ਵੱਲੋਂ ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ।
ਵੱਲ ਸ੍ਰੀ ਸੁਖਬੀਰ ਸਿੰਘ ਬਾਦਲ,
ਡਿਪਟੀ ਮੁੱਖ ਮੰਤਰੀ,
ਪੰਜਾਬ, ਚੰਡੀਗੜ੍ਹ ।
ਵਿਸਾ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਧਨਾਢ ਵਪਾਰੀਆਂ ਆਦਿ ਨੂੰ ਦਿੱਤੇ ਗਏ ਸੁਰੱਖਿਆ ਗਾਰਡ ਵਾਪਿਸ ਲੈਣ ਦੇ ਪੰਜਾਬ ਸਰਕਾਰ ਦੇ ਹੋਏ ਹੁਕਮਾਂ ਸੰਬੰਧੀਂ ।
ਸ੍ਰੀ ਮਾਨ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਕੁਝ ਸਮਾਂ ਪਹਿਲੇ ਆਪ ਜੀ ਵੱਲੋਂ ਬਤੌਰ ਗ੍ਰਹਿ ਵਜ਼ੀਰ ਪੰਜਾਬ ਦੇ ਇਹ ਫੈਸਲਾ ਕੀਤਾ ਗਿਆ ਸੀ ਕਿ ਜਿੰਨੇ ਵੀ ਸਿਆਸਤਦਾਨਾਂ, ਅਫਸਰਾਂ ਅਤੇ ਧਨਾਢ ਵਪਾਰੀਆਂ ਅਤੇ ਕਾਰੋਬਾਰੀ ਲੋਕਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਗਾਰਡ ਦਿੱਤੇ ਗਏ ਹਨ ਅਤੇ ਜਿੰਨ੍ਹਾਂ ਨੂੰ ਸੁਰੱਖਿਆ ਗਾਰਡਾਂ ਦੀ ਕੋਈ ਲੋੜ ਨਹੀ, ਪੰਜਾਬ ਦੇ ਖਜ਼ਾਨੇ ਉਤੇ ਇਸ ਪਾਏ ਗਏ ਕਰੋੜਾਂ ਰੁਪਏ ਦੇ ਫਾਲਤੂ ਖ਼ਰਚ ਨੂੰ ਖ਼ਤਮ ਕਰਨ ਲਈ ਅਜਿਹੀਆਂ ਦਿੱਤੀਆਂ ਗਈਆਂ ਸੁਰੱਖਿਆ ਕਵਚ ਅਤੇ ਸੁਰੱਖਿਆਂ ਜਿਪਸੀਆਂ ਤੁਰੰਤ ਵਾਪਿਸ ਮੰਗਵਾਈਆਂ ਜਾਣ । ਉਸ ਸਮੇਂ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਅਸੀਂ ਆਪ ਜੀ ਦੇ ਸੁਚੱਜੇ ਫੈਸਲੇ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਪੱਤਰ ਵੀ ਲਿਖਿਆ ਸੀ ਅਤੇ ਸਾਡੇ ਨਾਲ ਜੋ ਤਿੰਨ ਸੁਰੱਖਿਆ ਗਾਰਡ ਲੱਗੇ ਹੋਏ ਸਨ । ਅਸੀਂ ਉਹਨਾਂ ਨੂੰ ਵਾਪਿਸ ਆਪਣੇ ਹੈੱਡਕੁਆਰਟਰਾਂ ਤੇ ਖੁਸ਼ੀ ਨਾਲ ਭੇਜਕੇ ਇਸ ਗੱਲ ਦੀ ਉਮੀਦ ਕੀਤੀ ਸੀ ਕਿ ਇਸ ਹੋਏ ਫੈਸਲੇ ਨੂੰ ਸਮੁੱਚੇ ਸਿਆਸਤਦਾਨਾਂ, ਅਫ਼ਸਰਾਂ ਅਤੇ ਕਾਰੋਬਾਰੀ ਲੋਕਾਂ ਤੇ ਇਮਾਨਦਾਰੀ ਨਾਲ ਲਾਗੂ ਕਰਦੇ ਹੋਏ ਇਨ੍ਹਾਂ ਫਾਲਤੂ ਸੁਰੱਖਿਆ ਗਾਰਡਾਂ ਨੂੰ ਸਭਨਾਂ ਕੋਲੋ ਵਾਪਿਸ ਬੁਲਾ ਲਿਆ ਜਾਵੇਗਾ । ਲੇਕਿਨ ਬਹੁਤ ਦੁੱਖ ਅਤੇ ਅਫਸ਼ੋਸ਼ ਨਾਲ ਆਪ ਜੀ ਨੂੰ ਇਸ ਪੱਤਰ ਰਾਹੀ ਯਾਦ ਦਿਵਾਉਣਾ ਆਪਣਾ ਫਰਜ਼ ਸਮਝਦੇ ਹਾਂ ਕਿ ਇਸ ਹੋਏ ਸੁਚੱਜੇ ਫੈਸਲੇ ਨੂੰ ਪੰਜਾਬ ਸਰਕਾਰ ਦੇ ਜਿੰਮੇਵਾਰ ਅਫ਼ਸਰਾਂ ਅਤੇ ਪੁਲਿਸ ਨੇ ਇਮਾਨਦਾਰੀ ਨਾਲ ਲਾਗੂ ਨਹੀ ਕੀਤਾ । ਵਿਰੋਧੀ ਪਾਰਟੀਆਂ ਨਾਲ ਸੰਬੰਧਤ ਸਿਆਸਤਦਾਨਾਂ ਤੋ ਤਾਂ ਤੁਰੰਤ ਅਜਿਹੀ ਸੁਰੱਖਿਆ ਵਾਪਿਸ ਬੁਲਾਕੇ ਇਹ ਸਹੂਲਤ ਖ਼ਤਮ ਕਰ ਦਿੱਤੀ ਗਈ ਸੀ । ਲੇਕਿਨ ਹੁਕਮਰਾਨ ਬਾਦਲ ਦਲ, ਬਾਦਲ ਦਲ ਨਾਲ ਅੱਛੇ ਸੰਬੰਧ ਰੱਖਣ ਵਾਲੀ ਅਫ਼ਸਰਸ਼ਾਹੀ ਅਤੇ ਕਾਰੋਬਾਰੀ ਧਨਾਢ ਲੋਕਾਂ ਤੋਂ ਇਹ ਗੈਰ ਕਾਨੂੰਨੀ ਤਰੀਕੇ ਦਿੱਤੀ ਗਈ ਸੁਰੱਖਿਆ ਨੂੰ ਵਾਪਿਸ ਨਹੀ ਬੁਲਾਇਆ ਗਿਆ । ਉਦਾਹਰਨ ਦੇ ਤੌਰ ਤੇ ਸਾਡੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਬਾਦਲ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪੰਜੋਲੀ, ਰਣਧੀਰ ਸਿੰਘ ਚੀਮਾਂ, ਜਗਦੀਪ ਸਿੰਘ ਚੀਮਾਂ ਅਤੇ ਹੋਰ ਪੰਜਾਬ ਵਿਚ ਵਿਚਰ ਰਹੇ ਬਹੁਤ ਸਿਆਸੀ ਆਗੂਆਂ ਤੋਂ ਇਹ ਸੁਰੱਖਿਆ ਵਾਪਿਸ ਨਾ ਲੈਕੇ ਪੰਜਾਬ ਸਰਕਾਰ ਤੇ ਹੋਮ ਵਿਭਾਗ ਪੰਜਾਬ ਵੱਲੋਂ ਵਿਰੋਧੀ ਪਾਰਟੀਆਂ ਨਾਲ ਬਹੁਤ ਵੱਡਾ ਵਿਤਕਰਾਂ ਅਤੇ ਬੇਇਨਸਾਫ਼ੀ ਕੀਤੀ ਗਈ ਹੈ । ਜੋ ਕਿ ਅਸਹਿ ਵੀ ਹੈ ਅਤੇ ਗੈਰ ਇਨਸਾਨੀ ਅਤੇ ਗੈਰ ਇਖ਼ਲਾਕੀ ਵੀ ਹੈ । ਆਪ ਜੀ ਪੰਜਾਬ ਦੇ ਗ੍ਰਹਿ ਵਜ਼ੀਰ ਹੋ । ਜੇਕਰ ਆਪ ਜੀ ਵੱਲੋਂ ਕੀਤੇ ਗਏ ਹੁਕਮਾਂ ਨੂੰ ਹੋਮ ਸਕੱਤਰ ਜਾਂ ਹੋਮ ਵਿਭਾਗ ਦੇ ਹੋਰ ਅਧਿਕਾਰੀ ਲਾਗੂ ਨਹੀ ਕਰਦੇ ਜਾਂ ਲਾਗੂ ਕਰਦੇ ਸਮੇਂ ਵਿਰੋਧੀਆਂ ਤੇ ਹੁਕਮਰਾਨਾਂ ਨੂੰ ਦੋ ਪਲੜਿਆਂ ਵਿਚ ਰੱਖਦੇ ਹਨ ਤਾਂ ਇਹ ਅਮਲ ਵੀ ਵੱਡੇ ਵਿਤਕਰੇ ਨੂੰ ਵੀ ਸਪੱਸਟ ਕਰਦੇ ਹਨ ।
