ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਤੇ ਨਗਰ ਕੀਰਤਨ ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਉਪਰੰਤ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਆਰੰਭ ਹੋ ਕੇ ਚਾਂਦਨੀ ਚੌਂਕ, ਫਤਿਹਪੁਰੀ, ਖਾਰੀ ਬਾਉਲੀ,ਲਹੌਰੀ ਗੇਟ ਕੁਤਬ ਰੋਡ, ਤੇਲੀਵਾੜਾ,ਆਜ਼ਾਦ ਮਾਰਕਿਟ, ਪੁੱਲ ਬੰਗਸ,ਰੌਸ਼ਨਆਰਾ ਰੋਡ,ਘੰਟਾਘਰ, ਰਾਣਾ ਪ੍ਰਤਾਪ ਬਾਗ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਪਿਆਓ ਪਹੁੰਚਿਆ।
ਇਸ ਮੌਕੇ ਭਜਨ ਸਿੰਘ ਵਾਲੀਆ ਨੇ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਸਮੇਂ ਗੁਰੁ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਦੇਸ਼ ਵਿੱਚ ਲੁੱਟ ਖਸੁੱਟ ਤੇ ਜਬਰ ਜੁਲਮ ਜੋਰਾਂ ਤੇ ਸੀ। ਗੁਰੁ ਨਾਨਕ ਦੇਵ ਜੀ ਨੇ ਇਹ ਮਹਿਸੂਸ ਕੀਤਾ ਕਿ ਪਰਜਾ ਵਿੱਚੋਂ ਜਾਤ-ਪਾਤ ਅਤੇ ਊਚ-ਨੀਚ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸਤਰੀ ਜਾਤੀ ਦੇ ਵੀ ਹੱਕ ਵਿੱਚ ਆਵਾਜ਼ ਉਠਾਈ। ਉਨ੍ਹਾਂ ਨੇ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਕੇ ਲੋਕਾਂ ਨੂੰ ਸਿੱਧਾ ਰਸਤਾ ਵਿਖਾਇਆ। ਗੁਰੁ ਜੀ ਨੇ ਲੋਕਾਂ ਨੂੰ ਹੱਥੀਂ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜੱਪਣ ਦੀ ਪ੍ਰੇਰਨਾ ਦਿੱਤੀ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ,ਗੁਰੁ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰ, ਬੈਂਡ ਵਾਜੇ ਅਤੇ ਖਾਲਸਾ ਸਕੂਲਾਂ ਦੇ ਬੱਚੇ ਬੈਂਡ ਵਾਜਿਆਂ ਸਮੇਤ ਨਗਰ ਕੀਤਰਨ ਦੀ ਸੋਭਾ ਵਧਾ ਰਹੇ ਸਨ।ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜੈ ਸ਼ਸਤਰਾਂ ਰਾਹੀਂ ਆਪਣੀ ਕਲਾਂ ਦੇ ਜੌਹਰ ਵਿਖਾ ਰਹੇ ਸਨ।
ਸ੍ਰੀ ਗੁਰੁ ਗਰੰਥ ਸਾਹਿਬ ਦੀ ਸਵਾਰੀ ਦੇ ਸਵਾਗਤ ਵਿੱਚ ਜਗ੍ਹਾ ਜਗ੍ਹਾ ਗੁਰੁ ਮਹਾਰਾਜ ਦੇ ਸਤਿਕਾਰ ਲਈ ਇਲਾਕੇ ਦੀਆਂ ਸੰਗਤਾਂ ਨੇ ਸਵਾਗਤੀ ਗੇਟ ਬਣਾਏ ਹੋਏ ਸਨ। ਸ਼ਬਦ ਕੀਰਤਨੀ ਜੱਥੇ ਤੇ ਅਖੰਡ ਕੀਰਤਨੀ ਜੱਥੇ ਸੰਗਤਾਂ ਨੂੰ ਨਾਮ ਸਿਮਰਨ ਕਰਵਾ ਰਹੇ ਸਨ।ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ।