ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਨੇਡਾ ਰਹਿੰਦੇ ਉਘੇ ਪੰਜਾਬੀ ਕਵੀ ਜਗਜੀਤ ਸੰਧੂ ਦੀ ਪਲੇਠੀ ਕਿਤਾਬ ‘ਬਾਰੀ ਕੋਲ ਬੈਠਿਆਂ’ ਨੂੰ ਸ਼ਬਦ ਲੋਕ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ, ਜਗਜੀਤ ਸੰਧੂ ਹੁਰਾਂ ਦੇ ਮਾਤਾ ਸ਼੍ਰੀਮਤੀ ਬਲਵਿੰਦਰ ਕੌਰ ਸੰਧੂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਜਗਜੀਤ ਸਿੰਘ, ਉਘੇ ਅਲੋਚਕ ਅਤੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਮੌਕੇ ਕਿਤਾਬ ਬਾਰੇ ਡਾ. ਜਗਜੀਤ ਸਿੰਘ ਨੇ ਕੁੰਜੀਵਤ ਭਾਸ਼ਣ ਅਤੇ ਖੋਜ ਪੱਤਰ ਪੇਸ਼ ਕੀਤਾ। ਉਨ੍ਹਾਂ ਇਸ ਕਿਤਾਬ ਬਾਰੇ ਕਿਹਾ ਕਿ ਇਸ ਕਿਤਾਬ ਵਿਚ ਨਬੀਅਤ ਦੇ ਚਿੰਨ੍ਹ ਮਿਲਦੇ ਹਨ ਅਤੇ ਇਹ ਕਿਸੇ ਪ੍ਰਵਾਸੀ ਪੰਜਾਬੀ ਵੱਲੋਂ ਲਿਖੀ ਗਈ ਹੇਰਵਾ ਮੁਕਤ ਕਵਿਤਾ ਹੈ। ਕਵੀ ਅਸਹਿਜਤਾ ਤੋਂ ਸਹਿਜਤਾ ਵੱਲ ਆਉਣਾ ਚਾਹੁੰਦਾ ਹੈ, ਕਵੀ ਦਾ ਸੰਵਾਦ ਇਗੋ ਨਾਲ ਹੋ ਰਿਹਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਕਵਿਤਾ ਵਿਚ ਮੁਕਤੀ ਜ਼ਰੂਰੀ ਹੁੰਦੀ ਹੈ ਅਤੇ ਇਹ ਕਵਿਤਾਵਾਂ ਵੀ ਤਣਾਅ ਦੀਆਂ ਕਵਿਤਾਵਾਂ ਬਣ ਕੇ ਪਾਠਕ ਨੂੰ ਆਪਣੇ ਵੱਲ ਖਿੱਚਦੀਆਂ ਹਨ। ਉਨ੍ਹਾਂ ਕਿਹਾ ਕਿ ਜਗਜੀਤ ਸੰਧੂ ਦੀਆਂ ਨਜ਼ਮਾਂ ਅਤੇ ਪ੍ਰਗੀਤਾਂ ਵਿਚ ਸਮੇਂ ਦੀ ਚੇਤਨਾ ਹੈ, ਵਿਛੜਨ ਦੀ ਮਜ਼ਬੂਰੀ ਹੈ ਅਤੇ ਚਾਹਤ ਤੇ ਅਣਚਾਹਤ ਦੀ ਕਹਾਣੀ ਹੈ। ਇਸ ਮੌਕੇ ਉਘੇ ਆਲੋਚਕ ਅਮਰਜੀਤ ਸਿੰਘ ਗਰੇਵਾਲ ਨੇ ਜਗਜੀਤ ਦੀ ਕਵਿਤਾ ਨੂੰ ਪਾਰ ਰਾਸ਼ਟਰੀਅਤਾ ਦੀ ਕਵਿਤਾ ਦੱਸਿਆ ਅਤੇ ਕਿਹਾ ਕਿ ਲੇਖਕ ਦੇ ਸ਼ਬਦਾਂ ਵਿਚ ਕਵਿਤਾ ਚੇਤਨ ਜੀਵ ਹੈ ਅਤੇ ਇਸ ਦੇ ਵੀ ਹੱਥ ਪੈਰ ਬੰਨ੍ਹ ਕੇ ਇਸ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਪਰ ਸਾਹਿਤ ਆਲੋਚਨਾ ਅਧਿਐਨ ਦੀ ਅਕਾਦਮਿਕ ਸਥਾਪਨਾ ਕਵਿਤਾ/ਸਾਹਿਤ ਨੂੰ ਆਪਣੇ ਵਿਚਾਰਧਾਰਕ ਚੌਖਟਿਆਂ ਅਤੇ ਸੁਹਜ ਮੁੱਲਾਂ ਮੁਤਾਬਿਕ ਦੇਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਆਪਣੀ ਦੁਨੀਆ ਨੂੰ ਸੰਬੋਧਤ ਹੁੰਦੇ ਸਮੇਂ ਲੇਖਕ ਆਪਣੇ ਆਪੇ ਅਤੇ ਆਪਣੀ ਦੁਨੀਆ ਨਾਲੋਂ ਅਲੱਗ ਕਰਦਿਆਂ ਸਪਸ਼ਟ ਕਰ ਦਿੰਦਾ ਹੈ ਕਿ ਬਾਹਰੀ ਦੁਨੀਆ ਦੇ ਨਿਰਮਾਣ ਵਿਚ ਉਸ ਦੇ ਆਪੇ ਦਾ ਕੋਈ ਦਖਲ ਨਹੀਂ ਹੁੰਦਾ। ਉਨ੍ਹਾਂ ਨੇ ਜਗਜੀਤ ਦੀ ਨਜ਼ਮ- ‘ਪਰਵਤ ਕੰਦਰ, ਕਣ ਕਣ ਅੰਦਰ, ਕਾਇਨਾਤ, ਨਸ਼ਿਆਈ ਬੋਲੇ, ਮੈਂ ਨਾ ਬੋਲਾਂ’ ਦੀ ਚਰਚਾ ਵੀ ਕੀਤੀ।
ਇਸ ਮੌਕੇ ’ਤੇ ਉਘੇ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਜਗਜੀਤ ਸੰਧੂ ਨੂੰ ਆਪਣੀ ਪਲੇਠੀ ਪੁਸਤਕ ਜਿਸ ਵਿਚ ਉਸ ਦੀਆਂ ਤਕਰੀਬਨ 20 ਸਾਲ ਦੀਆਂ ਨਜ਼ਮਾਂ ਵਿਚੋਂ ਕੁਝ ਚੋਣਵੀਆਂ ਨਜ਼ਮਾਂ ਸ਼ਾਮਲ ਨੇ, ਲਈ ਵਧਾਈ ਦਿੱਤੀ ਅਤੇ ਕਿਹਾ ਕਿ ਲੇਖਕ ਨੂੰ ਹਰ ਵੇਲੇ ਆਪਣੇ ਆਲੇ ਦੁਆਲੇ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਗਜੀਤ ਦੀਆਂ ਨਜ਼ਮਾਂ ਦੀ ਇਸ ਕਿਤਾਬ ਨੂੰ ਵਧੀਆ ਕਵਿਤਾ ਦੀਆਂ ਕਿਤਾਬਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ। ਹਰਲੀਨ ਸੋਨਾ ਨੇ ਇਸ ਕਿਤਾਬ ਬਾਰੇ ਆਪਣੇ ਤੌਰ ’ਤੇ ਇਕ ਪਾਠਕ ਵਜੋਂ ਇਸ ਕਿਤਾਬ ਨੂੰ ਸਲਾਹਿਆ ਅਤੇ ਜਗਜੀਤ ਦੀ ਨਜ਼ਮ – ਜਦ ਵੀ ਕਲਮ ਦੁਆਤ ਵਰਤ ਕੇ ਹਟਦਾ ਹਾਂ, ਸ਼ਬਦਾਂ ਦੇ ਸੰਗ ਖੇਡ ਪਰਚ ਕੇ ਹਟਦਾ ਹਾਂ, ਬੜਾ ਅਨੋਖਾ ਲੇਖਾ ਜੋਖਾ ਹੁੰਦਾ ਹੈ, ਮਨ ਉਜਲਾ ਹੱਥ ਕਾਲੇ ਕਾਲੇ ਹੋ ਜਾਂਦੇ’ ਦੀ ਵਿਸ਼ੇਸ਼ ਚਰਚਾ ਕੀਤੀ।
