ਫਤਿਹਗੜ੍ਹ ਸਾਹਿਬ :- ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ ਪੰਜਾਬ ਦੀ ਬੀਤੇ ਦਿਨੀ ਇੱਕ ਹੋਈ ਘਟਨਾ ਵਿੱਚ ਮੌਤ ਦੀ ਛਾਣਬੀਣ ਕਰਨ ਲਈ ਜੋ ਪੰਜਾਬ ਸਰਕਾਰ ਨੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ: ਜਸਵੀਰ ਸਿੰਘ ਬੀਰ ਨੂੰ ਇਸ ਛਾਣਬੀਣ ਦੀ ਜਿ਼ਮੇਵਾਰੀ ਸੌਂਪੀ ਹੈ, ਉਹ ਪੰਜਾਬ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਵਜ਼ੀਰ ਜਿਸਦੇ ਸਿੱਧੇ ਤੌਰ ਤੇ ਉਹ ਅਧੀਨ ਹਨ, ਉਸ ਸੁਖਬੀਰ ਸਿੰਘ ਬਾਦਲ ਦੀ ਇੱਛਾ ਅਨੁਸਾਰ ਹੀ ਰਿਪੋਰਟ ਦੇਵੇਗੀ। ਜਿਸ ਨਾਲ ਇਸ ਹੋਏ “ਸ਼ੱਕੀ ਹਾਦਸੇ” ਦੀ ਸੱਚਾਈ ਕਦੀ ਵੀ ਪੰਜਾਬ ਨਿਵਾਸੀਆਂ ਦੇ ਸਾਹਮਣੇ ਨਹੀ ਆ ਸਕੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ: ਜਸਵੀਰ ਸਿੰਘ ਬੀਰ ਕਮਿਸ਼ਨਰ ਪਟਿਆਲਾ ਡਵੀਜ਼ਨ ਦੀ ਅਗਵਾਈ ਵਿੱਚ ਬਣਾਈ ਗਈ ਪੜਤਾਲ ਕਮੇਟੀ ਨੂੰ ਮੁੱਢੋ ਹੀ ਰੱਦ ਕਰਦਾ ਹੋਇਆ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਜੇਕਰ ਪੰਜਾਬ ਦੀ ਮੌਜੂਦਾ ਬਾਦਲ – ਭਾਜਪਾ ਸਰਕਾਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੱਚਾਈ ਤੋਂ ਜਾਣੂ ਕਰਾਉਣ ਲਈ ਸੁਹਿਰਦ ਹੈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਇਸ ਸੰਬੰਧੀ ਛਾਣਬੀਣ ਕਰਾਉਣ ਲਈ ਬੇਨਤੀ ਲਿਖੇ ਤਾਂ ਜੋ ਉਹ ਇਸ ਬੇਨਤੀ ਤੇ ਗੌਰ ਕਰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਿਰਪੱਖ ਜੱਜਾਂ ਤੇ ਅਧਾਰਿਤ ਕਮੇਟੀ ਬਣਾ ਕੇ ਇਸ ਹਾਦਸੇ ਦੀ ਛਾਣਬੀਣ ਸ਼ੁਰੂ ਕਰਵਾ ਸਕਣ ਅਤੇ ਸੱਚਾਈ ਨੂੰ ਸਾਹਮਣੇ ਲਿਆਉਣ ਵਿੱਚ ਮੁੱਖ ਭੂਮਿਕਾ ਵੀ ਨਿਭਾ ਸਕਣ।
ਇਹ ਮੰਗ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਪਾਰਟੀ ਦੇ ਲੈਟਰ ਹੈਡ ਤੇ ਜਾਰੀ ਕੀਤੇ ਗਏ ਇੱਕ ਅਤਿ ਸੰਜੀਦਾ ਬਿਆਨ ਵਿੱਚ ਕਰਦੇ ਹੋਏ ਕਿਹਾ ਕਿ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਪੰਜਾਬ ਵਿੱਚ ਅੱਛੀਆਂ ਕਦਰਾ ਕੀਮਤਾਂ ਨੂੰ ਕਾਇਮ ਰੱਖਣ ਅਤੇ ਪੰਜਾਬ ਦੀ ਮੌਜੂਦਾ ਬਾਦਲ-ਭਾਜਪਾ ਸਰਕਾਰ ਦੀ ਅਗਵਾਈ ਵਿੱਚ ਪੂਰੇ ਜੋਬਨ ‘ਤੇ ਪਣਪ ਰਹੀਆਂ ਸਮਾਜਿਕ ਬੁਰਾਈਆਂ ਜਿਵੇਂ ਵੱਡੇ ਆਰਥਿਕ ਵਿਤਕਰੇ, ਤਾਨਾਸ਼ਾਹੀ ਨੀਤੀਆਂ ਦਾ ਰੁਝਾਨ, ਰਿਸ਼ਵਤਖੋਰੀ, ਬੇਰੁਜ਼ਗਾਰੀ, ਭਰੂਣ ਹੱਤਿਆ, ਗੁਰੂ ਡੰਮ ਅਤੇ ਡੇਰਾਵਾਦ ਦੀ ਕੀਤੀ ਜਾ ਰਹੀ ਸਰਪ੍ਰਸਤੀ ਅਤੇ ਉੱਚ ਸਿੱਖ ਮਰਿਯਾਦਾਵਾਂ ਨੂੰ ਭਾਜਪਾ ਦੇ ਥੱਲੇ ਲੱਗ ਕੇ ਲਾਇਆ ਜਾ ਰਿਹਾ ਡੂੰਘਾ ਖੋਰਾ ਆਦਿ ਨੂੰ ਖਤਮ ਕਰਨ ਲਈ ਆਪੋ ਆਪਣੀ ਨਿੱਜੀ ਜਿ਼ੰਮੇਵਾਰੀ ਸਮਝਦੇ ਹੋਏ ਸਰਗਰਮ ਵੀ ਹੋਣ ਅਤੇ ਆਉਣ ਵਾਲੀਆਂ 7 ਮਈ ਅਤੇ 13 ਮਈ ਦੀਆਂ ਲੋਕ ਸਭਾ ਚੋਣਾਂ ਵਿੱਚ ਉੱਚੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਆਪੋ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਨ।