ਨਵੀਂ ਦਿੱਲੀ- ਆਖਿਰ ਕਸਾਬ ਨੂੰ ਫਾਂਸੀ ਦੇ ਹੀ ਦਿੱਤੀ ਗਈ। ਕਸਾਬ ਦੀ ਰਾਸ਼ਟਰਪਤੀ ਨੂੰ ਕੀਤੀ ਗਈ ਰਹਿਮ ਦੀ ਅਪੀਲ ਖਾਰਿਜ ਹੋਣ ਤੋਂ ਬਾਅਦ ਉਸ ਨੂੰ ਫਾਂਸੀ ਤੇ ਤਖਤੇ ਤੇ ਲਟਕਾਉਣਾ ਤੈਅ ਸੀ। ਉਸ ਦੇ ਜੀਊਂਦਾ ਰਹਿਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਸਨ ਕਿਉਂਕਿ ਮੁੰਬਈ ਹਮਲਿਆਂ ਸਬੰਧੀ ਭਾਰਤ ਵੱਲੋਂ ਕੀਤੀ ਗਈ ਜਾਂਚ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਸੀ। ਉਸ ਉਪਰ ਸੰਗੀਨ ਜੁਰਮ ਸਾਬਿਤ ਕਰ ਦਿੱਤੇ ਗਏ ਸਨ।
ਭਾਰਤ ਸਰਕਾਰ ਚਾਹੁੰਦੀ ਸੀ ਕਿ ਕਸਾਬ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੀਡੀਆ ਵਿੱਚ ਜਿਆਦਾ ਤਵਜੋਂ ਨਾਂ ਮਿਲੇ, ਇਸੇ ਕਰਕੇ ਹੀ ਉਸ ਨੂੰ ਚੁੱਪਚਾਪ ਫਾਂਸੀ ਤੇ ਲਟਕਾਉਣ ਦਾ ਫੈਸਲਾ ਕੀਤਾ। ਕਸਾਬ ਇੱਕ ਹਾਈਪ੍ਰੋਫਾਈਲ ਅੱਤਵਾਦੀ ਸੀ ਜਿਸ ਤੇ ਪਾਕਿਸਤਾਨ ਸਮੇਤ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਨ। ਇਸ ਲਈ ਉਸ ਨੂੰ ਫਾਂਸੀ ਦੇਣ ਲਈ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਨੇ ਤਹਿਸ਼ੁਦਾ ਪ੍ਰੋਗਰਾਮ ਦੇ ਤਹਿਤ ਇਹ ਸਾਰੀ ਕਾਰਵਾਈ ਪੂਰੀ ਕੀਤੀ।ਇਸ ਪਲਾਨ ਨੂੰ ‘ਅਪਰੇਸ਼ਨ ਐਕਸ’ ਦਾ ਨਾਂ ਦਿੱਤਾ ਗਿਆ।
ਕਸਾਬ ਨੂੰ ਫਾਂਸੀ ਦਿੱਤੇ ਜਾਣ ਦੇ ਇਸ ਪੂਰੇ ਅਪਰੇਸ਼ਨ ਨੂੰ ਗੁਪਤ ਰੱਖਿਆ ਗਿਆ। ਇਸ ਨੂੰ ਅੰਜਾਮ ਦੇਣ ਲਈ 17 ਅਫਸਰਾਂ ਦੀ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ, ਜਿਸ ਵਿੱਚ 15 ਅਫਸਰ ਮੁੰਬਈ ਪੁਲਿਸ ਦੇ ਹੀ ਸਨ। ਅਪਰੇਸ਼ਨ-ਐਕਸ ਨੂੰ ਅੰਜਾਮ ਦਿੰਦੇ ਸਮੇਂ 17 ਵਿੱਚੋਂ 15 ਅਫਸਰਾਂ ਦੇ ਫੋਨ ਬੰਦ ਸਨ।ਸਿਰਫ਼ ਐਂਟੀ-ਟੈਰਰ ਸੈਲ ਦੇ ਮੁੱਖੀ ਰਾਕੇਸ਼ ਮਾਰਿਆ ਅਤੇ ਜੁਆਂਇੰਟ ਕਮਿਸ਼ਨਰ ਆਫ਼ ਪੁਲਿਸ ਦੇਵੇਨ ਭਾਰਤੀ ਦੇ ਹੀ ਸੈਲਫੋਨ ਆਨ ਸਨ।
ਕੇਂਦਰੀ ਗ੍ਰਹਿ ਵਿਭਾਗ ਦੀ ਨਿਗਰਾਨੀ ਹੇਠ ਕਸਾਬ ਨੂੰ 19 ਨਵੰਬਰ ਨੂੰ ਹੀ ਆਰਥਰ ਰੋਡ ਜੇਲ੍ਹ ਤੋਂ ਪੂਣੇ ਦੀ ਯਰਵਡਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਕਸਾਬ ਨੂੰ ਫਾਸੀ ਚੜਾਏ ਜਾਣ ਸਮੇਂ ਉਨ੍ਹਾਂ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਜੋ ਇੱਕ ਆਮ ਆਦਮੀ ਨੂੰ ਫਾਂਸੀ ਦਿੱਤੇ ਜਾਣ ਸਮੇਂ ਲਾਗੂ ਕੀਤੇ ਜਾਂਦੇ ਹਨ। ਫਾਂਸੀ ਤੇ ਚੜਾਉਣ ਤੋਂ ਪਹਿਲਾਂ ਉਸ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਫਿਰ ਉਸ ਦੀ ਆਖਰੀ ਇੱਛਾ ਬਾਰੇ ਪੁੱਛਿਆ ਗਿਆ। ਜਿਸ ਦੇ ਜਵਾਬ ਵਿੱਚ ਕਸਾਬ ਨੇ ਕਿਹਾ ਕਿ ਮੇਰੀ ਕੋਈ ਆਖਰੀ ਇੱਛਾ ਨਹੀਂ ਹੈ ਅਤੇ ਨਾਂ ਹੀ ਮੇਰੀ ਕੋਈ ਵਸੀਅਤ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਰੀ ਸਮੇਂ ਉਸ ਨੇ ਜੇਲਰ ਨਾਲ ਗੱਲਬਾਤ ਕਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਕਿਹਾ ਸੀ, ‘ਅਲ੍ਹਾ ਮੈਨੂੰ ਮਾਫ਼ ਕਰੇ, ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ।’
ਕਸਾਬ ਨੂੰ ਫਾਂਸੀ ਤੇ ਚੜ੍ਹਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਮਰ ਜਾਣ ਦੀ ਪੁਸ਼ਟੀ ਕੀਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਯਰਵਡਾ ਜੇਲ੍ਹ ਵਿੱਚ ਉਸ ਦੀ ਕਬਰ ਵੀ ਪਹਿਲਾਂ ਹੀ ਖੋਦ ਲਈ ਗਈ ਸੀ। ਫਾਂਸੀ ਤੋਂ ਤੁਰੰਤ ਬਾਅਦ ਇਸ ਸਾਰੀ ਕਾਰਵਾਈ ਨੂੰ ਗੁਪਤ ਰੱਖਦੇ ਹੋਏ ਕਸਾਬ ਦੀ ਲਾਸ਼ ਨੂੰ ਇਸ ਕਬਰ ਵਿੱਚ ਦਫਨਾ ਦਿੱਤਾ ਗਿਆ।