ਸੁਲਤਾਨਪੁਰ ਲੋਧੀ- ੴ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਸਿੱਖ ਸਕਾਲਰ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਵੱਲੋਂ ਰਚਿਤ ਦੁਨੀਆਂ ਦਾ ਪੰਜਵਾ ਮਲਟੀਮੀਡੀਆ ਸਿੱਖ ਮਿਊਜ਼ੀਅਮ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਦੇ ਕੰਢੇ ਕੌਮ ਨੂੰ ਸਮਰਪਿਤ ਕੀਤਾ ਗਿਆ। ਇਸ ਮਿਊਜ਼ੀਅਮ ਵਿਚ ਸਿੱਖ ਇਤਿਹਾਸ, ਧਰਮ, ਫਲਸਫਾ, ਸੱਭਿਆਚਾਰ ਅਤੇ ਸਿੱਖ ਅਨੁਆਈਆਂ ਦੇ ਵਿਰਸੇ ਨੂੰ ਸੰਸਾਰ ਵਿਚ ਮਲਟੀਮੀਡੀਆ ਤਕਨਾਲੋਜੀ ਰਹੀਂ ਤਿਆਰ ਕੀਤਾ ਗਿਆ ਹੈ ਜੋ ਕਿ ਆਡੀਓ, ਵੀਡੀਓ, ਐਨੀਮੇਸਨਜ਼ ਗ੍ਰਾਫਿਕਸ ਅਤੇ ਹਜ਼ਾਰਾਂ ਟੈਕਸਟ ਦੇ ਪੰਨਿਆਂ ’ਤੇ ਆਧਾਰਿਤ ਹੈ। ਇਸ ਮਿਊਜ਼ੀਅਮ ਵਿਚ ਬੱਚਿਆਂ, ਨੌਜਵਾਨਾਂ, ਟੀਚਰਾਂ, ਪ੍ਰਚਾਰਕਾਂ, ਲੀਡਰਾਂ, ਵਕੀਲਾਂ, ਸਮਾਜ ਸੇਵਕਾਂ ਗੱਲ ਕੀ ਸੰਸਾਰ ਦੇ ਹਰ ਵਰਗ ਦੇ ਲੋਕਾਂ ਲਈ ਇਕ ਬਹੁਤ ਵੱਡਾ ਖਜ਼ਾਨਾ ਹੈ, ਜਿਸ ਨੂੰ ਇਸਤੇਮਾਲ ਕਰਕੇ ਜੀਵਨ ਦੀ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ ਹੈ।
ਇਸ ਪੰਜਵੇਂ ਗੁਰੂ ਨਾਨਕ ਦੇਵ ਮਲਟੀਮੀਡੀਆ ਸਿੱਖ ਮਿਊਜ਼ੀਅਮ ਤੋਂ ਪਹਿਲਾਂ ਡਾ. ਰਘਬੀਰ ਸਿੰਘ ਬੈਂਸ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ 4 ਮਿਊਜ਼ੀਅਮ ਲਗਾ ਚੁੱਕੇ ਹਨ। ਡਾ. ਬੈਂਸ ਵੱਲੋਂ ਲਗਾਏ ਗਏ ਮਿਊਜ਼ੀਅਮਾਂ ਵਿਚੋਂ ਪਹਿਲਾ ਮਿਊਜ਼ੀਅਮ ਸੰਨ 2004 ਵਿਚ ਖਡੂਰ ਸਾਹਿਬ ਵਿਖੇ, ਦੂਸਰਾ ਮਿਊਜ਼ੀਅਮ ਸੰਨ 2008 ਵਿਚ ਜਲੰਧਰ ਵਿਖੇ, ਤੀਸਰਾ ਮਿਊਜ਼ੀਅਮ 2010 ਵਿਚ ਮਿਸੀਸਾਗਾ, ਕੈਨੇਡਾ ਅਤੇ ਚੌਥਾ ਮਿਊਜ਼ੀਅਮ ਵੀ ਸੰਨ 2010 ਦੌਰਾਨ ਹੀ ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਸਥਾਪਤ ਕੀਤਾ ਜਾ ਚੁੱਕਾ ਹੈ।
ਗੁਰੂ ਨਾਨਕ ਦੇਵ ਮਲਟੀਮੀਡੀਆ ਸਿੱਖ ਮਿਊਜ਼ੀਅਮ ਵਿਚ ਵੱਡੀਆਂ ਟੱਚ-ਸਕਰੀਨਾਂ, ਵੱਡੇ ਅਕਾਰ ਦੇ ਐਲ.ਸੀ.ਡੀ. ਟੀ.ਵੀ. ਇਸਤੇਮਾਲ ਕੀਤੇ ਗਏ ਹਨ। ਇਸ ਮਿਊਜ਼ੀਅਮ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਦਰਸਾਉਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦਾ ਵਰਨਣ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਚ ਲਗਾਈਆਂ ਗਈਆਂ ਪਲੇਟਾਂ ਤੋਂ ਪੜ੍ਹਿਆ ਜਾ ਸਕਦਾ ਹੈ ਅਤੇ ਆਧੁਨਿਕ ਆਡੀਓ ਸਿਸਟਮ ਰਾਹੀਂ ਬਟਨ ਦਬਾ ਕੇ ਸੁਣਿਆ ਵੀ ਜਾ ਸਕਦਾ ਹੈ। ਕੁੱਲ ਮਿਲਾ ਕੇ ਇਸ ਮਿਊਜ਼ੀਅਮ ਨੂੰ ਦੇਖਣ, ਸੁਣਨ ਅਤੇ ਪੜ੍ਹਨ ਵਾਸਤੇ ਕੋਈ 400 ਘੰਟੇ ਦਾ ਸਮਾਂ ਲੱਗਦਾ ਹੈ।
ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖੀ ਅਤੇ ਅੰਗ੍ਰੇਜ਼ੀ ਵਿਚ ਅਧਿਐਨ ਕੀਤਾ ਜਾ ਸਕਦਾ ਹੈ। 31 ਰਾਗਾਂ ਵਿਚ ਗੁਰਬਾਣੀ ਕੀਰਤਨ ਸੁਣਿਆ ਜਾ ਸਕਦਾ ਹੈ ਅਤੇ ਬੱਚਿਆਂ ਵਾਸਤੇ ਅੰਗ੍ਰੇਜ਼ੀ ਅਤੇ ਪੰਜਾਬੀ ਨੂੰ ਸਿੱਖਣ ਦਾ ਬਹੁਤ ਸਰਲ ਤਰੀਕਾ ਦਰਸਾਇਆ ਗਿਆ ਹੈ। ਵਿਸ਼ਵ ਦੇ ਗੁਰਦੁਆਰਾ ਸਾਹਿਬਾਨ ਬਾਰੇ ਬਹੁਤ ਸਾਰੀ ਜਾਣਕਾਰੀ ਮੌਜੂਦ ਹੈ। ਬੱਚਿਆਂ ਵਾਸਤੇ ਸਿੱਖ ਧਰਮ ਨਾਲ ਸੰਬੰਧਿਤ ਹਜ਼ਾਰਾਂ ਸਵਾਲ-ਜਵਾਬ, ਇੰਟ੍ਰੈਕਟਿਵ ਖੇਡਾਂ ਅਤੇ ਨਸ਼ਿਆਂ, ਸਮਾਜਕ ਬੁਰਾਈਆਂ, ਏਡਜ਼ ਆਦਿ ਦੀ ਖੋਜ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ-ਨਾਲ ਸਿੱਖ ਧਰਮ ਦੀ ਅਰਦਾਸ, ਸਿੱਖ ਯੋਧਿਆਂ ਦਾ ਜੀਵਨ ਅਤੇ ਸ਼ਹੀਦੀ ਨੂੰ ਐਨੀਮੇਸ਼ਨ ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ।
ਮਿਊਜ਼ੀਅਮ ਨੂੰ ਕੌਮ ਨੂੰ ਸਮਰਪਿਤ ਕਰਨ ਮੌਕੇ ਦੇਸ਼-ਵਿਦੇਸ਼ ਤੋਂ ਪਹੁੰਚੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਸ ਮਿਊਜ਼ੀਅਮ ਨੂੰ ਦੇਖ ਕੇ ਹਰ ਬਸ਼ਰ ਨੂੰ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਕ ਬੁਰਾਈਆਂ ਤੋਂ ਦੂਰ ਰਹਿ ਕੇ ਕੌਮ ਦੀ ਸਿਰਜਣਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਚਾਹੀਦੀ ਹੈ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਹਵਾ, ਪਾਣੀ ਅਤੇ ਧਰਤੀ ਨੂੰ ਅਸੀਂ ਸਾਫ-ਸੁਥਰਾ ਰੱਖਣਾ ਚਾਹੀਦਾ ਹੈ, ਉੱਥੇ ਆਪਣੀ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਸਮਾਜ ਦੀ ਉੱਚ ਵਿੱਦਿਆ ਦੇ ਕੇ ਵੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਡਾ. ਰਘਬੀਰ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਾਮਨਾ ਕੀਤੀ ਕਿ ਉਹ ਜੀਵਨ ਭਰ ਸਮਾਜ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ।
