ਆਪਣੇ ਆਪ ਨੂੰ ਪੰਜਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਦੇ ਵਾਰਸ ਅਖਵਾਉਣ ਵਾਲੇ ਗਾਇਕ ਭਰਾਵੋ, ਤੁਹਾਡੇ ਵੱਲੋਂ ਪਿਛਲੇ 10-12 ਸਾਲਾਂ ਤੋਂ ਗਾਏ ਜਾ ਰਹੇ ਘਟੀਆ ਕਿਸਮ ਦੇ ਅਧਨੰਗੇ (ਜਾਂ ਪੂਰੇ ਨੰਗੇ ਕਹਿ ਲਓ, ਕਿਉਂਕਿ ਤੁਹਾਡੇ ਵੀਡੀਓ ਵਿਚਲੀਆਂ ਅਧਨੰਗੀਆਂ ਕੁੜੀਆਂ ਬਾਕੀ ਅੱਧ ਪੂਰਾ ਕਰ ਦਿੰਦੀਆਂ ਹਨ) ਗਾਣਿਆਂ ਤੋਂ ਅੱਕ ਕੇ ਅੱਜ ਤੁਹਾਨੂੰ ਅੱਖਾਂ ਭਰ ਕੇ ਇਕ ਪੱਤਰ ਲਿਖਣ ਲੱਗਿਆ ਹਾਂ। ਤੁਸੀਂ ਜਿਆਦਾਤਰ ਪੰਜਾਬ ਦੇ ਹੀ ਵਾਸੀ ਹੋ, ਇਸ ਲਈ ਪਹਿਲਾਂ ਮੈਂ ਪੱਤਰ ਦੀ ਸ਼ੁਰੂਆਤ ਫਤਹਿ ਤੋਂ ਕਰਨ ਲੱਗਾ ਸਾਂ, ਪਰ ਤੁਹਾਡੇ ਦੁਆਰਾ ਪਾਏ ਜਾ ਰਹੇ ਗੰਦ ਨੂੰ ਵੇਖ ਕੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜੇ ਫਤਹਿ ਸਾਂਝੀ ਕੀਤੀ ਵੀ ਗਈ ਤਾਂ ਤੁਹਾਡਾ ਜਵਾਬ ਤਾਂ ਇਹੀ ਹੋਵੇਗਾ ਨਾ,
‘ਕੰਜਰ ਕਿੱਤੇ ਦੀ ਜੈ’
ਤੁਸੀ ਨਿੱਤ ਦਿਹਾੜੀ ਵੱਖ-ਵੱਖ ਟੀ.ਵੀ. ਚੈਨਲਾਂ ’ਤੇ ਇੰਟਰਵਿਊ ਦਿੰਦੇ ਹੋ ਤੇ ਇਕ ਗੱਲ ਸਭ ਤੋਂ ਵੱਧ ਜੋਰ ਨਾਲ ਕਹਿੰਦੇ ਹੋ, “ਅਸੀਂ ਪੰਜਾਬੀ ਵਿਰਸੇ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਅਸੀਂ ਏਹੋ ਜਹੇ ਗੀਤ ਗਾਉਂਦੇ ਹਾਂ ਜੋ ਧੀਆਂ-ਭੈਣਾਂ ਤੇ ਪੂਰੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ……” ਤੇ ਉਸੇ ਵੇਲੇ ਟੀ.ਵੀ. ਵਾਲੇ ਤੁਹਾਡੇ ਗਾਣੇ ਚਲਾ ਦਿੰਦੇ ਹਨ,
‘ਰਾਤੀਂ ਕਿਉਂ ਨਾ ਆਈ ਨੀ ਕਰਾਰ ਕਰਕੇ…… ਆਉਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ……’
‘ਹਾਏ ਸੋਹਣੀਏ ਨੀ ਦੁਖ ਟੁੱਟ ਜਾਣਗੇ ਮੈਨੂੰ ਘੁੱਟ ਕੇ …………’
ਤੇ ਜਾਂ ਐਸੇ ਕਈ ਹੋਰ ਸੈਕੜੇ ਗੀਤ……।
ਹੁਣ ਤੁਸੀਂ ਆਪਣੇ ਜ਼ਮੀਰ (ਜੇ ਥੋੜੀ ਬਹੁਤ ਜਿਉਂਦੀ ਹੈ ਤਾਂ) ਨੂੰ ਪੁੱਛ ਕੇ ਦੱਸੋ ਕਿ ਕੀ ਇਹ ਗੀਤ ਧੀਆਂ-ਭੈਣਾਂ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ…… ਤੇ ਸੱਚ ਜਾਣਿਓ ਜਿਹੜੀ ਮਾਂ ਬੋਲੀ ਦੀ ਸੇਵਾ ਦੀਆਂ ਤੁਸੀਂ ਗੱਲਾਂ ਕਰਦੇ ਓ ਨਾ, ਉਹ ਤਾਂ ਤੁਹਾਡੇ ਇਹ ਗੀਤ ਸੁਣਕੇ ਲੁਕਣ ਨੂੰ ਥਾਂ ਲੱਭਦੀ ਕੰਧਾਂ-ਕੌਲ਼ਿਆਂ ਨਾਲ ਵੱਜਦੀ ਫਿਰਦੀ ਹੁੰਦੀ ਹੈ…… ਉਸ ਨੂੰ ਆਪਣੀ ਇੱਜ਼ਤ ਲੱਟੀਦੀ ਪ੍ਰਤੀਤ ਹੋ ਰਹੀ ਹੁੰਦੀ ਹੈ।
ਵੀਰੋ, ਕੀ ਥੋਨੂੰ ਸਚੁਮੱਚ ਲੱਗਦਾ ਹੈ ਕਿ ਜੋ ਤੁਸੀਂ ਗਾਉਂਦੇ ਜਾਂ ਵਿਖਾਉਂਦੇ ਹੋ, ਇਹੀ ਅਸਲੀ ‘ਸੱਭਿਆਚਾਰ’ ਹੈ?
