ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪੰਜਾਬ ਰਾਜ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਅਤੇ ਮੈਂਬਰ ਸੈਕਟਰੀ ਡਾ: ਬਾਬੂ ਰਾਮ ਨੇ ਬਾਕੀ ਬੋਰਡ ਮੈਂਬਰਾਂ ਨਾਲ ਸਾਂਝੇ ਤੌਰ ਤੇ ਯੂਨੀਵਰਸਿਟੀ ਵਿਗਿਆਨੀਆਂ ਨਾਲ ਪਰਾਲੀ ਸਾੜਨ ਉਪਰੰਤ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਚਾਰ ਵਟਾਂਦਰਾ ਕੀਤਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਕਿਸਾਨ ਭਰਾਵਾਂ ਨੂੰ ਝੋਨੇ ਦੇ ਵੱਢ ਵਿੱਚ ਪਰਾਲੀ ਸਾੜਨ ਤੋਂ ਵਰਜਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਪਰਾਲੀ ਤੋਂ ਬਾਇਓ ਗੈਸ ਤਿਆਰ ਕਰਨ ਦੀ ਤਕਨੀਕ ਵੀ ਵਿਕਸਤ ਕੀਤੀ ਹੈ। ਉਨ੍ਹਾਂ ਆਖਿਆ ਕਿ ਮਧਰੀਆਂ ਅਤੇ ਛੋਟੀ ਮਿਆਦ ਵਾਲੀਆਂ ਕਿਸਮਾਂ ਦੇ ਵਿਕਾਸ ਵੱਲ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪਰਾਲੀ ਦੀ ਮਾਤਰਾ ਘਟੇ ਅਤੇ ਖੇਤ ਵੀ ਜਲਦੀ ਵਿਹਲੇ ਹੋ ਜਾਣ। ਉਨ੍ਹਾਂ ਆਖਿਆ ਕਿ ਵਰਮੀ ਕੰਪੋਸਟ ਰਾਹੀਂ ਵੀ ਪਰਾਲੀ ਅਤੇ ਝੋਨੇ ਦੇ ਵੱਢ ਸਾਫ ਰੱਖੇ ਜਾ ਸਕਦੇ ਹਨ। ਮਸ਼ੀਨਰੀ ਨਾਲ ਖੇਤਾਂ ਵਿੱਚ ਪਈ ਪਰਾਲੀ ਨੂੰ ਗੰਢਾਂ ਬੰਨ੍ਹ ਕੇ ਵੀ ਢੋਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਪਰਾਲੀ ਦੀ ਸਿਆਲ ਵਿੱਚ ਕੁਤਰੀ ਹੋਈ ਸੁੱਕ ਵੀ ਪਸ਼ੂਆਂ ਥੱਲੇ ਪਾਈ ਜਾ ਸਕਦੀ ਹੈ ਅਤੇ ਮਲ ਮੂਤਰ ਨਾਲ ਗੜੁੱਚ ਹੋਈ ਇਹ ਪਰਾਲੀ ਵਧੀਆ ਖਾਦ ਬਣਨ ਦੇ ਸਮਰੱਥ ਹੋ ਜਾਂਦੀ ਹੈ।
ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ: ਰਵਿੰਦਰ ਸਿੰਘ ਨੇ ਆਖਿਆ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਪੈਦਾ ਹੁੰਦਾ ਧੂੰਆਂ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਜਿਸ ਨਾਲ ਮਨੁੱਖੀ ਸਿਹਤ, ਵਾਤਾਵਰਨ ਅਤੇ ਧਰਤੀ ਦੀ ਸਿਹਤ ਵਿੱਚ ਵੀ ਵਿਗਾੜ ਪੈਂਦਾ ਹੈ। ਉਨ੍ਹਾਂ ਆਖਿਆ ਕਿ ਕਣਕ ਦਾ ਨਾੜ ਲਗਪਗ 21 ਮਿਲੀਅਨ ਅਤੇ ਝੋਨੇ ਦੀ ਪਰਾਲੀ ਲਗਪਗ 17 ਮਿਲੀਅਨ ਟਨ ਪੈਦਾ ਹੁੰਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਨੂੰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮਿਆਂ ਵਿੱਚ ਏਨੀ ਰਹਿੰਦ ਖੂਹੰਦ ਸੰਭਾਲਣੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਸਟਰਾਅ ਰੀਪਰ ਅਤੇ ਹੈਪੀ ਸੀਡਰ ਵਰਗੀਆਂ ਮਸ਼ੀਨਾਂ ਨੂੰ ਵਧੇਰੇ ਹਰਮਨ ਪਿਆਰਾ ਬਣਾਉਣ ਦੀ ਲੋੜ ਹੈ। ਬੋਰਡ ਦੇ ਮੈਂਬਰ ਸਕੱਤਰ ਡਾ: ਬਾਬੂ ਰਾਮ ਨੇ ਆਖਿਆ ਕਿ ਰਾਜ ਸਰਕਾਰ ਵੱਲੋਂ ਇਸ ਕੁਰੀਤੀ ਨੂੰ ਰੋਕਣ ਲਈ ਅਸਰਦਾਰ ਕਦਮ ਪੁੱਟੇ ਜਾ ਰਹੇ ਹਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇਸ ਮਾਮਲੇ ਵਿੱਚ ਤਕਨੀਕੀ ਗਿਆਨ ਹਾਸਿਲ ਕਰਨ ਲਈ ਵੀ ਉਹ ਆਸਵੰਦ ਹਨ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਯੂਨੀਵਰਸਿਟੀ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪਰਾਲੀ ਦੇ ਸਹੀ ਪ੍ਰਬੰਧ ਲਈ ਤਕਨੀਕਾਂ ਵਿਕਸਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਇਸ ਦੀ ਸੰਭਾਲ ਵੱਲ ਵੀ ਧਿਆਨ ਦੇਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ। ਅਪਰ ਨਿਰਦੇਸ਼ਕ ਖੋਜ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਰਾਜ ਸਰਕਾਰ ਦੀ ਮਦਦ ਨਾਲ ਪਰਾਲੀ ਦੀ ਸਹੀ ਵਰਤੋਂ ਸੰਬੰਧੀ ਖੋਜ ਅਤੇ ਵਿਕਾਸ ਤਕਨੀਕਾਂ ਅਸਰਦਾਰ ਢੰਗ ਨਾਲ ਕਿਸਾਨਾਂ ਤੀਕ ਪਹੁੰਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੁਵੱਲੇ ਸਹਿਯੋਗ ਹੀ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ (ਖੇਤੀ ਮਸ਼ੀਨਰੀ ਅਤੇ ਜੈਵਿਕ ਊਰਜਾ) ਡਾ: ਜਸਕਰਨ ਸਿੰਘ ਮਾਹਲ, ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ: ਗੁਰਮੀਤ ਸਿੰਘ ਬੁੱਟਰ, ਫਾਰਮ ਮਸ਼ੀਨਰੀ ਵਿਭਾਗ ਦੇ ਮੁਖੀ ਡਾ: ਗੁਰਸਾਹਿਬ ਸਿੰਘ, ਮਾਈਕਰੋਬਾਇਲੋਜੀ ਵਿਭਾਗ ਦੇ ਮੁਖੀ ਡਾ: ਮਨਿੰਦਰ ਅਰੋੜਾ, ਸਬਜ਼ੀਆਂ ਵਿਭਾਗ ਦੇ ਮੁਖੀ ਡਾ: ਮੇਜਰ ਸਿੰਘ ਧਾਲੀਵਾਲ ਨੇ ਵੀ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ।