ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਸਮਾਜ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਲਈ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਆਯੋਜਿਤ ‘‘ਲੋਕਤੰਤਰ ਦੀਆਂ ਚੁਣੌਤੀਆਂ’’ ਵਿਸ਼ੇ ਨਾਲ ਸਬੰਧਿਤ ਹੋਈ ਕਾਨਫਰੰਸ ਵਿੱਚ ਦਿੱਤਾ ਗਿਆ। ਇਹ ਸਨਮਾਨ ਡਾ: ਢਿੱਲੋਂ ਨੂੰ ਭਾਰਤ ਦੇ ਇਲੈਕਸ਼ਨ ਕਮਿਸ਼ਨਰ ਸ਼੍ਰੀ ਐਚ ਐਸ ਬ੍ਰਹਮਾ ਵੱਲੋਂ ਪ੍ਰਦਾਨ ਕੀਤਾ ਗਿਆ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਡਾ: ਢਿੱਲੋਂ ਅੰਤਰਰਾਸ਼ਟਰੀ ਪੱਧਰ ਦੇ ਕਈ ਅਦਾਰਿਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਅਤੇ ਨਿਰਦੇਸ਼ਕ ਬੀਜ ਵੀ ਰਹਿ ਚੁੱਕੇ ਹਨ। ਡਾ: ਢਿੱਲੋਂ ਮੱਕੀ ਦੇ ਵਿਕਾਸ ਲਈ ਜਰਮਨੀ ਦੀ ਇਕ ਉੱਘੀ ਯੂਨੀਵਰਸਿਟੀ ਵਿੱਚ ਵੀ ਆਪਣੀ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਡਾ: ਢਿੱਲੋਂ ਨੂੰ ਕਈ ਨਾਮੀ ਪੁਰਸਕਾਰਾਂ ਜਿਵੇਂ ਕਿ ਰਫੀ ਅਹਿਮਦ ਕਿਦਵਈ ਯਾਦਗਾਰੀ ਪੁਰਸਕਾਰ, ਓਮ ਪ੍ਰਕਾਸ਼ ਭਸੀਨ ਸਾਇੰਸ ਐਂਡ ਟੈਕਨਾਲਜੀ ਪੁਰਸਕਾਰ, ਡਾ: ਹਰਭਜਨ ਸਿੰਘ ਯਾਦਗਾਰੀ ਪੁਰਸਕਾਰ, ਸ: ਜੋਗਿੰਦਰ ਸਿੰਘ ਯਾਦਗਾਰੀ ਪੁਰਸਕਾਰ ਤੋਂ ਇਲਾਵਾ ਅਨੇਕਾਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।