ਕੀ ਜਿਸ ਤਰ੍ਹਾਂ ਦੀ ਘਟੀਆ ਤੇ ਅਸ਼ਲੀਲ ਸ਼ਬਦਾਵਲੀ ਤੁਸੀਂ ਆਪਣੇ ਗੀਤਾਂ ਵਿਚ ਵਰਤਦੇ ਹੋ, ਉਸ ਨਾਲ ਪੰਜਾਬੀ ਮਾਂ-ਬੋਲੀ ਦਾ ਸਿਰ ਉੱਚਾ ਹੋ ਰਿਹਾ ਹੈ?
‘ਨਿੰਮ ਥੱਲੇ ਬੈਠ ਜਾ ਵਿਛਾ ਕੇ ਚਾਦਰਾ ਵੇ ਜੱਟਾ ਆਉਣੀ ਆਂ’
‘ਜਦ ਮਰਜ਼ੀ ਆਜੀ ਖ਼ੇਤ ਯਾਰ ਤਾਂ ਮੋਟਰ ’ਤੇ ਹੁੰਦੇ’
‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ…… ਸੌਂ ਗਏ ਜਦੋਂ ਸਾਰੇ ਤਾਂ ਜ਼ਰੂਰ ਆਉਂਗੀ’
ਕੀ ਤੁਹਾਡੇ ਕੋਲ ਗਾਉਂਣ ਲਈ ਇਕੋ ਰਿਸ਼ਤਾ ਰਹਿ ਗਿਆ ਹੈ?
ਕੀ ਤੁਸੀਂ ਇਹ ਸੌਂਹ ਖਾਧੀ ਹੋਈ ਹੈ ਕਿ ਪੰਜਾਬ ਦੀ ਕਿਸੇ ਕੁਆਰੀ ਕੁੜੀ ਨੂੰ ਸ਼ਾਂਤੀ ਨਾਲ ਘਰੇ ਵਸਣ ਨਹੀਂ ਦੇਣਾ ਤੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣ ਦੇਣਾ, ਬਸ ਘਰ੍ਹੋਂ ਕੱਢ ਕੇ ਹੀ ਲਿਜਾਣੀ ਹੈ?
‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ……’
‘ਤੇਰੇ ਵੀਰਾਂ ਕੋਲ ਖੁਢੀਆਂ ਗੰਡਾਸੀਆਂ ਨੀ ਜੱਟ ਕੋਲ ਬਾਰਾਂ ਬੋਰ ਦੀ……’
‘ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ……’
‘ਮੈਨੂੰ ਮਾਪਿਆਂ ਦੀ ਕੈਦ ’ਚੋਂ ਛੁਡਾ ਲੈ ਸੋਹਣਿਆਂ……’
ਕੀ ਤੁਸੀਂ ਕਦੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਮੋੜਣ ਦਾ ਕੋਈ ਉਪਰਾਲਾ ਕੀਤਾ ਹੈ, ਇਕ-ਦੋ ਨੂੰ ਛੱਡ ਕੇ ਤੁਸੀਂ ਸਾਰਿਆਂ ਨੇ ਮੁਡਿਆਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਲਈ ਪੂਰੀ ਵਾਹ ਲਾਈ ਹੋਈ ਹੈ?
‘ਦੋ ਚੀਜ਼ਾਂ ਜੱਟ ਮੰਗਦਾ ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ…’
‘ਜਦ ਪੀ ਲੈਂਦੇ ਸੂਟਾ…… ਪੁੱਤ ਜੱਟਾਂ ਦੇ ਨੇ ਗੱਭਰੂ’
‘ਜਿੱਥੇ ਆਵੇ ਠੇਕਾ ਗੱਡੀ ਰੋਕ ਲਵੀਂ……’
ਕੀ ਤੁਹਾਡੇ ਲਈ ਇੱਜ਼ਤ, ਅਣਖ, ਗ਼ੈਰਤ, ਮਾਂ ਦੀ ਚੁੰਨੀਂ, ਬਾਪੂ ਦੀ ਪੱਗ, ਇਹ ਸਾਰੇ ਸ਼ਬਦ ਮਰ ਚੁੱਕੇ ਹਨ?
ਤੇ ਕੀ ਤੁਹਾਡੇ ਘਰ ਵਿਚ ਆਪਣੀ ਕੋਈ ਧੀ ਭੈਣ ਨਹੀਂ?
ਤੇ ਜੇ ਹੈ ਤਾਂ ਕੀ ਤੁਸੀਂ ਉਹਨਾਂ ਨੂੰ ਵੀ ਉਹੀ ਨਸੀਹਤ ਦਿੰਦੇ ਹੋ ਜੋ ਪੰਜਾਬ ਦੀਆਂ ਦੂਜੀਆਂ ਕੁੜੀਆਂ ਨੂੰ ਦਿੰਦੇ ਹੋ?
ਅਸਲ ਵਿਚ ਤੁਸੀਂ ਭਟਕ ਚੁੱਕੇ ਹੋ ਵੀਰੋ। ਰਾਤੋ-ਰਾਤ ਸਟਾਰ ਬਨਣ ਦੀ ਲਾਲਸਾ ਵਿਚ ਤੁਸੀਂ ਆਪਣੀ ਮਾਂ, ਜਿਹੜੀ ਵਿਚਾਰੀ ਕਦੇ ਅਮੀਰ ਵਿਰਸੇ ਦੀ ਮਾਲਕ ਹੁੰਦੀ ਸੀ, ਦੇ ਕੱਪੜੇ ਵੀ ਪਾੜ ਦਿੱਤੇ ਹਨ ਤੇ ਉਸ ਨੂੰ ਗ਼ੈਰਾਂ ਸਾਹਵੇਂ ਨੰਗੀ ਕਰ ਦਿੱਤਾ ਹੈ। ਕੀ ਤੁਹਾਨੂੰ ਸੁਪਨੇ ਵਿਚ ਕਦੇ ਵੀ ਮਾਂ ਰੋਂਦੀ ਵਿਲਕਦੀ ਨਹੀਂ ਦਿਸੀ? ਮੈਨੂੰ ਦਿਸੀ ਹੈ… ਤੇ ਸ਼ਾਇਦ ਹਰੇਕ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਦਿਸੀ ਹੋਵੇਗੀ…… ਲੀੜੇ ਤਾਂ ਉਸ ਦੇ ਲੀਰੋ-ਲੀਰ ਹੋਏ ਹੀ ਸਨ, ਥਾਂ-ਥਾਂ ਤੋਂ ਉਸ ਦਾ ਪਿੰਡਾ ਵੀ ਲਹੂ ਲੁਹਾਣ ਹੋਇਆ ਪਿਆ ਸੀ… ਸਿਰ ਦੇ ਕੇਸ ਇੰਝ ਸਨ ਜਿਵੇਂ ਕਈ ਸਾਲਾਂ ਤੋਂ ਵਾਹੇ ਨਾ ਹੋਣ, ਪਿੰਡਾ ਜਿਵੇਂ ਕਿਸੇ ਨੇ ਘਰੂੰਡਾਂ ਨਾਲ ਛਿੱਲਿਆ ਹੋਵੇ। ਬਾਵਰਿਆਂ ਵਾਂਗ ਤੁਰੀ ਜਾਂਦੀ ਸੀ ਤੇ ਦੂਰੋਂ ਕਿਤੋਂ ਆਵਾਜ਼ ਆ ਰਹੀ ਸੀ,
“ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀਂ,
ਮੀਢੀਆਂ ਖਿਲਾਰੀ ਫਿਰੇਂ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਨੇ ਤੇਰਾ ਲਾਹ ਲਿਆ ਸ਼ਿਗਾਰ ਨੀਂ,
ਪੰਜਾਬੀਏ ਜ਼ਬਾਨੇ……”
ਇਕ ਵਾਰੀ ਸਾਡੇ ਇਕ ਬੜੇ ਸਤਿਕਾਰਤ ਮਹਾਂਪੁਰਖ਼ ਨੇ ਕਿਹਾ ਸੀ, “ਮੈਂ ਸਰੀਰ ਦੇ ਮਰਨ ਨੂੰ ਮੌਤ ਨਈਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾਂ……”। ਸਾਡੇ ਲੋਕਾਂ ਨੇ ਤਾਂ ਉਸ ਦੀ ਇਹ ਗੱਲ ਸ਼ਾਇਦ ‘ਲੈਕਚਰ’ ਦੇ ਇਕ ਪਾਰਟ ਵਜੋਂ ਸੁਣੀ ਤੇ ਵਿਸਾਰ ਦਿੱਤੀ…… ਪਰ ਹਾਕਮਾਂ ਨੇ ਇਹ ਗੱਲ ਤੁਰੰਤ ਆਪਣੀਆਂ ਡਾਇਰੀਆਂ ’ਤੇ ਨੋਟ ਕਰ ਲਈ।
ਤੇ ਫੇਰ ਜਦੋਂ ਹਾਕਮ ਪੰਜਾਬ ਦੇ ਜਾਇਆਂ ਨੂੰ ਕੋਹ-ਕੋਹ ਕੇ ਥੱਕ ਗਏ, ਜਦੋਂ ਪੰਜਾਬ ਦੀਆਂ ਨਹਿਰਾਂ ਦਰਿਆਵਾਂ ਦਾ ਸਾਰਾ ਪਾਣੀ ਸਿਖ ਨੌਜੁਆਨੀਂ ਦੇ ਖ਼ੂਨ ਨਾਲ ਲਾਲ ਹੋ ਗਿਆ, ਜਦੋਂ ਦਰਿਆਵਾਂ ਦੀਆਂ ਮੱਛੀਆਂ ਨੇ ਵੀ ਹੋਰ ਮਨੁੱਖੀ ਮਾਸ ਖਾਣ ਤੋਂ ਜਵਾਬ ਦੇ ਦਿੱਤਾ, ਜਦੋਂ ਜ਼ਾਲਮਾਂ ਦੇ ਜ਼ੁਲਮਾਂ ਦੀ ਇੰਤਹਾ ਹੋ ਗਈ ਪਰ ਲਹਿਰ ਠੰਡੀ ਨਾ ਪਈ, ਤਾਂ ਉਹਨਾਂ ਨੇ ਦੂਜਾ ਹਥਿਆਰ ਵਰਤਿਆ। ਹਾਕਮਾਂ ਨੂੰ ਸਮਝ ਪੈ ਗਈ ਕਿ ਸਰੀਰਾਂ ਦੇ ਮਾਰਿਆਂ ਇਹ ਲਹਿਰ ਖਤਮ ਨਹੀਂ ਹੋਣੀ। ਸੋ ਬੰਦੂਕਾਂ ਵਾਲੀਆਂ ਫੌਜਾਂ ਵਾਪਸ ਬੁਲਾ ਕੇ ਹੋਰ ਸੈਨਾਂ ਭੇਜੀ ਗਈ, ਜਿਹੜੀ ਸੈਨਾਂ ਦੇ ਹੱਥ ਵਿਚ ਢੋਲਕੀਆਂ ਛੈਣੇ ਸਨ। ਇਹ ਫੌਜ ਸੀ ਪੰਜਾਬ ਦੀ ਜਵਾਨੀ ਦੇ ਜ਼ਮੀਰ ਮਾਰਨ ਲਈ, ਕਿਉਂਕਿ ਅਸਲੀ ਮੌਤ ਤਾਂ ਜ਼ਮੀਰ ਦੇ ਮਰਿਆਂ ਹੁੰਦੀ ਹੈ ਨਾ। ਤੇ ਫੇਰ ਇਸ ਫੌਜ ਨੇ ਗੋਲੀਆਂ ਨਾਲ ਵਿੰਨ੍ਹੀ ਪੰਜਾਬ ਦੀ ਧਰਤੀ ਉੱਤੇ ‘ਅਸੱਭਿਆਚਾਰਕ ਮੇਲੇ’ ਲਾਉਣੇ ਸ਼ੁਰੂ ਕੀਤੇ। ਤੇ ਓਦੋਂ ਸ਼ੁਰੂ ਹੋਏ ਏਸ ਕੰਜਰ ਖਾਨੇ ਨੇ ਹੀ ਅੱਜ ਏਨਾ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ।
ਕੀ ਤੁਹਾਨੂੰ ਨਹੀਂ ਲੱਗਦਾ, ਕਿ ਪੰਜਾਬ ਦੀ ਜਵਾਨੀ ਦਾ ਅੰਨ੍ਹਾਂ ਘਾਣ ਹੋਇਆ ਪਰ ਤੁਹਾਡੇ ਵਿਚੋਂ (ਇੱਕ ਦੋ ਨੂੰ ਛੱਡ ਕੇ) ਕਿਸੇ ਨੇ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ। ਦੇਬੀ ਨੇ ਹੁਣੇ ਕਿਹਾ ਹੈ,
‘ਡਾਢਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ,
ਮੈਂ ਬੁਜ਼ਦਿਲ ਉਹਨਾਂ ਆਪਣਿਆਂ ਲਈ, ਹਾਅ ਦਾ ਨਾਹਰਾ ਲਾ ਨਈ ਸਕਿਆ,
ਉਹਨਾਂ ਤੋਂ ਮੁਆਫੀ ਚਾਹੁਣਾ, ਮੈਂ ਜਿਨਾਂ ਦਾ ਗੀਤ ਬਣਾ ਨਈ ਸਕਿਆ……’
ਇਹ ਸ਼ਬਦ ਉਸ ਨੇ ਇਕੱਲੇ ਆਪਣੇ ਲਈ ਨਹੀਂ ਵਰਤੇ, ਸਾਰੇ ਗਾਇਕ ਤੇ ਗੀਤਕਾਰ ਪਰਿਵਾਰ ਲਈ ਕਹੇ ਹਨ।
ਜਿੰਨੀ ਦਿਨੀਂ ਪੰਜਾਬ ਵਿਚ ਹਰ ਰੋਜ਼ ਸੈਕੜੇ ਨੌਜੁਆਨ ਲਾਵਾਰਸ ਕਹਿ ਕੇ ਫੂਕੇ ਜਾ ਰਹੇ ਸਨ ਤਾਂ ਉਦੋਂ ਪੰਜਾਬ ਦਾ ਇਕ ਨਾਮਵਰ ਗਾਇਕ ਕਨੇਡਾ ਵਿਚ ਪ੍ਰੋਗਰਾਮ ਕਰ ਰਿਹਾ ਸੀ ਤੇ ਗੀਤ ਰਾਹੀਂ ਮਸਤੀ ਮਨਾਉਣ ਦੀਆਂ ਗੱਲਾਂ ਕਰ ਰਿਹਾ ਸੀ ਤੇ ਓਦੋਂ ਉੱਥੋਂ ਲੰਘ ਰਹੇ ਇੱਕ ਬਜ਼ੁਰਗ ਦੇ ਮੂੰਹੋਂ ਸਹਿਸੁਭਾਅ ਹੀ ਨਿਕਲ ਗਿਆ, “ਮਸਤੀ ਕਾਹਦੀ ਮਨਾਈਏ…… ਹਰ ਰੋਜ਼ ਅੱਤਵਾਦੀ ਕਹਿ ਕੇ ਮਾਰੇ ਜਾ ਰਹੇ ਪੰਜਾਬ ਦੇ ਨਿਰਦੋਸ਼ੇ ਪੁੱਤਰਾਂ ਦੀ…… ਕੀ ਇਹਨਾਂ ਗਾਇਕਾਂ ਨੂੰ ਨਹੀਂ ਦਿਸਦੀਆਂ, ਪੁੱਤਾਂ ਨੂੰ ਉਡੀਕਦੀਆਂ ਮਾਵਾਂ, ਭਰਾਵਾਂ ਨੂੰ ਉਡੀਕਦੀਆਂ ਭੈਣਾਂ, ਕੰਤਾਂ ਨੂੰ ਉਡੀਕਦੀਆਂ ਨਾਰਾਂ…… ਜਿਹੜੇ ਗੀਤ ਸਿਵਿਆਂ ਵਿਚ ਦੀ ਹੋ ਕੇ ਆਉਂਦੇ ਹੋਣ ਉਹ ਕੰਨਾਂ ਨੂੰ ਨਹੀਂ ਸੋਹਾਂਦੇ, ਉਹ ਤਾਂ ਕਾਲਜਾ ਵਿੰਨ ਜਾਂਦੇ ਨੇ……”।
ਅਸਲ ਵਿਚ ਸਰਕਾਰਾਂ ਜੋ ਚਾਹੁਦੀਆਂ ਹਨ, ਉਹੀ ਤੁਸੀਂ ਗਾ ਸਕਦੇ ਹੋ। ਜੇ ਉਹਨਾਂ ਤੋਂ ਬਾਹਰੇ ਹੋ ਕੇ ਜਾਂ ਲੋਕਾਂ ਦੀ ਪੀੜ ਗਾਉਗੇ ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ਨਗੇ। ਜੇ ਨਹੀਂ ਯਕੀਨ ਤਾਂ ਪੁੱਛ ਕੇ ਵੇਖੋ ਓਸ ਗਾਇਕ ਨੂੰ ਜਿਸ ਨੇ ਜਦੋਂ ਗਾਇਆ,
‘ਇਹ ਕੀ ਤੂੰ ਪੁੱਤਰਾ ਕਰਿਆ ਨਾ ਤੂੰ ਸਮੇਂ ਭੈੜੇ ਤੋਂ ਡਰਿਆ,
ਪਾ ਕੇ ਉੱਤੋਂ ਦੀ ਕਿਰਪਾਨ ਸਿਰ ’ਤੇ ਬੰਨ੍ਹ ਲਈ ਪੱਗ ਸੁਨਿਹਰੀ,
ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ……’
ਤਾਂ ਉਸ ਨਾਲ ਕੀ ਵਾਪਰੀ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਉਸ ਨੂੰ ਓਦੋਂ ਪਤਾ ਲੱਗਾ ਸੀ ਕਿ ‘ਇੰਟੈਰੋਗੇਸ਼ਨ’ ਕੀ ਹੁੰਦੀ ਹੈ। ਉਹ ਤਾਂ ‘ਅਗਲਿਆਂ’ ਨੇ ਉਦੋਂ ਮੁਆਫ ਕੀਤਾ ਜਦੋਂ ਉਹੀ ਗਾਇਕ ਗਾਉਣ ਲੱਗ ਪਿਆ,
‘ਔਹ ਵੇਖੋ ਸੜਕਾਂ ’ਤੇ ਅੱਗ ਤੁਰੀ ਜਾਂਦੀ ਏ……’
ਤੇ ਜਦੋਂ ਬਾਈ ਦਿਲਸ਼ਾਦ ਅਖ਼ਤਰ ਨੇ ਗਾਇਆ,
‘ਝੂਠਿਆਂ ਕੇਸਾਂ ਦੇ ਵਿਚ ਕਰ ਲੈ ਤੂੰ ਕੈਦ ਭਾਵੇਂ, ਮਰਜ਼ੀ ਦੇ ਘੜ੍ਹ ਕੇ ਕਾਨੂੰਨ ਨੀ,
ਡੱਕ ਨਹੀਓ ਹੋਣੀ ਇਹ ਜਵਾਨੀ ਨੀ ਜੰਜ਼ੀਰਾਂ ਵਿਚ, ਡੋਲ੍ਹ ਨਾ ਬੇਦੋਸ਼ਿਆਂ ਦਾ ਖ਼ੂਨ ਨੀ,
ਸਿੰਘਾਂ ਨੂੰ ਤਾਂ ਚਾਅ ਸਦਾ ਰਹਿੰਦਾ ਕੁਰਬਾਨੀਆਂ ਦਾ, ਲੈਂਦੇ ਨੇ ਸ਼ਹੀਦੀ ਜਾਮ ਪੀ,
ਵੱਢਲੈ ਟੁੱਕਲੈ ਮਾਰਲੈ ਹਕੂਮਤੇ ਨੀ ਜਿੰਨਾ ਤੇਰਾ ਕਰਦਾ ਏ ਜੀ,
ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋਂ ਅਸੂਲ ਸਾਡਾ ਅਸਾਂ ਤੈਥੋਂ ਝੁਕਣਾ ਏ ਕੀ……’
ਤਾਂ ਉਸ ਨਾਲ ਕੀ ਬੀਤੀ।
ਦੂਰ ਨਾ ਜਾਓ ਤੁਸੀਂ ਤਾਜ਼ਾ ਮਿਸਾਲਾਂ ਹੀ ਲੈ ਲਓ। ਤੁਹਾਡੇ ਵਿਚੋਂ ਕੁਝ ਸੁਹਿਰਦ ਗਾਇਕਾਂ ਨੇ ਜਦੋ ਕੁਝ ਚੰਗੇ ਗੀਤ ਗਾਏ ਤਾਂ ਹਕੂਮਤ ਨੇ ਉਹਨਾਂ ਦੇ ਜਾਂ ਤਾਂ ਵੀਡੀਓ ਹੀ ਨਹੀਂ ਬਨਣ ਦਿੱਤੇ ਤੇ ਜਾਂ ਉਹਨਾਂ ਗਾਣਿਆਂ ’ਤੇ ਹੀ ਪਾਬੰਦੀ ਲਾ ਦਿੱਤੀ। ਭਾਵੇਂ ਰਾਜ ਬਰਾੜ ਦਾ ‘ਉੱਜੜ ਉੱਜੜ ਕੇ ਵਸਣਾ ਲਿਖਿਆ ਲੇਖਾਂ ਵਿਚ ਪੰਜਾਬ ਦੇ’ ਹੋਵੇ ਜਾਂ ਬੱਬੂ ਮਾਨ ਦਾ ‘ਆਸ਼ਿਕਾਂ ਦੀ ਲਾਈਨ’ ਹੋਵੇ। ਸੁਣਿਆਂ ਤਾਂ ਏਥੋਂ ਤੱਕ ਹੈ ਕਿ ਬੱਬੂ ਮਾਨ ਦਾ ਇਹ ਗੀਤ ਤਾਂ ‘ਅਗਲਿਆਂ’ ਨੂੰ ਏਨਾਂ ਰੜਕਿਆਂ ਹੈ ਕਿ ਡੀ.ਜੇ. ਵਾਲਿਆਂ ਨੂੰ ਪੁਲਸ ਨੇ ਕਿਸੇ ਵੀ ਪ੍ਰੋਗਰਾਮ ’ਤੇ ਇਹ ਗੀਤ ਪਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਹੁਣ ਤੁਸੀਂ ਆਪ ਹੀ ਵੇਖ ਲਓ ਕਿ ਅਗਲੇ ਤੁਹਾਡੇ ਤੋਂ ਕੀ ਚਾਹੁੰਦੇ ਹਨ, ਪਰ ਤੁਹਾਡੀਆਂ ਰਗ਼ਾਂ ਵਿਚ ਜੇ ਪੰਜਾਬ ਦਾ ਲਹੂ ਹੈ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਲੋਕਾਂ ਅੱਗੇ ਸੱਚ ਲਿਆਓਂ ਤੇ ਆਹ ਲੱਚਰਪੁਣੇ ਤੋਂ ਪੰਜਾਬ ਨੂੰ ਬਚਾਓਂ……
ਤੁਸੀਂ ਆਪ ਹੀ ਦੱਸੋ ਕਿ ਤੁਹਾਡੇ ਅੱਜ ਕੱਲ ਦੇ ਗੀਤ ਕੀ ਉਸੇ ਬੋਲੀ ਦਾ ਹਿੱਸਾ ਬਨਣ ਦੇ ਯੋਗ ਹਨ ਜਿਸ ਵਿੱਚ ਬਾਬਾ ਗੁਰੂ ਨਾਨਕ ਜੀ, ਬਾਬਾ ਫ਼ਰੀਦ ਜੀ, ਬਾਬਾ ਮਰਦਾਨਾ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਚਨਾ ਕੀਤੀ। ਕੀ ਤੁਹਾਡੇ ਬੋਲ ਉਸ ਅਮੀਰ ਵਿਰਾਸਤ ਦੀ ਮਾਲਕ ਬੋਲੀ ਦਾ ਸਿਰ ਨੀਵਾਂ ਨਹੀਂ ਕਰ ਰਹੇ ਜਾਂ ਕਹਿ ਲਓ ਸਿਰ ਵੱਢ ਹੀ ਰਹੇ ਹਨ। ਫਾਲਤੂ ਜਹੀ ਸ਼ੌਹਰਤ ਤੇ ਚਾਰ ਪੈਸਿਆਂ ਲਈ ਅਸੀਂ ਆਪਣੀ ਮਾਂ ਨੂੰ ਹੀ ਹਲਾਲ ਕਰ ਰਹੇ ਹਾਂ।
ਅੱਜ ਤਾਂ ਬੇੜਾ ਏਨਾ ਗਰਕ ਗਿਆ ਹੈ ਕਿ ਪੰਜਾਬ ਦੇ ਸਾਰੇ ਪਾਕ ਰਿਸ਼ਤਿਆਂ ਨੂੰ ਪਲੀਤ ਕਰਨ ਵਾਲੇ ਚਮਕੀਲੇ ਨੂੰ ਤੁਸੀਂ ਸ਼ਹੀਦ ਬਣਾ ਕੇ ਪੇਸ਼ ਕਰ ਰਹੇ ਹੋ। ਸ਼ਾਇਦ ਉਸ ਨੂੰ ਮਾਰਨ ਵਾਲਿਆਂ ਨੇ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਹਕੂਮਤ ਅਜਿਹਾ ਹਮਲਾ ਕਰੇਗੀ ਕਿ ਘਰ ਘਰ ਚਮਕੀਲੇ ਜੰਮ ਬੈਠਣਗੇ। ਇੱਕ ਉਸ ਤੁਹਾਡੇ ਸੂਰਮੇਂ? ਦੀ ਕੁੜੀ ਉੱਠੀ ਹੈ…… ਅਖੇ ਮੈਂ ਆਪਣੇ ਬਾਪ ਦਾ ਅਧੂਰਾ ਮਿਸ਼ਨ ਪੂਰਾ ਕਰਾਂਗੀ ਤੇ ਉਸ ਦੇ ਸਾਰੇ ਗੀਤ ਦੁਬਾਰਾ ਗਾਵਾਂਗੀ… ਮਿਸ਼ਨ?…… ਕਿਹੜਾ?…… ਜਿਹੜਾ ਉਹ ਸਟੇਜ਼ ’ਤੇ ਕਹਿੰਦਾ ਹੁੰਦਾ ਸੀ ਕਿ ਜੇ ਖੁੱਲ ਮਿਲ ਜਾਵੇ ਤਾਂ ਕੁੜੀਆਂ ਮੁੰਡਿਆਂ ਦੀਆਂ ਜੱਫੀਆਂ ਪਵਾ ਦੇਵੇਗਾ…… ਦੁਰ ਫਿਟੇ ਮੂੰਹ ਐਸੀ ਘਟੀਆਂ ਤੇ ਗੰਦੀ ਸੋਚ ਦੇ……। ਮੈਂ ਸੋਚਦਾਂ ਕਿ ਉਸ ਦੇ ਇਹ ਗਾਣੇ (ਜਿਹਨਾਂ ਦੀ ਪੂਰੀ ਇੱਕ ਸਤਰ ਵੀ ਲਿਖੀ ਨਹੀਂ ਜਾ ਸਕਦੀ) ਉਸ ਦੀ ਧੀ ਕਿਵੇਂ ਗਾਏਗੀ,
‘ਕੁੱਦ ਕੁੱਦ ਮਾਰੇ ਚੁੱਭੀਆਂ……
‘ਸਾਢੂ ਤੋਂ ਅੱਖ ਬਚਾਕੇ……
‘ਉਹ ਤੱਕਦਾ ਰਿਹਾ ਵੇ ਮੈਂ ਸਿਖ਼ਰ ਦੁਪਿਹਰੇ……
‘ਨਿੱਤ ਨਵਾਂ ਕੋਈ ਜੇਠ ਵੇ……
‘ਕੱਢਿਆ ਨਾ ਕੰਡਾ ਜੀਹਣੇ ਭੈਣ ਦੀ ……
ਕੀ ਏਸ ਕੁੜੀ ਨੂੰ ਭੋਰਾ ਸ਼ਰਮ ਨਾ ਆਊ ਐਸੇ ਗੀਤ ਗਾਉਂਦਿਆਂ। ਠੀਕ ਈ ਆਂਹਦੇ ਨੇ ‘ਜੈਸੀ ਕੋਕੋ ਤੈਸੇ ਬੱਚੇ’। ਭਾਵੇਂ ਚਮਕੀਲੇ ਦੀ ਇਸ ਹੋਣਹਾਰ? ਧੀ ਨੇ ਸੋਚ ਹੀ ਲਿਆ ਹੈ ਕਿ ਉਹ ਇਹ ਗੰਦ (ਭਾਵੇਂ ਪਹਿਲਾਂ ਵੀ ਬਥੇਰਾ ਪੈ ਚੁੱਕਿਆ ਹੈ) ਦੁਬਾਰਾ ਪਾਵੇਗੀ ਤਾਂ ਵੀ ਅਸੀ ਉਸਨੂੰ ਕਹਾਂਗੇ ਕਿ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਵਾਸਤਾ ਇੱਕ ਵਾਰ ਫਿਰ ਤੋਂ ਸੋਚੇ ਜ਼ਰੂਰ……
ਕਈ ਗੀਤ ਤਾਂ ਅੱਜ ਕੱਲ ਅਜਿਹੇ ਆ ਰਹੇ ਨੇ ਕਿ ਜੇ ਗਾਇਕ ਨੂੰ ਕਹੀਏ ਕਿ ਕੀ ਉਸ ਦਾ ਗਾਇਆ ਇਹੀ ਗਾਣਾ ਜੇ ਉਸ ਦੀ ਭੈਣ ’ਤੇ ਲਾ ਕੇ ਗਾ ਲਿਆ ਜਾਵੇ ਤਾਂ ਉਹ ਬਰਦਾਸ਼ਤ ਕਰ ਲਵੇਗਾ। ਤੇ ਜੇ ਇਹ ਗਾਣੇ ਉਹਨਾਂ ਦੇ ਪਰਿਵਾਰਾਂ ’ਤੇ ਲਾ ਕੇ ਨਹੀਂ ਗਾਏ ਜਾ ਸਕਦੇ ਤਾਂ ਕੀ ਉਹ ਲੋਕਾਂ ਦੇ ਧੀਆਂ ਪੁੱਤ ਵਿਗਾੜਣ ਨੂੰ ਹੀ ਲੱਗੇ ਹਨ?
ਮਿਸਾਲ ਦੇ ਤੌਰ ’ਤੇ
‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ੍ਹ ਲਈ……’
ਗੀਤ ਹੀ ਲੈ ਲਓ। ਕੀ ਗਾਉਣ ਵਾਲਾ ਆਪਣੀ ਧੀ ਭੈਣ ਨਾਲ ਐਸੀ ਕਰਤੂਤ ਬਰਦਾਸ਼ਤ ਕਰ ਸਕਦਾ ਹੈ? ਜੇ ਨਹੀਂ ਤਾਂ ਫਿਰ ਐਸੇ ਗੀਤ ਗਾਏ ਹੀ ਕਿਉਂ ਜਾਂਦੇ ਹਨ।
ਖ਼ੈਰ…… ਅਸੀਂ ਇਹ ਨਹੀਂ ਕਹਿੰਦੇ ਵੀਰੋ ਕਿ ਗਾਉਣਾ ਹੀ ਬੰਦ ਕਰ ਦਿਓ। ਬਸ ਥੋੜੀ ਜਹੀ ਚੰਗੀ ਸ਼ਬਦਾਵਲੀ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਵੀ ਗਾਓ। ਤੁਹਾਨੂੰ ਪਤਾ ਹੈ ਕਿ ਨੌਜੁਆਨ ਪੀੜੀ ਤੁਹਾਡੀ ਗੱਲ ਸੁਣਦੀ ਹੈ। ਤੁਸੀਂ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ ਨਸ਼ਿਆਂ ਤੋਂ ਤੇ ਹੋਰ ਮਾੜੇ ਕੰਮਾਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰੋ। ਸਾਰੇ ਐਸੇ ਗੀਤ ਗਾਓ,
‘ਗਿਣੇ ਬਿਨਾ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ,
ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ,
ਟੀਕਿਆਂ ਤੇ ਸੂਟਿਆਂ ਨੇ ਚੂਸ ਲਏ,
ਲਾਲੀਆਂ ਚਿਹਰੇ ’ਤੇ ਕਿੱਥੋਂ ਆਉਣੀਆਂ,
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ……’
ਤੇ ਜਾਂ ਪੰਜਾਬ ਦੀ ਕਿਸਾਨੀ ਦਾ ਦੁੱਖ ਬਿਆਨਦੇ ਕੁਝ ਗੀਤ ਵੀ ਅੱਜ ਕੱਲ ਆਏ ਹਨ ਜੋ ਸਲਾਹੁਣਯੋਗ ਹਨ। ਕੋਸ਼ਿਸ਼ ਕਰੋ ਐਸੇ ਗੀਤ ਗਾਉਣ ਦੀ,
‘ਜਿਸ ਦੇ ਸਿਰ ’ਤੇ ਰੋਟੀ ਖਾਵੇ ਇਹ ਜੱਗ ਸਾਰਾ ਨੀ, ਦੋ ਦੋ ਮਹੀਨੇ ਮੰਡੀਆਂ ਦੇ ਵਿਚ ਰੁਲੇ ਵਿਚਾਰਾ ਨੀ,
ਵੋਟਾਂ ਵੇਲੇ ਜੱਟ ਯਾਦ ਆਉਂਦਾ ਸਰਕਾਰਾਂ ਨੂੰ, ਅਜੇ ਸਫਾਰੀ ਸਮਝ ਨੀ ਕੁੜੀਏ 5911 ਨੂੰ……’
ਉਪਰਾਲਾ ਕਰੋ ਵੀਰੋ ਆਪਣੇ ਲੋਕਾਂ ਨਾਲ ਖੜਣ ਦਾ। ਹਿੰਮਤ ਕਰੋ ਪੰਜਾਬ ਦੇ ਦੁੱਖ ਲੋਕਾਂ ਦੀ ਕਚਿਹਰੀ ਵਿਚ ਰੱਖਣ ਦੀ, ਸਰਕਾਰਾਂ ਦਾ ਭੈਅ ਨਾ ਖਾਓ। ਤੁਸੀਂ ਸੂਰਮਿਆਂ ਦੀ ਧਰਤੀ ’ਤੇ ਜੰਮੇ ਹੋ, ਸੂਰਮਿਆਂ ਵਾਲੇ ਕੰਮ ਕਰੋ। ਇਕੱਲੀਆਂ ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹਣ ਨਾਲ ਤੁਸੀਂ ਭਗਤ ਸਿੰਘ ਨਹੀਂ ਬਣ ਜਾਣਾ। ਉਸ ਦੀ ਜ਼ਾਲਮ ਹਾਕਮਾਂ ਅੱਗੇ ਹਿੱਕ ਡਾਹ ਕੇ ਖੜ੍ਹਣ ਵਾਲੀ ਦਲੇਰੀ ਲੈ ਕੇ ਆਵੋ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕਰੋ ਕਿ ਉਹ ਤੁਹਾਨੂੰ ਤਾਕਤ ਬਖ਼ਸ਼ਨ ਤਾਂ ਕਿ ਤੁਸੀਂ ਸਹੀ ਰਾਹ ’ਤੇ ਪੈ ਕੇ ਆਪਣੇ ਲੋਕਾਂ ਨੂੰ ਕੁਝ ਸੇਧ ਦੇ ਸਕੋ…… ਛੱਡ ਦਿਓ ਵੀਰੋ ਆਹ ਕੰਜਰ ਕਿੱਤੇ ਨੂੰ …… ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ…… ਵਾਸਤਾ ਏ ਥੋਨੂੰ ਅਣਖੀ ਪੰਜਾਬ ਦਾ……
ਬਾਈ ਗੱਲਾਂ ਤਾਂ ਸੋਲਾਂ ਆਨੇ ਸੱਚੀਆਂ ਨੇ ਅਤੇ ਮੈਂ ਕਈ ਵਾਰ ਗਾਣੇ ਸੁਣ ਕੇ ਇਹੀ ਸੋਚਦਾ ਹਾਂ ਕਿ ਗਾਉਣ/ਲਿਖਣ ਵਾਲੇ ਜਦੋਂ ਆਪਣੇ
ਘਰੀਂ ਜਾਂਦੇ ਹੋਣਗੇ ਤਾਂ ਆਪਣੀ ਭੈਣ ਬਾਰੇ ਵੀ ਇਹੀ ਵਿਚਾਰ ਰੱਖਦੇ ਹੋਣਗੇ ਅਤੇ ਉਮੀਦ ਕਰਦੇ ਹੋਣਗੇ ਕਿ ਉਸਦੀ ਭੈਣ ਨਾਲ ਵੀ
ਕੋਈ ਇੰਝ ਹੀ ਕਰੂਗਾ, ਆਪਣੀ ਧੀਆਂ ਨੂੰ ਉਧਾਲਣ ਵਾਲਿਆਂ ਦੀ ਉਡੀਕ ਕਰਦੇ ਹੋਣਗੇ…