ਲੁਧਿਆਣਾ :- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਸਮਾਪਤ ਹੋਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਕੌਮੀ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਕਿਹਾ ਹੈ ਕਿ ਵਧਦੀ ਆਬਾਦੀ ਦਾ ਢਿੱਡ ਭਰਨ ਲਈ ਸਾਨੂੰ ਹਰ ਵਰ੍ਹੇ 6 ਤੋਂ 8 ਮਿਲੀਅਨ ਟਨ ਵਧੇਰੇ ਅਨਾਜ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਘੱਟ ਰਹੀਆਂ ਖੇਤੀ ਜੋਤਾਂ ਅਤੇ ਜ਼ਮੀਨ ਦੀ ਵਿਗੜਦੀ ਦੀ ਸਿਹਤ ਕਾਰਨ ਸਾਨੂੰ ਅਜਿਹੀਆਂ ਤਕਨੀਕਾਂ ਵਿਕਸਤ ਕਰਨੀਆਂ ਪੈਣਗੀਆਂ ਜਿਹੜੀਆਂ ਘੱਟ ਸਾਧਨਾਂ ਨਾਲ ਵੱਧ ਅਨਾਜ ਪੈਦਾ ਕਰਨ। ਉਨ੍ਹਾਂ ਆਖਿਆ ਕਿ ਧਰਤੀ ਦੀ ਵਿਗੜਦੀ ਸਿਹਤ ਅਤੇ ਕਿਸਾਨ ਦੇ ਘੱਟਦੇ ਮੁਨਾਫ਼ੇ ਦੋਵੇਂ ਚਿੰਤਾ ਦਾ ਵੱਡਾ ਵਿਸ਼ਾ ਹਨ। ਲੋੜ ਇਸ ਗੱਲ ਦੀ ਹੈ ਕਿ ਉਤਪਾਦਨ ਵਧੇ ਜਿਸ ਨਾਲ ਕਿਸਾਨ ਦੀ ਆਮਦਨ ਵੀ ਵਧੇ। ਉਨ੍ਹਾਂ ਆਖਿਆ ਕਿ ਸਾਨੂੰ ਵਿਕਾਸ ਦਰ 4 ਫੀ ਸਦੀ ਤੇ ਲਿਜਾਣੀ ਪਵੇਗੀ।
ਡਾ:ਗੁਰਬਚਨ ਸਿੰਘ ਨੇ ਆਖਿਆ ਕਿ ਵਿਗਿਆਨ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਬਿਨਾਂ ਕੋਈ ਵੀ ਟੀਚਾ ਪੂਰਾ ਕਰਨਾ ਸੰਭਵ ਨਹੀਂ। ਉਨ੍ਹਾਂ ਸਰਕਾਰ ਅਤੇ ਨਿੱਜੀ ਅਦਾਰਿਆਂ ਨੂੰ ਵਿਗਿਆਨ ਵਿੱਚ ਵਧੇਰੇ ਪੂੰਜੀ ਨਿਵੇਸ਼ ਕਰਨ ਲਈ ਆਖਿਆ। ਉਨ੍ਹਾਂ ਆਖਿਆ ਕਿ ਭਾਰਤੀ ਵਿਗਿਆਨੀਆਂ ਨੂੰ ਵਿਸ਼ਵ ਪੱਧਰੀ ਖੋਜ ਅਦਾਰਿਆਂ ਵਿੱਚ ਲਗਾਤਾਰ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਉਥੋਂ ਦੇ ਕਾਮਯਾਬ ਵਿਕਾਸ ਮਾਡਲ ਨੂੰ ਵੇਖ ਕੇ ਉਸ ਨੂੰ ਸੋਧ ਉਪਰੰਤ ਭਾਰਤੀ ਹਾਲਾਤ ਵਿੱਚ ਲਾਗੂ ਕਰ ਸਕਣ।
ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ 7ਵੀਂ ਤਿੰਨ ਰੋਜ਼ਾ ਕੌਮੀ ਕਾਨਫਰੰਸ ਵਿੱਚ ਕੁੱਲ ਅੱਠ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਦੇਸ਼ ਭਰ ਤੋਂ ਆਏ ਲਗਪਗ 1200 ਵਿਗਿਆਨੀਆਂ ਨੇ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਭਾਰਤੀ ਖੇਤੀ ਪਸਾਰ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਬਣ ਚੁੱਕੇ ਹਨ। ਇਸ ਲਈ ਖੇਤੀਬਾੜੀ ਤਕਨਾਲੋਜੀ ਅਤੇ ਹੋਰ ਗਿਆਨ ਨੂੰ ਤੁਰੰਤ ਕਿਸਾਨਾਂ ਦੇ ਖੇਤਾਂ ਤੀਕ ਪਸਾਰਨਾ ਇਨ੍ਹਾਂ ਦੀ ਵੱਡੀ ਜਿੰਮੇਂਵਾਰੀ ਹੈ। ਉਨ੍ਹਾਂ ਆਖਿਆ ਕਿ ਖੇਤਰੀ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਖੇਤੀ ਖੋਜ ਅਦਾਰਿਆਂ ਤੀਕ ਵਾਪਸ ਲਿਆ ਕੇ ਉਸ ਦਾ ਹੱਲ ਮੁੜ ਕਿਸਾਨਾਂ ਨੂੰ ਦੇਣਾ ਵੀ ਲਾਜ਼ਮੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਵੱਲੋਂ ਕੀਤੀਆਂ ਲੱਭਤਾਂ ਅਤੇ ਖੋਜਾਂ ਨੂੰ ਵੀ ਨਿਰਖ਼ ਪਰਖ਼ ਅਧੀਨ ਲਿਆਉਣਾ ਜ਼ਰੂਰੀ ਹੈ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਕੇ ਡੀ ਕੋਕਾਟੇ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕਈ ਨਵੀਆਂ ਸਿਫਾਰਸ਼ਾਂ ਉੱਭਰੀਆਂ ਹਨ ਜਿਨ੍ਹਾਂ ਦੀ ਰੋਸ਼ਨੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਵਧੇਰੇ ਸਾਰਥਿਕ ਬਣਾਉਣ ਲਈ ਭਵਿੱਖ ਦੀ ਯੋਜਨਾਕਾਰੀ ਵਿੱਚ ਮਦਦ ਮਿਲੇਗੀ। ਉਨ੍ਹਾਂ ਆਖਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਤਕਨਾਲੋਜੀ ਅਤੇ ਗਿਆਨ ਪਸਾਰ ਸੇਵਾਵਾਂ ਨੂੰ ਮਜ਼ਬੂਤ ਆਧਾਰ ਮਿਲੇਗਾ ਜਿਸ ਨਾਲ ਅਨਾਜ ਉਤਪਾਦਨ ਵੀ ਵਧੇਗਾ ਅਤੇ ਖੇਤੀ ਖਰਚੇ ਵੀ ਘਟਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਆਖਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਮਿਸ਼ਨਰੀ ਵਾਲਾ ਵਿਵਹਾਰ ਅਪਨਾਉਣਾ ਚਾਹੀਦਾ ਹੈ ਤਾਂ ਜੋ ਹਰ ਯਤਨ ਸਾਰਥਿਕ ਨਤੀਜਾ ਦੇਵੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਇਸ ਕਾਨਫਰੰਸ ਤੋਂ ਸਿਰਫ ਹੋਰਨਾਂ ਸੂਬਿਆਂ ਦੇ ਵਿਗਿਆਨੀਆਂ ਨੂੰ ਹੀ ਲਾਭ ਨਹੀਂ ਹੋਵੇਗਾ ਸਗੋਂ ਪੰਜਾਬ ਦੇ ਖੇਤੀਬਾੜੀ ਪਸਾਰ ਮਾਹਿਰਾਂ ਨੂੰ ਵੀ ਕੌਮੀ ਝਾਤ ਹਾਸਿਲ ਹੋਈ ਹੈ। ਉਨ੍ਹਾਂ ਆਖਿਆ ਕਿ ਸਾਨੂੰ ਗਿਆਨ ਅਧਾਰਿਤ ਖੇਤੀ ਦਾ ਵਿਕਸਤ ਮਾਡਲ ਉਸਾਰਨ ਵਿੱਚ ਇਹ ਤਿੰਨ ਰੋਜ਼ਾ ਕਾਨਫਰੰਸ ਯਕੀਨਨ ਮਦਦ ਕਰੇਗੀ।
ਵਧਦੀ ਆਬਾਦੀ ਦਾ ਢਿੱਡ ਭਰਨ ਲਈ ਹਰ ਵਰ੍ਹੇ ਪਹਿਲਾਂ ਨਾਲੋਂ 6 ਤੋਂ 8 ਮਿਲੀਅਨ ਟਨ ਵੱਧ ਅਨਾਜ ਪੈਦਾ ਕਰਨਾ ਪਵੇਗਾ-ਡਾ: ਗੁਰਬਚਨ ਸਿੰਘ
This entry was posted in ਖੇਤੀਬਾੜੀ.