ਲੁਧਿਆਣਾ:- ਕੌਮੀ ਪ੍ਰਸਿੱਧੀ ਪ੍ਰਾਪਤ ਜੀਵਨ ਜਾਚ ਅਧਿਆਪਕ ਪ੍ਰੋ: ਪੀ ਕੇ ਕੇਸ਼ਪ ਵੱਲੋਂ ਲਿਖੀ ਪੁਸਤਕ ‘ਵਡਮੁੱਲਾ ਟੀਚਰ’ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਚੰਗੇ ਸਮਾਜ ਦੀ ਬੁਨਿਆਦ ਚੰਗੇ ਅਧਿਆਪਕ ਤੇ ਨਿਰਭਰ ਕਰਦੀ ਹੈ ਪਰ ਅਧਿਆਪਕ ਨੂੰ ਚੰਗਾ ਰੱਖਣ ਵਿੱਚ ਸਮਾਜ ਨੂੰ ਵੀ ਜਿੰਮੇਂਵਾਰੀ ਨਿਭਾਉਣੀ ਪੈਂਦੀ ਹੈ। ਸਰਮਾਏ ਦੀ ਅੰਨ੍ਹੀ ਦੌੜ ਵਿੱਚ ਜਿਥੇ ਧਰਮ ਸਾਸ਼ਤਰੀ, ਰਾਜਨੀਤੀ ਸਾਸ਼ਤਰੀ, ਅਰਥ ਸਾਸ਼ਤਰੀ ਗਰਕਦੇ ਗਰਕਦੇ ਗਰਕ ਗਏ ਹਨ, ਉਥੇ ਸਿੱਖਿਆ ਸਾਸ਼ਤਰੀ ਵੀ ਪਿੱਛੇ ਨਹੀਂ ਰਹੇ। ਚੰਗੇ ਆਦਰਸ਼ਾਂ ਦੀ ਉਸਾਰੀ ਲਈ ਇਹ ਪੁਸਤਕ ਯਕੀਨਨ ਨੁਕਤਾ ਅਧਾਰਿਤ ਹੋਣ ਕਾਰਨ ਅਸਰਦਾਰ ਸਾਬਤ ਹੋਵੇਗੀ। ਉਨ੍ਹਾਂ ਆਖਿਆ ਕਿ ਪੰਜਾਬੀ ਵਿਚ ਲਿਖੀ ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਚਰਨ ਕੰਵਲ ਸਿੰਘ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ: ਜਗਤਾਰ ਸਿੰਘ ਧੀਮਾਨ ਨੇ ਪ੍ਰੋਫੈਸਰ ਕੇਸ਼ਪ ਦੀ ਨਿਰੰਤਰ ਸੰਘਰਸ਼ਸ਼ੀਲ ਕਲਮ ਨੂੰ ਸਲਾਹਿਆ। ਦੋਹਾਂ ਵਿਦਵਾਨਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸੁਭਾਗ ਹਾਸਿਲ ਹੈ ਕਿ ਉਹ ਪ੍ਰੋਫੈਸਰ ਕੇਸ਼ਪ ਨਾਲ ਫਰੈਂਚ ਭਾਸ਼ਾ ਦੀ ਪੜ੍ਹਾਈ ਕਰਦੇ ਰਹੇ ਹਨ। ਪ੍ਰੋਫੈਸਰ ਕੇਸ਼ਪ ਨੇ ਦੱਸਿਆ ਕਿ ਇਸ ਪੁਸਤਕ ਨੂੰ 18 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਦਾ ਕੰਮ ਚੱਲ ਰਿਹਾ ਹੈ। ਮੂਲ ਰੂਪ ਵਿੱਚ ਇਹ ਪੁਸਤਕ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਲਿਖੀ ਸੀ ਅਤੇ ਮਾਂ ਬੋਲੀ ਪੰਜਾਬੀ ਵਿੱਚ ਇਸ ਨੂੰ ਨਵੇਂ ਸਿਰਿਉਂ ਵਿਉਂਤਿਆ ਅਤੇ ਲਿਖਿਆ ਹੈ।