ਡਾ. ਰਘਬੀਰ ਸਿੰਘ ਬੈਂਸ ਨੇ ਇਸ ਮੌਕੇ ਕਿਹਾ ਕਿ ਸਿੱਖ ਇਨਸਾਈਕਲੋਪੀਡੀਆ ਅਤੇ ਮਲਡੀਮੀਡੀਆ ਸਿੱਖ ਮਿਊਜ਼ੀਅਮ ਦੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਉਨ੍ਹਾਂ ਨੂੰ 26 ਸਾਲ ਦਾ ਸਮਾਂ ਲੱਗਿਆ ਹੈ, ਜਿਸ ਦਾ ਨੌਜਵਾਨ ਪੀੜ੍ਹੀ ਨੂੰ ਲਾਹਾ ਲੈ ਕੇ ਆਪਣਾ ਜੀਵਨ ਸਵਾਰਨਾ ਚਾਹੀਦਾ ਹੈ ਅਤੇ ਆਪਣੇ ਧਰਮ, ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਤੋਂ ਸਿੱਖਿਆ ਲੈ ਕੇ ਚੰਗੀਆਂ ਕਦਰਾਂ-ਕੀਮਤਾਂ ਦੇ ਧਾਰਨੀ ਬਣ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਿਊਜ਼ੀਅਮ ਨੂੰ ਦੇਖਣ ਆਉਣ ਵਾਲੀਆਂ ਸੰਗਤਾਂ ਲਈ ਕਿਸੇ ਕਿਸਮ ਦੀ ਫੀਸ ਨਹੀਂ ਰੱਖੀ ਗਈ ਹੈ ਸਗੋਂ ਅਪਾਹਜ ਅਤੇ ਅੰਗਹੀਣਾਂ ਲਈ ਮਿਊਜ਼ੀਅਮ ਦੇਖਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਸ਼ਵ ਦੇ ਇਸ ਪੰਜਵੇਂ ਸਿੱਖ ਮਲਟੀਮੀਡੀਆ ਮਿਊਜ਼ੀਅਮ ਨੂੰ ਨੇਪਰੇ ਚਾੜ੍ਹਨ ਲਈ ਹਰ ਕਿਸਮ ਦਾ ਸਹਿਯੋਗ ਦਿੱਤਾ। ਉਨ੍ਹਾਂ ਆਪਣੀ ਸਹਿਯੋਗੀ ਟੀਮ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਅਤੇ ਸੰਗਤਾਂ ਦੇ ਅਸ਼ੀਰਵਾਦ ਨਾਲ ਉਹ ਇਸ ਸੰਸਾਰ ਪੱਧਰ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹ ਸਕੇ ਹਨ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਡਾ. ਰਘਬੀਰ ਸਿੰਘ ਬੈਂਸ ਨੂੰ ਸਿੱਖ ਕੌਮ ਦੇ ਪੰਜ ਮਲਟੀ ਮੀਡੀਆ ਮਿਊਜ਼ੀਅਮ ਲਗਾਉਣ ਅਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਦੇ ਸਦਕੇ ‘ਮਿਊਜ਼ੀਆਲੋਜਿਸਟ ਆਫ ਦੀ ਸੈਂਚਰੀ’ ਦਾ ਐਵਾਰਡ ਦਿੱਤਾ।
ਇਸ ਸਮਾਗਮ ਵਿਚ ਬਾਬਾ ਸੇਵਾ ਸਿੰਘ, ਕਾਰ-ਸੇਵਾ ਖਡੂਰ ਸਾਹਿਬ, ਸੰਤ ਦਇਆ ਸਿੰਘ ਗੁਰਦੁਆਰਾ ਟਾਹਲੀ ਸਾਹਿਬ, ਸੰਤ ਗੁਰਚਰਨ ਸਿੰਘ ਠੱਠਾ ਸਾਹਿਬ, ਸੰਤ ਲੀਡਰ ਸਿੰਘ, ਸੰਤ ਪਾਲ ਸਿੰਘ ਲੋਹੀਆਂ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਬਲਦੇਵ ਕਿਸ਼ਨ ਸਿੰਘ ਬਾਬੇ ਦੀ ਮੇਹਰ ਕੁਟੀਆ, ਬਾਬਾ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਮੋਤਾ ਸਿੰਘ ਝੀਤਾ (ਕੈਨੇਡਾ), ਜਗਤਾਰ ਸਿੰਘ, ਸਤਨਾਮ ਸਿੰਘ ਖਹਿਰਾ, ਰਣਜੀਤ ਸਿੰਘ ਖਹਿਰਾ, ਜਸਵਿੰਦਰ ਸਿੰਘ, ਅੰਗਰੇਜ਼ ਸਿੰਘ, ਰਮਨਗੀਤ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ ਜਸਵਾਲ, ਆਰਟਿਸਟ ਹਰਪਾਲ ਸਿੰਘ, ਆਰਟਿਸਟ ਗੁਰਵਿੰਦਰ ਸੋਹਲ ਤੋਂ ਇਲਾਵਾ ਬਹੁਤ ਸਾਰੇ ਬੁੱਧੀਜੀਵੀ, ਸਮਾਜਸੇਵੀ, ਟੀਚਰ, ਪ੍ਰੀਚਰ, ਪ੍ਰੋਫੈਸਰ, ਪੰਚ, ਸਰੰਪਚ, ਸਰਕਾਰੀ ਅਫਸਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਇਸ ਮੌਕੇ ਮੌਜੂਦ ਸਨ।