ਬਹਿਸ ਵਿਚ ਹਿੱਸਾ ਲੈਂਦਿਆਂ ਉਘੇ ਨਾਵਲਕਾਰ ਜਰਨੈਲ ਖੋਸਾ, ਜਸਵੰਤ ਜ਼ਫਰ, ਸਵਰਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਹਰੀ ਸਿੰਘ ਢੁੱਡੀਕੇ ਅਤੇ ਹੋਰਨਾਂ ਨੇ ਜਗਜੀਤ ਸੰਧੂ ਦੀਆਂ ਕਵਿਤਾਵਾਂ ‘ਪਰਵਤ ਕੰਦਰ, ਸੁਫਨੇ ਜੋਗੀ ਨੀਂਦਰ, ਸਿਵਿਆਂ ਦੇ ਵਿਚ, ਜਦੋਂ ਲਿਖਦਾਂ ਹਾਂ, ਚਿਪਕੇ ਹੋਏ, ਜ਼ਿੰਦਗੀ ਦੀ ਪੀੜ ਪੜ੍ਹ ਕੇ, ਫਿਰ ਨਾ ਮੈਨੂੰ ਕਦੀ, 6 ਤੋਂ 6, ਅੱਜ ਵਗੀ ਪੁਰੇ ਦੀ ਵਾ, ਪਲੀਜ਼ ਇੰਜ ਨਾ ਕਰੋ, ਛੋਹਾਂ ਅੰਦਰ, ਜੈ ਨਦੀਨ, ਮੈਥੋਂ ਜਾ ਨਹੀਂ ਹੁੰਦਾ ਅਤੇ ਬਾਰੀ ਕੋਲ ਬੈਠਿਆਂ’ ਬਾਰੇ ਭਰਪੂਰ ਚਰਚਾ ਕੀਤੀ ਅਤੇ ਇਨ੍ਹਾਂ ਕਵਿਤਾਵਾਂ ਨੂੰ ਇਕ ਸੁਲਝੇ ਹੋਏ ਲੇਖਕ ਵੱਲੋਂ ਪੇਸ਼ ਕੀਤੀ ਰਚਨਾ ਦੱਸਿਆ।
ਸਟੇਜ ਸੰਚਾਲਨ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਉਘੇ ਕਵੀ ਅਤੇ ਫੋਟੋ ਆਰਟਿਸਟ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਵੱਲੋਂ ਨਿਭਾਈ ਗਈ। ਉਨ੍ਹਾਂ ਪ੍ਰੋਗਰਾਮ ਦੇ ਸ਼ੁਰੂ ਵਿਚ ਜਗਜੀਤ ਸੰਧੂ ਦੇ ਜੀਵਨ, ਪ੍ਰਵਾਸ, ਲੇਖਣੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬਿਤਾਏ ਸਮੇਂ ਅਤੇ ਉਨ੍ਹਾਂ ਨੂੰ ਸਮੇਂ ਸਮੇਂ ’ਤੇ ਸੇਧ ਦੇਣ ਵਾਲੀਆਂ ਸ਼ਖਸੀਅਤਾਂ ਬਾਰੇ ਜਾਣਕਾਰੀ ਦਿੱਤੀ। ਜਗਜੀਤ ਸੰਧੂ ਨੇ ਆਪਣੇ ਜੀਵਨ ਦੀਆਂ ਕੁਝ ਤਸਵੀਰਾਂ ਵੀ ਇਸ ਮੌਕੇ ਪ੍ਰੋਜੈਕਟਰ ਰਾਹੀਂ ਹਾਜ਼ਰ ਮਹਿਮਾਨਾਂ ਨਾਲ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਬੇਟੇ ਸੁਖਨ ਸੰਧੂ ਨੇ ਕਨੇਡਾ ਤੋਂ ਇੰਟਰਨੈਟ ਦੇ ਜ਼ਰੀਏ ਹਾਜ਼ਰ ਸਰੋਤਿਆਂ ਨਾਲ ਰਾਬਤਾ ਕੀਤਾ ਅਤੇ ਆਪਣਾ ਖੁਸ਼ੀ ਭਰਿਆ ਸੁਨੇਹਾ ਸਾਰਿਆਂ ਨਾਲ ਲਾਈਵ ਸਾਂਝਾ ਕੀਤਾ। ਇਹ ਇਕ ਅਲੱਗ ਹੀ ਕਿਸਮ ਦਾ ਪ੍ਰਭਾਵ ਛੱਡ ਗਿਆ। ਇਸ ਮੌਕੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ 40 ਦੇ ਕਰੀਬ ਮੈਂਬਰ ਵੀ ਸ਼ੁਰੂ ਤੋਂ ਆਖੀਰ ਤੱਕ ਹਾਜ਼ਰ ਰਹੇ ਅਤੇ ਕਈ ਵਿਦਿਆਰਥੀਆਂ ਵੱਲੋਂ ਆਪਣੀਆਂ ਨਜ਼ਮਾਂ ਵੀ ਪੇਸ਼ ਕੀਤੀਆਂ ਗਈਆਂ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਜਿਥੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਸਾਬਕਾ ਮੈਂਬਰ ਰਹੇ ਅਤੇ ਇਸ ਕਿਤਾਬ ਦੇ ਲੇਖਕ ਜਗਜੀਤ ਸੰਧੂ ਨੂੰ ਇਨ੍ਹਾਂ ਖੂਬਸੂਰਤ ਕਵਿਤਾਵਾਂ ਨੂੰ ਪੰਜਾਬੀ ਸਾਹਿਤ ਜਗਤ ਨੂੰ ਭੇਂਟ ਕਰਨ ਲਈ ਵਧਾਈ ਦਿੱਤੀ, ਉਥੇ ਉਨ੍ਹਾਂ ਨੇ ਨੌਜਵਾਨ ਕਵੀਆਂ ਨੂੰ ਸੇਧ ਦੇਣ ਵਾਲੀਆਂ ਬੇਹੱਦ ਮੁੱਲਵਾਨ ਗੱਲਾਂ ਵੀ ਆਪਣੇ ਤਜਰਬੇ ’ਚੋਂ ਸਾਂਝੀਆਂ ਕੀਤੀਆਂ। ਇਸ ਮੌਕੇ ’ਤੇ ਜਗਜੀਤ ਸੰਧੂ ਦੇ ਇਲਾਕੇ ਅਜੀਤਵਾਲ ਅਤੇ ਢੁੱਡੀਕੇ ਤੋਂ ਸਾਹਿਤਕ ਅਤੇ ਸਮਾਜਿਕ ਸ਼ਖਸੀਅਤਾਂ ਸ਼ਾਮਲ ਹੋਈਆਂ। ਇਨ੍ਹਾਂ ਵਿਚ ਡਾ. ਸੁਖਦੇਵ ਸਿੰਘ ਰੂਮੀ, ਦੀਪਕਿਰਨ, ਦਮਿੰਦਰਪਾਲ ਸਿੰਘ, ਪ੍ਰੀਤਕਿਰਨ, ਡਾ. ਮਾਨ ਸਿੰਘ ਤੂਰ, ਗੁਲਜ਼ਾਰ ਪੰਧੇਰ, ਪਰਮਜੀਤ ਸਿੰਘ ਸੋਹਲ, ਗੁਰਚਰਨ ਸਿੰਘ ਢੁੱਡੀਕੇ ਅਤੇ ਹੋਰ ਬਹੁਤ ਸਾਰੇ ਲੇਖਕ ਮਿੱਤਰ ਸ਼ਾਮਲ ਹੋਏ।