ਅੰਮ੍ਰਿਤਸਰ: – ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਰਧ ਬੀੜਾਂ, ਗੁਰਬਾਣੀ ਗੁਟਕਿਆਂ, ਪੋਥੀਆਂ ਦੇ ਸਸਕਾਰ ਦੀ ਸੇਵਾ ਬਾਬਾ ਨਰਿੰਦਰ ਸਿੰਘ ਜਵੱਦੀ ਲੁਧਿਆਣਾ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਂਪੀ ਗਈ ਹੈ ਤੇ ਉਹ ਇਹ ਸੇਵਾ ਭਲੀਭਾਂਤ ਠੀਕ ਤਰੀਕੇ ਨਾਲ ਨਿਭਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਗੋਡਿਆਂ ਦੇ ਸਫਲ ਉਪਰੇਸ਼ਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਬਾਬਾ ਨਰਿੰਦਰ ਸਿੰਘ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚੋਂ ਬਿਰਧ ਹਾਲਤ ਵਿੱਚ ਹੋ ਚੁੱਕੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ, ਪੋਥੀਆਂ ਨੂੰ ਇਕੱਤਰ ਕਰਕੇ ਉਨ੍ਹਾਂ ਦਾ ਸਸਕਾਰ ਪੂਰਨ ਵਿਧੀਵਤ ਤੇ ਗੁਰਮਤਿ ਮਰਯਾਦਾ, ਸ਼ਰਧਾ ਤੇ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਣੇ ਅੰਗੀਠਾ ਸਾਹਿਬ ਵਿੱਚ ਕਰਦੇ ਹਨ। ਉਨ੍ਹਾਂ ਤੇ ਕਿੰਤੂ ਕਰਨਾ ਕਿਸੇ ਲਈ ਵੀ ਯੋਗ ਨਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਮੋਹੜਾ ਅੰਬਾਲਾ (ਹਰਿਆਣਾ) ਵਿਖੇ ਵੀ ਇਸ ਤਰਾਂ ਦੀ ਸੇਵਾ ਅੰਗੀਠਾ ਸਾਹਿਬ ਬਣਾ ਕੇ ਕੀਤੀ ਜਾਵੇਗੀ, ਜਿਸ ਦੀ ਸੇਵਾ ਬਾਬਾ ਨਰਿੰਦਰ ਸਿੰਘ ਜਵੱਦੀ ਵਾਲੇ ਹੀ ਕਰਨਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਸਥਾਨਾਂ ਤੋਂ ਦੋ ਸੌ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਅਤੇ 70 ਦੇ ਕਰੀਬ ਦਸਮ ਗ੍ਰੰਥ ਸਰੂਪ ਸ਼੍ਰੋਮਣੀ ਕਮੇਟੀ ਨੂੰ ਬਾਬਾ ਨਰਿੰਦਰ ਸਿੰਘ ਵੱਲੋਂ ਸੌਪੇਂ ਗਏ ਹਨ। ਜਿੰਨ੍ਹਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਤਿਕਾਰ ਸਹਿਤ ਸੰਭਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਇੱਕ ਆਧੂਨਿਕ ਸੁੱਖ ਸਹੂਲਤਾਂ ਭਰਪੂਰ ਸਰਾਂ ਕਾਰ ਸੇਵਾ ਰਾਹੀਂ ਜਲਦ ਤਿਆਰ ਕੀਤੀ ਜਾਵੇਗੀ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪੁੱਜਣ ਤੇ ਸਮੁੱਚੇ ਅਧਿਕਾਰੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਜਥੇ. ਅਵਤਾਰ ਸਿੰਘ ਨੂੰ ਸ਼ਾਲ ਤੇ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਆਉਂਣ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ।
ਇਸ ਮੌਕੇ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਤੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ.ਤਰਲੋਚਨ ਸਿੰਘ ਸਕੱਤਰ, ਸ.ਮਨਜੀਤ ਸਿੰਘ ਤੇ ਸ.ਮਹਿੰਦਰ ਸਿੰਘ ਆਹਲੀ ਐਡੀ:ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਕੇਵਲ ਸਿੰਘ, ਸ.ਹਰਭਜਨ ਸਿੰਘ ਮਨਾਵਾ ਤੇ ਸ.ਕੁਲਦੀਪ ਸਿੰਘ ਬਾਵਾ (ਸਾਰੇ ਮੀਤ ਸਕੱਤਰ), ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਆਦਿ ਮੌਜੂਦ ਸਨ।