ਵਾਸ਼ਿੰਗਟਨ- ਅਮਰੀਕਾ ਨੇ ਦੱਖਣੀ-ਚੀਨ ਸਾਗਰ ਸਬੰਧੀ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੀਜਿੰਗ ਸਮੇਤ ਹੋਰ ਵੀ ਕਈ ਦੇਸ਼ਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ। ਅਮਰੀਕਾ ਅਨੁਸਾਰ ਇਸ ਖੇਤਰ ਕੋਈ ਵੀ ਅਜਿਹਾ ਕਦਮ ਨਾਂ ਉਠਾਇਆ ਜਾਵੇ ਜਿਸ ਨਾਲ ਇਸ ਖਿੱਤੇ ਵਿੱਚ ਤਣਾਅ ਦੀ ਸਥਿਤੀ ਪੈਦਾ ਹੋਵੇ।
ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਈ ਵੀ ਇਕ ਪੱਖੀ ਜਾਂ ਝਗੜੇ ਵਾਲਾ ਕਦਮ ਨਾਂ ਚੁੱਕਿਆ ਜਾਵੇ ਜਿਸ ਨਾਲ ਇਸ ਖੇਤਰ ਵਿੱਚ ਅਸ਼ਾਂਤੀ ਵਾਲਾ ਮਾਹੌਲ ਬਣੇ। ਵਿਭਾਗ ਦਾ ਕਹਿਣਾ ਹੈ ਕਿ ਚੀਨ ਦੇ ਵਿਦੇਸ਼ ਮੰਤਰਾਲੇ ਨਾਲ ਵੀ ਸੰਪਰਕ ਸਾਧਿਆ ਜਾ ਰਿਹਾ ਹੈ ਅਤੇ ਸਥਿਤੀ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।
ਅਮਰੀਕਾ ਦੇ ਰੱਖਿਆ ਮੰਤਰਾਲੇ ਪੈਨਟਾਗਨ ਵੀ ਅੰਤਰਰਾਸ਼ਟਰੀ ਜਲਸੰਧੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਦੁਹਰਾਈ ਹੈ। ਪੈਂਟਾਗਨ ਦੇ ਪਰੈਸ ਸਕੱਤਰ ਜਾਰਜ ਲਿਟਿਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਲ ਖੇਤਰ ਦੇ ਨਜ਼ਦੀਕ ਸਥਿਤ ਕਿਸੇ ਵੀ ਦੇਸ਼ ਦੇ ਲਈ ਉਸ ਦੇ ਪ੍ਰਯੋਗ ਦੀ ਸੁਤੰਤਰਤਾ ਜਰੂਰੀ ਹੈ। ਲਿਓਨ ਪੈਨੇਟਾ ਨੇ ਵੀ ਸਾਰੀਆਂ ਧਿਰਾਂ ਨੂੰ ਇਸ ਸਮੁੰਦਰੀ ਝਗੜਿਆਂ ਦੇ ਹੱਲ ਲਈ ਨਿਰਧਾਰਿਤ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਸੀ।ਪੈਨੇਟਾ ਨੇ ਇਨ੍ਹਾਂ ਨਿਯਮਾਂ ਨੂੰ ਹੋਰ ਵੀ ਮਜਬੂਤ ਕਰਨ ਦੀ ਵਕਾਲਤ ਕੀਤੀ ਸੀ।
ਚੀਨ ਪਿੱਛਲੇ ਲੰਬੇ ਸਮੇਂ ਤੋਂ ਦੱਖਣ-ਚੀਨ ਸਾਗਰ ਵਿੱਚ ਆਉਣ ਵਾਲੇ ਜਲ-ਖੇਤਰ ਤੇ ਆਪਣਾ ਦਾਅਵਾ ਜਤਾਉਂਦਾ ਆ ਰਿਹਾ ਹੈ। ਵੀਅਤਨਾਮ ਅਤੇ ਫਿਲਪਾਈਨ ਨੇ ਚੀਨ ਦੁਆਰਾ ਈ-ਪਾਸਪੋਰਟਾਂ ਤੇ ਵੀ ਵਿਵਾਦਤ ਖੇਤਰ ਨੂੰ ਵਿਖਾਏ ਜਾਣ ਦੀ ਨਿੰਦਿਆ ਕੀਤੀ ਹੈ।