂੰ ਇਸ ਸਟੇਸ਼ਨ ਦਾ ਦੌਰਾ ਕੀਤਾ ਸੀ।ਬਾਂਸਲ ਨੇ ਇਸ ਦੌਰਾਨ ਹੀ ਰੇਲਵੇ ਦੇ ਦਿੱਲੀ ਡਵੀਜਨ ਨੂੰ ਪ੍ਰੀਮੀਅਰ ਐਕਸੈਸ ਸਿਸਟਮ ਡੀਵਲਪ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਾੜਗੰਜ ਵਾਲੇ ਪਾਸੇ ਸਿੱਧਾ ਐਂਟਰੀ ਰੋਡ ਬਣਾਉਣ ਤੇ ਵਿਚਾਰ ਚੱਲ ਰਹੀ ਹੈ। ਅਜਮੇਰੀ ਗੇਟ ਵਾਲੇ ਪਾਸੇ ਵੀ ਅਜਿਹਾ ਗੇਟ ਬਣਾਉਣ ਸਬੰਧੀ ਸੋਚਿਆ ਜਾ ਰਿਹਾ ਹੈ।
ਨਵੀਂ ਦਿੱਲੀ ਸਟੇਸ਼ਨ ਤੇ ਰੋਜਾਨਾ 300 ਗੱਡੀਆਂ ਅਤੇ 5.5 ਲੱਖ ਯਾਤਰੀਆਂ ਦੀ ਆਵਾਜਾਈ ਹੁੰਦੀ ਹੈ। ਇਸ ਵਾਰ ਤਿਉਹਾਰਾਂ ਦੇ ਸੀਜਨ ਵਿੱਚ ਸਟੇਸ਼ਨ ਤੇ ਯਾਤਰੀਆਂ ਦੀ ਸੰਖਿਆ 7.5 ਲੱਖ ਪ੍ਰਤੀਦਿਨ ਤੱਕ ਪਹੁੰਚ ਗਈ ਸੀ। ਅਗਲੇ ਮਹੀਨੇ ਤੋਂ ਨਵੀਂ ਦਿੱਲੀ ਸਟੇਸ਼ਨ ਤੇ ਐਗਜੈਕਟਿਵ ਲਾਂਊਜ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਨਾਲ ਖਾਣਪੀਣ, ਬੈਠਣ ਅਤੇ ਵੀਲਚੇਅਰਜ਼ ਦੀ ਸਹੂਲਤ ਮਿਲੇਗੀ। ਫੈਕਸ, ਲੈਪਟਾਪ, ਵਾਈ-ਫਾਈ,ਲਾਕਰ ਫੈਸਿਲਟੀ ਅਤੇ ਵਾਸ਼ਰੂਮ ਦੀ ਵੀ ਸਹੂਲਤ ਹੋਵੇਗੀ। ਲਾਂਊਜ ਵਿੱਚ 3 ਘੰਟੇ ਦੀ ਸਰਵਿਸ ਲਈ 300 ਰੁਪੈ ਦੇਣੇ ਹੋਣਗੇ।