ਦੂਸਰਾ ਬੀਤੇ ਕੁਝ ਦਿਨ ਪਹਿਲੇ ਪੌਟੀ ਚੱਢਾ ਨਾਮ ਦੇ ਸ਼ਰਾਬ ਦੇ ਠੇਕਿਆਂ ਦੇ ਮਾਲਿਕ ਅਤੇ ਧਨਾਢ ਉਦਯੋਗਪਤੀ ਅਤੇ ਉਸਦੇ ਭਰਾ ਨੂੰ ਦਿੱਲੀ ਦੇ ਨਜ਼ਦੀਕ ਛਤਰਪੁਰ ਦੇ ਫਾਰਮ ਵਿਚ ਆਪਸੀ ਗੋਲੀਆਂ ਰਾਹੀ ਸਰੀਰਕ ਤੌਰ ਤੇ ਖ਼ਤਮ ਹੋ ਜਾਣ ਦੇ ਵਰਤਾਰੇ ਨੇ ਅਖ਼ਬਾਰਾਂ ਵਿਚ ਅਤੇ ਮੀਡੀਏ ਵਿਚ ਇਹ ਗੱਲ ਸਪੱਸਟ ਰੂਪ ਵਿਚ ਸਾਹਮਣੇ ਲਿਆਦੀ ਹੈ ਕਿ ਇਨ੍ਹਾਂ ਚੱਢਾ ਭਰਾਵਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਸੀ । ਜੋ ਕਿ ਆਪ ਜੀ ਵੱਲੋਂ ਹੋਏ ਫੈਸਲੇ ਦੀ ਰੋਸਨੀ ਵਿਚ ਇਹ ਅਮਲ ਵੀ ਸਰਕਾਰੀ ਹੁਕਮਾਂ ਅਤੇ ਫੈਸਲਿਆਂ ਦੀ ਖਿੱਲੀ ਉਡਾਉਣ ਵਾਲੇ ਹਨ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਜੀ ਤੋਂ ਪੁੱਛਣਾ ਚਾਹੇਗਾ ਕਿ ਚੱਢਾ ਭਰਾਵਾਂ ਨੂੰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਸੁਰੱਖਿਆ ਗਾਰਡ ਕਿਸ ਕਾਨੂੰਨ ਅਧੀਨ ਦਿੱਤੇ ਗਏ ਸਨ ? ਇਸੇ ਤਰ੍ਹਾਂ ਹੋਰ ਵੀ ਕਾਰੋਬਾਰੀ ਲੋਕਾਂ ਨੂੰ ਅਤੇ ਪੰਜਾਬ ਸਰਕਾਰ ਜਾਂ ਬਾਦਲ ਪਰਿਵਾਰ ਦੇ ਚਹਿਤੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨਾਲ ਅੱਜ ਵੀ ਸੁਰੱਖਿਆ ਜਿਪਸੀਆਂ ਅਤੇ ਸੁਰੱਖਿਆ ਗਾਰਡ ਨਿਰੰਤਰ ਚੱਲਦੇ ਆ ਰਹੇ ਹਨ । ਜੇਕਰ ਆਪ ਜੀ ਨੇ ਆਪਣੇ ਵੱਲੋਂ ਕੀਤੇ ਗਏ ਸਮਾਜ ਪੱਖੀਂ ਫੈਸਲੇ ਨੂੰ ਇਮਾਨਦਾਰੀ ਨਾਲ ਲਾਗੂ ਹੀ ਨਹੀ ਕਰਨਾ ਸੀ ਤਾਂ ਮੇਰੇ ਵਰਗੇ ਹੋਰ ਵਿਰੋਧੀ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਸਿਆਸਤਦਾਨਾਂ ਤੋਂ ਸੁਰੱਖਿਆ ਗਾਰਡ ਵਾਪਿਸ ਲੈਣ ਦੀ ਕੀ ਤੁੱਕ-ਦਲੀਲ ਬਣਦੀ ਹੈ । ਇਹ ਤਾ ਸਰਾਸਰ ਤਾਨਾਸ਼ਾਹੀ ਵਾਲੀ ਪੱਖਪਾਤੀ ਸੋਚ ਨੂੰ ਮਜ਼ਬੂਤ ਕਰਨ, ਸਰਕਾਰੀ ਤੌਰ ਤੇ ਹੋਏ ਫੈਸਲਿਆਂ ਦਾ ਮਜ਼ਾਕ ਉਡਾਉਣ ਅਤੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰਨ ਅਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਅਮਲ ਹਨ । ਇਸ ਸੰਬੰਧੀ ਆਪ ਜੀ ਨੂੰ ਪੱਤਰ ਲਿਖਦੇ ਹੋਏ ਪਹਿਲੇ ਵੀ ਮੰਗ ਕਰ ਚੁੱਕੇ ਹਾਂ ਕਿ ਜਾ ਤਾ ਆਪਣੇ ਵੱਲੋਂ ਕੀਤੇ ਗਏ ਫੈਸਲੇ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਇਆ ਜਾਵੇ ਜਾਂ ਫਿਰ ਜਿਨ੍ਹਾਂ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਸਿਆਸਤਦਾਨਾਂ ਤੇ ਹੋਰਨਾਂ ਤੋ ਸੁਰੱਖਿਆ ਗਾਰਡ ਵਾਪਿਸ ਲੈ ਲਏ ਹਨ, ਉਹਨਾਂ ਨੂੰ ਵੀ ਇਹ ਸਹੂਲਤ ਫਿਰ ਤੋ ਪ੍ਰਦਾਨ ਕਰਦੇ ਹੋਏ ਬਰਾਬਰਤਾ ਵਾਲੀ ਸੋਚ ਉਤੇ ਪਹਿਰਾ ਦਿੱਤਾ ਜਾਵੇ, ਤਾ ਇਹ ਬਹਿਤਰ ਹੋਵੇਗਾ । ਵਰਨਾ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਹੋ ਰਹੀ ਬੇਇਨਸਾਫੀ ਅਤੇ ਪੰਜਾਬ ਦੇ ਖਜ਼ਾਨੇ ਅਤੇ ਸਿਆਸੀ ਤਾਕਤ ਦੀ ਦੁਰਵਰਤੋਂ ਕਰਨ ਸੰਬੰਧੀਂ ਅਦਾਲਤ ਵਿਚ ਆਵਾਜ਼ ਬੁਲੰਦ ਕਰਦੇ ਹੋਏ ਇਸ ਤਾਨਾਸ਼ਾਹੀ ਅਤੇ ਪੱਖਪਾਤੀ ਸੋਚ ਨੂੰ ਬੰਦ ਕਰਨ ਲਈ ਅਗਲੇਰੀ ਕਾਰਵਾਈ ਕਰਨ ਲਈ ਅਸੀਂ ਮਜ਼ਬੂਰ ਹੋਵਾਂਗੇ । ਇਸ ਲਈ ਪੂਰਨ ਉਮੀਂਦ ਕਰਦੇ ਹਾਂ ਕਿ ਆਪ ਜੀ ਸਾਡੇ ਇਸ ਹੱਥਲੇ ਪੱਤਰ ਦੀ ਸੰਜ਼ੀਦਗੀ ਭਰੀ ਭਾਵਨਾਂ ਨੂੰ ਸਮਝਦੇ ਹੋਏ, ਆਪਣੇ ਵੱਲੋਂ ਸੁਰੱਖਿਆ ਗਾਰਡ ਵਾਪਿਸ ਲੈਣ ਦੇ ਕੀਤੇ ਗਏ ਫੈਸਲੇ ਨੂੰ ਸਭਨਾਂ ਉਤੇ ਲਾਗੂ ਕਰਕੇ ਆਪਣੇ ਗ੍ਰਹਿ ਵਿਭਾਗ ਦੀਆਂ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਓਗੇ ਅਤੇ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਸਿਆਸਤਦਾਨਾਂ ਦੇ ਮਨ-ਆਤਮਾਂ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਵਿਰੁੱਧ ਦਿਨੋਂ-ਦਿਨ ਉੱਠਦੀ ਜਾ ਰਹੀ ਆਵਾਜ਼ ਨੂੰ ਦਬਾਉਣ ਤੋਂ ਕੋਈ ਨਹੀ ਰੋਕ ਸਕੇਗਾ ਅਤੇ ਇਸ ਦੇ ਨਿਕਲਣ ਵਾਲੇ ਮਾਰੂ ਨਤੀਜਿਆਂ ਲਈ ਪੰਜਾਬ ਸਰਕਾਰ ਤੇ ਆਪ ਜੀ ਸਿੱਧੇ ਤੌਰ ਤੇ ਜਿੰਮੇਵਾਰ ਹੋਵੋਗੇ । ਧੰਨਵਾਦੀ ਹੋਵਾਂਗੇ ।
ਪੂਰਨ ਸਤਿਕਾਰ ਤੇ ਉਮੀਦ ਸਾਹਿਤ,
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,